ਬਰਨਾਲਾ, 10 ਜੂਨ ( ਸੋਨੀ ਗੋਇਲ)
ਵਧ ਰਹੇ ਤਾਪਮਾਨ ਦੇ ਮੱਦੇਨਜ਼ਰ ਸਿਹਤ ਦਾ ਰੱਖਿਆ ਜਾਵੇ ਧਿਆਨ: ਸਿਵਲ ਸਰਜਨ
ਸਿਹਤ ਵਿਭਾਗ ਬਰਨਾਲਾ ਵੱਲੋਂ ਵਧ ਰਹੇ ਤਾਪਮਾਨ ਦੇ ਮੱਦੇਨਜ਼ਰ ਸਲਾਹਕਾਰੀ ਜਾਰੀ ਕੀਤੀ ਗਈ ਹੈ। ਉਚ ਤਾਪਮਾਨ ਸਰੀਰ ਦੀ ਤਾਪਮਾਨ ਨਿਯੰਤਰਣ ਪ੍ਰਣਾਲੀ ਨੂੰ ਵਿਗਾੜਦਾ ਹੈ ਤੇ ਗਰਮੀ ਨਾਲ ਸਬੰਧਿਤ ਬਹੁਤ ਸਾਰੀਆਂ ਬਿਮਾਰੀਆਂ ਦਾ ਖਤਰਾ ਬਣਿਆ ਰਹਿੰਦਾ ਹੈ। ਸਿਵਲ ਸਰਜਨ ਬਰਨਾਲਾ ਡਾ. ਬਲਜੀਤ ਸਿੰਘ ਵੱਲੋਂ ਇਹ ਪ੍ਰਗਟਾਵਾ ਸਿਹਤ ਸਬੰਧੀ ਸਲਾਹਕਾਰੀ ਜਾਰੀ ਕਰਨ ਸਮੇਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਵੀ ਸਿਹਤ ਸਮੱਸਿਆ ਹੋਵੇ ਤਾਂ ਤੁਰੰਤ ਡਾਕਟਰੀ ਸਲਾਹ ਅਨੁਸਾਰ ਇਲਾਜ ਕਰਵਾਉਣਾ ਚਾਹੀਦਾ ਹੈ। ਜ਼ਿਲ੍ਹਾ ਐਪੀਡਿਮਾਲੋਜਿਸਟ ਡਾ. ਮੁਨੀਸ਼ ਕੁਮਾਰ ਨੇ ਦੱਸਿਆ ਕਿ ਉਚ ਤਾਪਮਾਨ ਦੇ ਕਾਰਨ ਫੂਡ ਪੁਆਇਜ਼ਨਿੰਗ ਦੀ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਹੈ ਇਸ ਲਈ ਸਾਨੂੰ ਇਸ ਮੌਸਮ ਦੌਰਾਨ ਵੱਧ ਤੋਂ ਵੱਧ ਤਾਜ਼ੇ ਫਲ ਖਾਣੇ ਚਾਹੀਦੇ ਹਨ, ਬਾਜ਼ਾਰ ਦੇ ਖੁੱਲ੍ਹੇ ਭੋਜਨ, ਤਲੀਆਂ ਚੀਜ਼ਾਂ, ਮਸਾਲੇਦਾਰ ਭੋਜਨ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਅਤੇ ਤੰਬਾਕੂ ਪਦਾਰਥਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ । ਉਨ੍ਹਾਂ ਕਿਹਾ ਕਿ ਅਜਿਹੇ ਫ਼ਲ ਅਤੇ ਸਬਜ਼ੀਆਂ ਨੂੰ ਭੋਜਨ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ ਜਿਨ੍ਹਾਂ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੋਵੇ ਜਿਵੇਂ ਖੀਰਾ, ਤਰਬੂਜ, ਅੰਬ, ਲੀਚੀ ਅਤੇ ਲੌਕੀ, ਇਹ ਸਾਰੀਆਂ ਚੀਜ਼ਾਂ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਸਰੀਰ ਵਿਚ ਪਾਣੀ ਦੀ ਕਮੀ ਨਹੀਂ ਹੁੰਦੀ। ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਕੁਲਦੀਪ ਸਿੰਘ ਮਾਨ ਅਤੇ ਜ਼ਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਹਰਜੀਤ ਸਿੰਘ ਨੇ ਦੱਸਿਆ ਕਿ ਵਧ ਰਹੇ ਤਾਪਮਾਨ ਕਾਰਨ ਨਵਜੰਮੇ ਬੱਚੇ, ਛੋਟੇ ਬੱਚੇ, ਗਰਭਵਤੀ ਔਰਤਾਂ, 65 ਸਾਲ ਜਾਂ ਵੱਧ ਉਮਰ ਦੇ ਬਜ਼ੁਰਗ, ਮਜ਼ਦੂਰ, ਮੋਟਾਪੇ ਤੋਂ ਪੀੜਤ ਵਿਅਕਤੀ ਅਤੇ ਪੁਰਾਣੀਆਂ ਬਿਮਾਰੀਆਂ ਤੋਂ ਪੀੜਤਾਂ ਨੂੰ ਵਧੇਰੇ ਖਤਰਾ ਹੁੰਦਾ ਹੈ ।
ਉਨ੍ਹਾਂ ਦੱਸਿਆ ਕਿ ਘਰ ਤੋਂ ਬਾਹਰ ਦੇ ਕੰਮ ਦਿਨ ਦੇ ਠੰਡੇ ਸਮੇਂ ਜਿਵੇਂ ਕਿ ਸਵੇਰ ਅਤੇ ਸ਼ਾਮ ਵਿੱਚ ਕੀਤੇ ਜਾਣੇ ਚਾਹੀਦੇ ਹਨ। ਪਿਆਸ ਨਾ ਲੱਗਣ ‘ਤੇ ਵੀ ਹਰ ਅੱਧੇ ਘੰਟੇ ਬਾਅਦ ਪਾਣੀ ਪੀਓ। ਬਾਹਰ ਕੰਮ ਕਰਦੇ ਸਮੇਂ ਹਲਕੇ ਰੰਗ ਦੇ ਪੂਰੀ ਬਾਹਾਂ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕੋਸ਼ਿਸ਼ ਕਰੋ ਕਿ ਗਰਮੀਆਂ ਵਿੱਚ ਸਿਰਫ਼ ਸੂਤੀ ਕੱਪੜੇ ਹੀ ਪਾਏ ਜਾਣ। ਸਿੱਧੀ ਧੁੱਪ ਤੋਂ ਆਪਣੇ ਸਿਰ ਨੂੰ ਢੱਕਣ ਲਈ ਛੱਤਰੀ, ਟੋਪੀ, ਤੌਲੀਆ, ਪੱਗ ਜਾਂ ਦੁਪੱਟੇ ਦੀ ਵਰਤੋਂ ਕਰਨੀ ਚਾਹੀਦੀ ਹੈ। ਨੰਗੇ ਪੈਰੀਂ ਬਾਹਰ ਨਾ ਨਿਕਲੋ, ਧੁੱਪ ਵਿਚ ਬਾਹਰ ਜਾਣ ਵੇਲੇ ਹਮੇਸ਼ਾ ਜੁੱਤੀ ਜਾਂ ਚੱਪਲਾਂ ਪਾਓ। ਧੁੱਪ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਸਰੀਰ ਦਾ ਤਾਪਮਾਨ ਸਹੀ ਬਰਕਰਾਰ ਰੱਖਣ ਲਈ ਛਾਂ ਵਿਚ ਆਰਾਮ ਕਰਨਾ ਚਾਹੀਦਾ ਹੈ ਜਾਂ ਸਿਰ ‘ਤੇ ਗਿੱਲਾ ਕੱਪੜਾ ਰੱਖਣਾ ਚਾਹੀਦਾ ਹੈ। ਧੁੱਪ ਵਿਚ ਨਿਕਲਦੇ ਸਮੇਂ ਹਮੇਸ਼ਾ ਪਾਣੀ ਨਾਲ ਰੱਖੋ।
Posted By Gaganjot Goyal