ਬਰਨਾਲਾ, 23 ਮਈ ( ਸੋਨੀ ਗੋਇਲ)
ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਸ੍ਰੀ ਟੀ.ਬੈਨਿਥ ਆਈ.ਏ.ਐਸ ਵਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਬਰਨਾਲਾ ਵਿੱਚ ਪ੍ਰੈਗਾਬਾਲਿਨ (75 mg ਤੋਂ ਵੱਧ) ਕੈਪਸੂਲ/ਗੋਲੀਆਂ/ਪਾਊਡਰ/ਤਰਲ ਨੂੰ ਰੱਖਣ, ਸਟੋਰ ਕਰਨ ਅਤੇ ਵਿਕਰੀ 'ਤੇ ਤੁਰੰਤ ਪ੍ਰਭਾਵ ਨਾਲ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ।
ਇਸ ਸਬੰਧੀ ਜਾਰੀ ਹੁਕਮਾਂ ਤਹਿਤ ਹੋਲਸੇਲਰ, ਰਿਟੇਲਰ, ਕੈਮਿਸਟ, ਮੈਡੀਕਲ ਸਟੋਰ ਮਾਲਕ, ਹਸਪਤਾਲਾ ਵਿੱਚ ਮੌਜੂਦ ਫਾਰਮੇਸੀ ਜਾਂ ਹੋਰ ਕੋਈ ਵੀ ਵਿਅਕਤੀ ਪ੍ਰੈਗਾਬਾਲਿਨ (75 ਐਮਜੀ ਤੱਕ) ਬਿਨਾਂ ਅਸਲੀ ਪ੍ਰਿਸਕ੍ਰਿਪਸ਼ਨ ਸਲਿਪ ਦੇ ਨਹੀਂ ਵੇਚ ਸਕਦੇ। ਇਸ ਤੋਂ ਇਲਾਵਾ ਉਨ੍ਹਾਂ ਨੂੰ ਪ੍ਰੈਗਾਬਾਲਿਨ (75 ਐਮਜੀ ਤੱਕ) ਦੀ ਖਰੀਦ ਅਤੇ ਵਿਕਰੀ ਦਾ ਪੂਰਾ ਰਿਕਾਰਡ ਰੱਖਣਾ ਹੋਵੇਗਾ ਅਤੇ ਅਸਲੀ ਪ੍ਰਿਸਕ੍ਰਿਪਸ਼ਨ ਸਲਿਪ ‘ਤੇ ਕੈਮਿਸਟ/ ਰੀਟੇਲਰ ਦਾ ਨਾਮ, ਦਵਾਈ ਦੀ ਤਰੀਕ, ਦਿੱਤੀਆਂ ਗੋਲੀਆਂ ਦੀ ਗਿਣਤੀ, ਦਵਾਈ ਦਾ ਨਾਮ ਸਮੇਤ ਮਾਤਰਾ ਆਦਿ ਜਾਣਕਾਰੀ ਸਮੇਤ ਆਪਣੀ ਸਟੈਂਪ ਲਗਾਉਣੀ ਹੋਵੇਗੀ। ਹੁਕਮਾਂ ਅਨੁਸਾਰ ਹੋਲਸੇਲਰ, ਰਿਟੇਲਰ, ਕੈਮਿਸਟ, ਮੈਡੀਕਲ ਸਟੋਰ ਮਾਲਕ ਜਾਂ ਹਸਪਤਾਲਾਂ ਦੀਆਂ ਫਾਰਮੇਸੀਆਂ ਇਹ ਯਕੀਨੀ ਬਣਾਉਣਗੀਆਂ ਕਿ ਅਸਲੀ ਪ੍ਰਿਸਕ੍ਰਿਪਸ਼ਨ ਸਲਿਪ ਸਲਿਪ 'ਤੇ ਦਿੱਤੀ ਪ੍ਰੈਗਾਬਾਲਿਨ ਗੋਲੀ ਪਹਿਲਾਂ ਕਿਸੇ ਹੋਰ ਦੁਕਾਨ ਤੋਂ ਨਹੀਂ ਦਿੱਤੀ ਗਈ। ਉਹ ਇਹ ਵੀ ਯਕੀਨੀ ਬਣਾਉਣਗੇ ਕਿ ਦਿੱਤੀਆਂ ਜਾਣ ਵਾਲੀਆਂ ਗੋਲੀਆਂ / ਕੈਪਸੂਲ ਪ੍ਰਿਸਕ੍ਰਿਪਸ਼ਨ ਵਿੱਚ ਲਿਖੀ ਮਿਆਦ ਤੋਂ ਵੱਧ ਨਾ ਹੋਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਡਰੱਗ ਇੰਸਪੈਕਟਰ ਅਤੇ ਪੁਲੀਸ ਦੀਆਂ ਸਾਂਝੀਆਂ ਟੀਮਾਂ ਵਲੋਂ ਲਗਾਤਾਰ ਅਚਨਚੇਤੀ ਚੈਕਿੰਗਾਂ ਕੀਤੀਆਂ ਜਾਣਗੀਆਂ। ਉਪਰੋਕਤ ਹੁਕਮਾਂ ਦੀ ਉਲੰਘਣਾ ਹੋਣ 'ਤੇ ਬਣਦੇ ਕਾਨੂੰਨਾਂ ਮੁਤਾਬਿਕ ਕਰਵਾਈ ਕੀਤੀ ਜਾਵੇਗੀ।
ਓਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਉਪਰੋਕਤ ਹੁਕਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਓਨ੍ਹਾਂ ਕਿਹਾ ਕਿ ਨਸ਼ਿਆਂ ਸਬੰਧੀ ਸੂਚਨਾ ਪੰਜਾਬ ਸਰਕਾਰ ਵਲੋਂ ਜਾਰੀ ਨੰਬਰ 97791-00200 ‘ਤੇ ਦਿੱਤੀ ਜਾਵੇ।
Posted By SonyGoyal