*ਆਖਰ ਇਸ ਵਿੱਚ ਅਸਲ ਸੱਚਾਈ ਕਿ ਹੈ ਜਾ ਵੋਟਰਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਜਾ ਵੋਟਾਂ ਲੈਣ ਲਈ ਭਰਮਾਇਆ ਜਾ ਰਿਹਾ ਹੈ ਆਖਰ ਕਿਸੇ ਕੋਲ ਜਵਾਬ ਹੈ?*


*ਸਿਆਣੀਆ ਦੀ ਕਹਾਵਤ ਸਹੀ ਦੀਵੇ ਥੱਲੇ ਹਮੇਸ਼ਾ ਹੀ ਹਨੇਰਾ ਹੁੰਦਾ ਹੈ*


ਨਵਾਂ ਸ਼ਹਿਰ (ਜਤਿੰਦਰ ਪਾਲ ਸਿੰਘ ਕਲੇਰ)ਪੰਜਾਬ ਵਿਚ ਜਦ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਭ੍ਰਿਸ਼ਟਾਚਾਰ ਸਮਾਪਤ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਅਤੇ ਭ੍ਰਿਸ਼ਟਾਚਾਰ ਦੀ ਬਰਦਾਸ਼ਤ ਸ਼ਕਤੀ ਜੀਰੋ ਦੱਸੀ ਜਾ ਰਹੀ ਹੈ। ਪਿਛਲੇ ਦਿਨੀਂ  ਜਦੋਂ ਜਲੰਧਰ ਦਾ ਇਕ ਵਿਧਾਇਕ ਰਮਨ ਅਰੋੜਾ ਪੰਜਾਬ ਵਿਜ਼ੀਲੈਂਸ ਬਿਊਰੋ ਨੇ ਨੋਟਾਂ ਸਮੇਤ ਕਾਬੂ ਕੀਤਾ ਤਾਂ ਸ਼ਾਮ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਿਆਨ ਕਾਂ ਮਾਰ ਕੇ ਟੰਗਣ ਵਾਲਾ ਸੀ।
ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰੀ ਚਾਹੇ ਸਾਡਾ ਹੋਵੇ ਜਾਂ ਬੇਗਾਨਾ, ਕਿਸੇ ਨਾਲ ਕੋਈ ਰਿਆਇਤ ਨਹੀਂ ਕੀਤੀ ਜਾਵੇਗੀ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਭ੍ਰਿਸ਼ਟਾਚਾਰ ਬਾਰੇ ਕਿੱਸੇ ਤਾਂ ਸਾਰਾ ਸਾਲ ਹੀ ਸੁਣਨ ਨੂੰ ਮਿਲਦੇ ਹਨ ਪਰ ਗਿ੍ਫ਼ਤਾਰੀ ਐਨ ਕਿਸੇ ਨਾ ਕਿਸੇ ਉਪ ਚੋਣ ਤੋਂ ਪਹਿਲਾਂ ਹੀ ਕੀਤੀ ਜਾਂਦੀ ਹੈ। ਜਦ ਸੰਗਰੂਰ ਲੋਕ ਸਭਾ ਹਲਕੇ ਦੀ ਉਪ ਚੋਣ ਸੀ, ਉਦੋਂ ਵਿਜੇ ਸਿੰਗਲਾ ਨਾਮ ਦਾ ਸਿਹਤ ਮੰਤਰੀ ਫੜਿਆ ਗਿਆ। ਉਸ ਨੂੰ ਮੰਤਰੀ ਪਦ ਤੋਂ ਵਿਹਲਾ ਕਰਕੇ ਘਰ ਤੋਰ ਦਿਤਾ ਅਤੇ ਇਮਾਨਦਾਰੀ ਦਾ ਕਾਸਾ ਹੱਥ ਵਿਚ ਫੜ ਕੇ ਵੋਟਾਂ ਦੀ ਭੀਖ ਮੰਗੀ ਗਈ। 92 ਸੀਟਾਂ ਦੀ ਜਿੱਤ ਤੋਂ ਫ਼ਕਤ ਚੰਦ ਮਹੀਨੇ ਬਾਅਦ ਹੋਈ ਸੰਗਰੂਰ ਚੋਣ ਵਿਚ ਹੀ ਆਮ ਆਦਮੀ ਪਾਰਟੀ ਨੂੰ ਹਾਰ ਦਾ ਮੁਖੜਾ ਵੇਖਣਾ ਪਿਆ।
ਜਦ ਜਲੰਧਰ ਪਛਮੀ ਅਤੇ ਉਸ ਤੋਂ ਬਾਅਦ ਫਗਵਾੜਾ, ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਗਿੱਦੜਬਾਹਾ ਦੀ ਵਿਧਾਨ ਸਭਾ ਉਪ ਚੋਣ ਆਈ ਤਾਂ ਉਸ ਤੋਂ ਪਹਿਲਾਂ ਸਾਬਕਾ ਮੰਤਰੀ ਫੌਜਾ ਸਿੰਘ ਸਰਾਰੀ ਦੀ ਭ੍ਰਿਸ਼ਟਾਚਾਰ ਨਾਲ ਜੁੜੀ ਆਡੀਉ ਲੀਕ ਹੋ ਗਈ ਅਤੇ ਬਠਿੰਡਾ ਵਿਖੇ ਇਕ ਵਿਧਾਇਕ ਅਮਿਤ ਰਤਨ ਕੋਟਫੱਤਾ 4 ਲੱਖ ਨਕਦ ਚੁੱਕੀ ਫਿਰਦਾ ਫੜਿਆ ਗਿਆ । ਇਨ੍ਹਾਂ ਮਾਮਿਲਆਂ ਨੂੰ ਵੀ ਈਮਾਨਦਾਰੀ ਆਖ ਕੇ ਨਾ ਸਿਰਫ਼ ਉਛਾਲਿਆ ਗਿਆ ਬਲਕਿ ਉਨ੍ਹਾਂ ਦੇ ਵੀ ਵਿਖਾਵੇ ਲਈ ਖੰਭ ਕੁਤਰ ਦਿਤੇ ਗਏ। ਹੁਣ ਲੁਧਿਆਣਾ ਪੱਛਮੀ ਦੀ ਉਪ ਚੋਣ ਹੋਣੀ ਹੈ ਅਤੇ ਚੋਣ ਤੋਂ ਪਹਿਲਾਂ ਵਿਧਾਇਕ ਰਮਨ ਅਰੋੜਾ ਨੂੰ ਕਾਬੂ ਕਰ ਲਿਆ ਗਿਆ ਹੈ। ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਹਨ ਜਿਹੜੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਬੇਹੱਦ ਬਦਨਾਮੀ ਦਾ ਨਾਮਨਾ ਖੱਟ ਚੁੱਕੇ ਹਨ।
ਜ਼ਿਲ੍ਹਾ ਮਾਲੇਰਕੋਟਲਾ, ਫ਼ਰੀਦਕੋਟ, ਅਮ੍ਰਿਤਸਰ, ਮੋਗਾ ਅਤੇ ਬਠਿੰਡਾ ਦੇ ਕਈ ਵਿਧਾਇਕਾਂ ਬਾਰੇ ਅਕਸਰ ਰੌਲਾ ਪੈਂਦਾ ਰਹਿੰਦਾ ਹੈ। ਨਾਜਾਇਜ਼ ਸ਼ਰਾਬ, ਜੂਆ, ਨਸ਼ਾ ਤਸਕਰਾਂ ਨੂੰ ਸੁਰੱਖਿਆ ਦੇਣ, ਮਾਰਕੀਟ ਕਮੇਟੀਆਂ ਤੋਂ ਹਫਤਾ ਲੈਣ ਅਤੇ ਨਗਰ ਕੌਂਸਲਾਂ ਵਿਚ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਇਨ੍ਹਾਂ ਉਤੇ ਲਗਦੇ ਆ ਰਹੇ ਹਨ। ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਦੇ ਇਨ੍ਹਾਂ ਕ੍ਰਿਤਾਂ ਨੂੰ ਨਾਟਕ ਦੱਸ ਰਹੀਆਂ ਹਨ। ਅਕਾਲੀ ਦਲ ਤਾਂ ਸ਼ਰੇਆਮ ਹੀ ਦੋਸ਼ ਲਗਾਉਂਦਾ ਆ ਰਿਹਾ ਹੈ ਕਿ ਭਗਵੰਤ ਮਾਨ ਸਰਕਾਰ ਦਿੱਲੀ ਦੇ ਨੇਤਾਵਾਂ ਹੱਥੋਂ ਅਗਵਾ ਹੋ ਚੁੱਕੀ ਹੈ। ਪੰਜਾਬ ਦੀ ਸਿਆਸਤ ਅਤੇ ਆਰਥਿਕਤਾ ਉਤੇ ਕੇਜਰੀਵਾਲ ਐਂਡ ਪਾਰਟੀ ਦਾ ਕਬਜ਼ਾ ਹੋ ਚੁੱਕਾ ਹੈ। ਕਾਂਗਰਸ ਅਤੇ ਬੀਜੇਪੀ ਸਿੱਧੇ ਰੂਪ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁਧ ਭ੍ਰਿਸ਼ਟਾਚਾਰ ਦੇ ਦੋਸ਼ ਲਗਾ ਰਹੀਆਂ ਹਨ। ਸਰਕਾਰ ਚਲਾ ਰਹੀ ਪਾਰਟੀ ਲਈ ਸਿਆਸੀ ਹਾਲਾਤ ਜ਼ਿਆਦਾ ਖ਼ੁਸ਼ਗਵਾਰ ਨਹੀਂ ਹਨ। ਸਰਕਾਰੀ ਧਿਰ ਨੇ ਕਿਸਾਨਾਂ, ਵਪਾਰੀਆਂ, ਮੁਲਾਜ਼ਮਾਂ ਅਤੇ ਪੰਚਾਇਤਾਂ ਨੂੰ ਵਿਖਾਏ ਗਏ ਸਬਜ਼ਬਾਗ਼ ਪੂਰੇ ਨਹੀਂ ਕੀਤੇ, ਜਿਸ ਕਾਰਨ ਵਿਧਾਇਕਾਂ, ਮੰਤਰੀਆਂ ਅਤੇ ਅਧਿਕਾਰੀਆਂ ਨੂੰ ਕਿਸਾਨ ਅਤੇ ਮੁਲਾਜ਼ਮ ਘੇਰ ਰਹੇ ਹਨ। ਵਿਧਾਇਕ ਰਮਨ ਅਰੋੜਾ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਵਿਚ ਭ੍ਰਿਸ਼ਟਾਚਾਰ ਨੂੰ ਠੱਲ੍ਹ ਨਹੀਂ ਪੈਣੀ, ਨਾ ਹੀ ਅੰਨ੍ਹੀ ਲੁੱਟ ਬੰਦ ਹੋਣੀ ਹੈ। ਪੰਜਾਬ ਵਿਚ ਹੋਰ ਰੋਜ਼ ਕੋਈ ਨਾ ਕੋਈ ਅਫ਼ਸਰ ਜਾਂ ਛੋਟਾ ਅਧਿਕਾਰੀ ਰਿਸ਼ਵਤ ਲੈਂਦਾ ਫੜਿਆ ਜਾ ਰਿਹਾ ਹੈ। ਇਸ ਦਾ ਅਰਥ ਇਹ ਹੋਇਆ ਕਿ ਨੇਤਾ ਅਤੇ ਅਫ਼ਸਰ ਮਿਲ ਕੇ ਭ੍ਰਿਸ਼ਟਾਚਾਰ ਦਾ ਸੁੱਖ ਦਾ ਆਨੰਦ ਮਾਣ ਰਹੇ ਹਨ। ਫ਼ਰਜ਼ੀ ਨੋਟਿਸ ਕੱਢ ਕੇ ਪੈਸੇ ਇਕੱਠੇ ਕਰਨ ਦੀ ਵਿਧੀ ਸਿਰਫ਼ ਵਿਧਾਇਕ ਰਮਨ ਅਰੋੜਾ ਕੋਲ ਹੀ ਨਹੀਂ, ਸਗੋਂ ਇਸ ਵਿਧੀ ਨੂੰ ਜਾਂ ਇਸ ਵਰਗੇ ਹੀ ਹੋਰ ਪੈਂਤੜੇ ਸਾਰੇ ਵਿਧਾਇਕ ਤੇ ਮੰਤਰੀ ਅਪਣਾਅ ਰਹੇ ਹਨ। ਸੰਗਰੂਰ ਵਿਚ ਨਰਿੰਦਰ ਭਰਾਜ ਨਾਮ ਦੀ ਵਿਧਾਇਕਾਂ ਵਿਰੁਧ ਵੀ ਟਰੱਕ ਯੂਨੀਅਨ ਦੀ ਪ੍ਰਧਾਨਗੀ ਬਦਲੇ 55 ਲੱਖ ਰੁਪਏ ਲੈਣ ਦੇ ਦੋਸ਼ ਹਾਲੇ ਤਾਜ਼ਾ ਹੀ ਹਨ ਪਰ ਉਹ ਸ਼ਾਇਦ ਇਸ ਕਰਕੇ ਬੱਚ ਗਈ ਕਿਉਂਕਿ ਉਸ ਸਮੇਂ ਪੰਜਾਬ ਵਿਚ ਕਿਤੇ ਕੋਈ ਉਪ ਚੋਣਾਂ ਨਹੀਂ ਸੀ । ਹਾਲੇ ਸਰਕਾਰ ਦਾ ਡੇਢ ਸਾਲ ਬਾਕੀ ਹੈ, ਸਮਾਂ ਰਹਿੰਦਿਆਂ ਲੋਕ ਅਤੇ ਪੰਜਾਬ ਪੱਖੀ ਫ਼ੈਸਲੇ ਲੈਣੇ ਪੈਣਗੇ ਤਾਂ ਹੀ ਜਨਤਾ ਵਿਚ ਸਿਰ ਚੁੱਕ ਕੇ ਵਿਚਰਿਆ ਜਾਵੇਗਾ।

ਸੀਨੀਅਰ ਪੱਤਰਕਾਰ ਜਤਿੰਦਰ ਪਾਲ ਸਿੰਘ ਕਲੇਰ ਬਿਊਰੋ ਚੀਫ ਪੰਜਾਬ ਨਵਾਂਸ਼ਹਿਰ ਮੋਬਾਈਲ 9814009561

Leave a Reply

Your email address will not be published. Required fields are marked *