ਗੋਨਿਆਣਾ (ਬਾਣੀ ਨਿਊਜ)
ਅੱਜ ਪੰਜਾਬ ਦੇ ਜਿਸ ਤਰ੍ਹਾਂ ਦੇ ਹਾਲਾਤ ਹਨ, ਇਸ ਤੋਂ ਜਾਪ ਰਿਹਾ ਹੈ ਕਿ ਪੰਜਾਬ ਹੁਣ ਪੁਲਿਸ ਸਟੇਟ ਬਣ ਚੁੱਕਾ ਹੈ। ਪੁਲਿਸ ਆਪਣੀ ਮਨ ਮਰਜ਼ੀ ਮੁਤਾਬਿਕ ਫੈਸਲੇ ਲੈ ਕੇ ਧੜਾ ਧੜ ਆਮ ਬੰਦਿਆਂ ਤੇ ਕੇਸ ਪਾ ਕੇ ਅਤੇ ਉਹਨਾਂ ਨੂੰ ਥਾਣਿਆਂ ਵਿੱਚ ਲਿਜਾ ਕੇ ਉਹਨਾਂ ਦਾ ਕਤਲ ਕੀਤਾ ਜਾ ਰਿਹਾ ਹੈ। ਇਹ ਕੋਈ ਇੱਕ ਮਾਮਲਾ ਨਹੀਂ ਹੈ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਸੂਬੇ ਵਿੱਚ ਸਾਹਮਣੇ ਆਏ ਹਨ। ਹੁਣ ਪੰਜਾਬ ਦੇ ਲੋਕ ਆਪਣੇ ਆਪ ਨੂੰ ਹੀ ਇਸ ਸੂਬੇ ਵਿੱਚ ਡਰਿਆ ਡਰਿਆ ਮਹਿਸੂਸ ਕਰ ਰਹੇ ਹਨ।’ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੁਖਪਾਲ ਸਿੰਘ ਖਹਿਰਾ ਕੌਮੀ ਪ੍ਰਧਾਨ ਕਿਸਾਨ ਵਿੰਗ ਕਾਂਗਰਸ ਨੇ ਮ੍ਰਿਤਕ ਨਰਿੰਦਰ ਦੀਪ ਸਿੰਘ ਨੰਨੂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਸਮੇਂ ਕੀਤਾ। ਉਹਨਾਂ ਪੀੜਿਤ ਪਰਿਵਾਰ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਮੈਂ ਤੁਹਾਡੇ ਨਾਲ ਖੜਾ ਹਾਂ ਜਿੱਥੇ ਤੁਹਾਨੂੰ ਮੇਰੀ ਮਦਦ ਦੀ ਜ਼ਰੂਰਤ ਹੋਵੇਗੀ ਮੈਂ ਤੁਹਾਡੇ ਮੋਢੇ ਨਾਲ ਲਾ ਕੇ ਮੋਢਾ ਖੜ੍ਹਾਂਗਾ। ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਉਕਤ ਘਟਨਾ ਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਕਿ ਇਸ ਕੇਸ ਵਿੱਚ ਸਬੰਧਤ ਹਰ ਇੱਕ ਲੋੜੀਂਦੇ ਅਫਸਰ ਖਿਲਾਫ ਕੇਸ ਦਰਜ ਹੋਵੇ। ਉਹਨਾਂ ਕਿਹਾ ਅੱਜ 31 ਮਈ ਹੈ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪੁਲਿਸ ਮੁਖੀ ਨੇ ਐਲਾਨ ਕੀਤਾ ਸੀ ਕਿ ਅਸੀਂ 31 ਮਈ ਤੱਕ ਸੂਬੇ ਵਿੱਚੋਂ ਨਸ਼ੇ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰ ਦੇਵਾਂਗੇ ਪਰ ਅਜਿਹਾ ਨਹੀਂ ਹੋ ਰਿਹਾ। ਅੱਜ ਵੀ ਇੱਕ ਨੌਜਵਾਨ ਕੇਸ ਨਸ਼ੇ ਦੀ ਓਵਰਡੋਜ਼ ਕਾਰਨ ਆਪਣੀ ਜਾਨ ਤੋਂ ਹੱਥ ਧੋ ਬੈਠਾ ਹੈ ਅਜਿਹੇ ਹੀ ਅਨੇਕਾਂ ਕੇਸ ਰੋਜ਼ਾਨਾ ਸਾਹਮਣੇ ਆਉਂਦੇ ਹਨ ਜਿਨਾਂ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋ ਰਹੀ ਹੈ। ਮਾਨ ਸਰਕਾਰ ਪੂਰੀ ਤਰ੍ਹਾਂ ਨਾਲ ਫੇਲ੍ਹ ਹੋ ਚੁੱਕੀ ਹੈ। ਇਸ ਸਮੇਂ ਸਾਰੀਆਂ ਵਿਰੋਧੀਆਂ ਧਿਰਾਂ ਦੇ ਆਗੂ ਵੀ ਸਹਿਮੇ-ਸਹਿਮੇ ਮਹਿਸੂਸ ਕਰ ਰਹੇ ਹਨ ਕਿਉਂਕਿ ਪੁਲਿਸ ਉਹਨਾਂ ਦੇ ਖਿਲਾਫ ਵੀ ਨਾਜਾਇਜ਼ ਕਾਰਵਾਈਆਂ ਕਰ ਰਹੀ ਹੈ, ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ। ਉਹਨਾਂ ਇਹ ਵੀ ਕਿਹਾ ਇਸ ਕੇਸ ਵਿੱਚ ਜੋ ਪੁਲਿਸ ਨੇ ਕਤਲ ਕੀਤਾ ਹੈ ਇਸ ਦੀ ਧਾਰਾ ਆਮ ਜਿਹੀ ਲਗਾ ਦਿੱਤੀ ਹੈ ਤਾਂ ਜੋ ਕਿ ਆਪਣੇ ਪੁਲਿਸ ਮੁਲਾਜ਼ਮਾਂ ਨੂੰ ਬਚਾਇਆ ਜਾ ਸਕੇ।
ਉਹਨਾਂ ਇਹ ਵੀ ਮੰਗ ਕੀਤੀ ਹੈ ਕਿ ਦੋਸ਼ੀ ਪੁਲਿਸ ਉੱਚ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਜਾਵੇ ਅਤੇ ਗ੍ਰਿਫਤਾਰੀਆਂ ਕੀਤੀਆਂ ਜਾਣ ਤੇ ਮ੍ਰਿਤਕ ਦੀ ਪਤਨੀ ਨੂੰ ਸਰਕਾਰੀ ਨੌਕਰੀ ਅਤੇ ਇਕ ਕਰੋੜ ਰੁਪਏ ਦੀ ਮਾਲੀ ਮਦਦ ਕੀਤੀ ਜਾਵੇ। ਇਸ ਮੌਕੇ ਉਹਨਾਂ ਨਾਲ, ਜਗਦੇਵ ਸਿੰਘ ਕਮਾਲੂ ਸਾਬਕਾ ਵਿਧਾਇਕ, ਟਹਿਲ ਸਿੰਘ ਸੰਧੂ ਸੀਨੀਅਰ ਕਾਂਗਰਸੀ ਆਗੂ, ਪੰਜਾਬ ਪ੍ਰਧਾਨ ਚਰਨਜੀਤ ਸਿੰਘ ਮਿੱਠਾ, ਗੁਰਪ੍ਰੀਤ ਸਿੰਘ ਗਿੱਲ ਪਤੀ ਜ਼ਿਲਾ ਪ੍ਰਧਾਨ ਕਿਸਾਨ ਵਿੰਗ, ਕੁਲਵਿੰਦਰ ਸਿੰਘ ਗਰੇਵਾਲ ਖੇਮੂਆਣਾ,ਹਰਦੀਪ ਸਿੰਘ ਗੋਨੀ ਸਰਾ ਪ੍ਰਧਾਨ ਕੋਆਪਰੇਟਿਵ ਸੋਸਾਇਟੀ ਬਲਾਹੜ ਵਿੰਝੂ, ਗੁਰਪਿਆਰ ਸਿੰਘ ਗੰਗਾ ਸੂਬਾ ਸਕੱਤਰ, ਨਰਿੰਜਨ ਸਿੰਘ ਜੀਦਾ ਜ਼ਿਲਾ ਮੀਤ ਪ੍ਰਧਾਨ, ਮਨਜੀਤ ਸਿੰਘ ਕੋਟਫਤਾ, ਅਮਰਿੰਦਰ ਸਿੰਘ ਜ਼ਿਲਾ ਪ੍ਰਧਾਨ ਸ਼ਹਿਰੀ ਅਤੇ ਹੋਰ ਪਤਵੰਤੇ ਸੱਜਣ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
Posted By SonyGoyal