ਬਰਨਾਲਾ, 25 ਮਈ (ਹਰਵਿੰਦਰ ਸਿੰਘ ਕਾਲਾ)
ਸਾਹਿਤ ਸਰਵਰ ਬਰਨਾਲਾ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਐਮੀਨੈਂਸ ਸਕੂਲ ਹੰਡਿਆਇਆ ਬਾਜ਼ਾਰ ਬਰਨਾਲਾ ਵਿਖੇ ਲੋਕ ਕਵੀ ਸੰਤ ਰਾਮ ਉਦਾਸੀ ਦੇ ਚੋਣਵੇਂ ਗੀਤਾਂ ਦੀ ਪੁਸਤਕ ‘ ਸੰਤ ਰਾਮ ਉਦਾਸੀ ਦੇ ਚੋਣਵੇਂ ਗੀਤ ‘ ਤੇ ਗੋਸ਼ਟੀ ਕੀਤੀ ਗਈ ਜਿਸ ਦੀ ਪ੍ਰਧਾਨਗੀ ਪੰਜਾਬੀ ਕਵੀ ਚਰਨਜੀਤ ਸਿੰਘ ਗਿੱਲ ਸਮਾਲਸਰ ਨੇ ਕੀਤੀ।
ਮੁੱਖ ਮਹਿਮਾਨ ਪੰਜਾਬੀ ਦੇ ਨਾਵਲਕਾਰ ਤੇ ਕਹਾਣੀਕਾਰ ਜਸਪਾਲ ਮਾਨਖੇੜਾ ਸਨ।
ਪੁਸਤਕ ‘ਤੇ ਪੇਪਰ ਪੜ੍ਹਦਿਆਂ ਡਾ ਰਾਮਪਾਲ ਸ਼ਾਹਪੁਰੀ ਨੇ ਕਿਹਾ ਕਿ ਕਾਮੇ ਤੇ ਮਜ਼ਦੂਰ ਦਾ ਧਰਤੀ ਨਾਲ ਜਿਸ ਤਰ੍ਹਾਂ ਉਦਾਸੀ ਨੇ ਰਿਸ਼ਤਾ ਗੰਢਿਆ ਹੈ, ਉਸਨੂੰ ਕਿਸੇ ਹੋਰ ਲੇਖਕ ਨੇ ਸ਼ਾਇਦ ਹੀ ਮਹਿਸੂਸ ਕੀਤਾ ਹੋਵੇ।
ਪੜ੍ਹੇ ਗਏ ਪੇਪਰ ‘ਤੇ ਬੂਟਾ ਸਿੰਘ ਚੌਹਾਨ, ਸ਼ਾਇਰ ਤਰਸੇਮ, ਡਾ ਭੁਪਿੰਦਰ ਸਿੰਘ ਬੇਦੀ, ਇਕਬਾਲ ਕੌਰ ਉਦਾਸੀ,ਡਾ ਸੰਪੂਰਨ ਸਿੰਘ ਟੱਲੇਵਾਲੀਆ ਨੇ ਸ਼ਾਹਪੁਰੀ ਦੇ ਪੇਪਰ ਨਾਲ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਉਦਾਸੀ ਦੇ ਅੱਧੀ ਸਦੀ ਪਹਿਲਾਂ ਰਚੇ ਗਏ ਗੀਤ ਅੱਜ ਵੀ ਪ੍ਰਸੰਗਕ ਹਨ।
ਉਨ੍ਹਾਂ ਦੇ ਬਹੁਤ ਸਾਰੇ ਗੀਤ ਲੋਕ ਗੀਤਾਂ ਵਰਗਾ ਦਰਜ਼ਾ ਹਾਸਲ ਕਰ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਉਦਾਸੀ ਦੇ ਗੀਤ ਲੋਕ ਚਿੱਤ ਪ੍ਰਵਾਨ ਚੜ੍ਹਨ ਦਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਕੀਤੇ ਦੇਸ ਪੱਧਰੇ ਸੰਘਰਸ਼ ਦੌਰਾਨ ਉਦਾਸੀ ਦੇ ਹੀ ਗੀਤ ਸਭ ਤੋਂ ਵੱਧ ਗਾਏ ਗਏ।
ਮਾਨਖੇੜਾ ਨੇ ਕਿਹਾ ਕਿ ਸੰਤ ਰਾਮ ਉਦਾਸੀ ਅਤੇ ਪਾਸ਼ ਸਾਡੇ ਦੋਵੇਂ ਮਹਾਨ ਕਵੀ ਹਨ ਪਰ ਕੁੱਝ ਲੋਕ ਇਨ੍ਹਾਂ ਨੂੰ ਜਾਤੀਵਾਦ ਦੇ ਪਰਿਪੇਖ ਵਿਚ ਵੇਖ ਕੇ ਭਰਮ ਭੁਲੇਖੇ ਖੜ੍ਹੇ ਕਰਦੇ ਹਨ, ਜੋ ਨਿੰਦਣਯੋਗ ਹੈ।
ਇਸ ਮੌਕੇ ਹੋਏ ਕਵੀ ਦਰਬਾਰ ਵਿਚ ਪਾਲ ਸਿੰਘ ਲਹਿਰੀ, ਰਘਵੀਰ ਗਿੱਲ ਕੱਟੂ, ਚਰਨੀ ਬੇਦਿਲ, ਅਕ੍ਰਿਤੀ ਕੌਸ਼ਲ, ਲਛਮਣ ਦਾਸ ਮੁਸਾਫ਼ਿਰ ਨੇ ਉਦਾਸੀ ਦੇ ਗੀਤ ਗਾਏ।
ਜਗਜੀਤ ਗੁਰਮ, ਡਾ ਅਮਨਦੀਪ ਸਿੰਘ ਟੱਲੇਵਾਲ, ਡਾ ਸੰਪੂਰਨ ਟੱਲੇਵਾਲ, ਜਗਤਾਰ ਜਜ਼ੀਰਾ, ਦਰਸ਼ਨ ਸਿੰਘ ਚੀਮਾ, ਦਲਬਾਰ ਸਿੰਘ ਫੌਜੀ, ਅਰਮਾਨਪ੍ਰੀਤ, ਕਰਮਜੀਤ ਭੋਤਨਾ ਅਤੇ ਕੁਲਵਿੰਦਰ ਸਿੰਘ ਦਿਲਗੀਰ ਨੇ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ।
ਸਟੇਜ ਦਾ ਫ਼ਰਜ਼ ਡਾ ਭੁਪਿੰਦਰ ਸਿੰਘ ਬੇਦੀ ਨੇ ਨਿਭਾਇਆ।
ਅੰਤ ਵਿਚ ਇਕਬਾਲ ਕੌਰ ਉਦਾਸੀ ਨੇ ਸਭਨਾਂ ਦਾ ਧੰਨਵਾਦ ਕੀਤਾ।
Posted By SonyGoyal