ਮਹਿਲ ਕਲਾਂ, 04 ਜੂਨ ( ਸੋਨੀ ਗੋਇਲ )
ਕਿਸ਼ੋਰ ਅਵਸਥਾ ਦੀਆਂ ਸਮੱਸਿਆਵਾਂ ਦੇ ਇਲਾਜ ਲਈ ਉਮੰਗ ਕਲੀਨਿਕ ਬਿਹਤਰੀਨ ਉਪਰਾਲਾ: ਐਸ ਐਮ ਓ ਗੁਰਤੇਜਿੰਦਰ ਕੌਰ
ਸਿਵਲ ਸਰਜਨ ਬਰਨਾਲਾ ਡਾ. ਬਲਜੀਤ ਸਿੰਘ ਦੇ ਦਿਸ਼ਾ – ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਮਹਿਲ ਕਲਾਂ ਡਾ. ਗੁਰਤੇਜਿੰਦਰ ਕੌਰ ਦੀ ਅਗਵਾਈ ਹੇਠ ਅੱਜ ਮਹਿਲ ਕਲਾਂ ਹਸਪਤਾਲ ਵਿਖੇ ਸਥਿਤ ਉਮੰਗ ਕਲੀਨਿਕ ਵਿਖੇ ਇੱਕ ਵਿਸ਼ੇਸ਼ ਚੈਕਅਪ ਅਤੇ ਕਾਉਂਸਲਿੰਗ ਕੈਂਪ ਲਾਇਆ ਗਿਆ।
ਇਸ ਦੌਰਾਨ 10-19 ਸਾਲ ਦੇ ਕਿਸ਼ੋਰ ਬੱਚਿਆਂ ਨੂੰ ਇਸ ਉਮਰ ਵਿੱਚ ਆਉਣ ਵਾਲੇ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਬਦਲਾਅ ਕਾਰਨ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਚੈੱਕਅਪ ਵੀ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਕੁਲਜੀਤ ਸਿੰਘ ਨੇ ਦੱਸਿਆ ਉਮੰਗ ਕਲੀਨਿਕ ਸਿਹਤ ਵਿਭਾਗ ਦਾ ਇੱਕ ਬਹੁਤ ਹੀ ਮਹੱਤਵਪੂਰਨ ਪ੍ਰੋਗਰਾਮ ਹੈ ਜਿਸ ਤਹਿਤ 10-19 ਸਾਲ ਦੇ ਬੱਚਿਆਂ ਦੀਆਂ ਸਮਸਿਆਵਾਂ ਜਿਵੇਂ ਕਿ ਸਰੀਰ ਵਿੱਚ ਆਉਣ ਵਾਲੇ ਬਦਲਾਅ, ਪ੍ਰਜਣਨ ਸਬੰਧੀ, ਮਾਹਵਾਰੀ ਦੀਆਂ ਸਮੱਸਿਆਵਾਂ, ਪੋਸ਼ਣ, ਨਸ਼ੇ, ਭਾਵਨਾਤਮਕ ਸਮੱਸਿਆਵਾਂ ਜਿਵੇਂ ਗੁੱਸਾ, ਡਿਪ੍ਰੈਸ਼ਨ, ਹਿੰਸਕ ਵਿਚਾਰ ਅਤੇ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਇਲਾਜ ਮਾਹਿਰ ਡਾਕਟਰਾਂ, ਕਾਉਂਸਲਰਾਂ ਅਤੇ ਏਐਨਐਮ ਦੀ ਮਦਦ ਨਾਲ ਕੀਤਾ ਜਾਂਦਾ ਹੈ। ਇਸ ਮੌਕੇ ਫਾਰਮਾਸਿਸਟ ਸੁਖਪਾਲ ਸਿੰਘ, ਸਟਾਫ਼ ਨਰਸ ਆਲਮ ਜੋਤ ਕੌਰ ਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।
Posted By Gaganjot Goyal