ਡਡਵਿੰਡੀ (ਪੱਤਰ ਪ੍ਰੇਰਕ)
ਕਪੂਰਥਲਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੁਲਤਾਨਪੁਰ ਲੋਧੀ ਦੇ ਪਿੰਡ ਤੋਤੀ ਵਿਖੇ ਵੱਡੀ ਕਾਰਵਾਈ ਦੌਰਾਨ ਪੰਚਾਇਤੀ ਜ਼ਮੀਨ ਉੱਪਰ ਅਣਅਧਿਕਾਰਤ ਕਬਜ਼ਾ ਕਰਕੇ ਨਸ਼ਾ ਤਸਕਰ ਸੁਰਜੀਤ ਸਿੰਘ ਉਰਫ ਤੋਤਾ ਵਲੋਂ ਕੀਤੀ ਗਈ ਨਜਾਇਜ਼ ਉਸਾਰੀ ਨੂੰ ਢਾਹ ਦਿੱਤਾ ਗਿਆ।
ਇਸ ਮੌਕੇ ਐਸ.ਐਸ.ਪੀ.ਸ਼੍ਰੀ ਗੌਰਵ ਤੂਰਾ ਨੇ ਦਸਿਆ ਕਿ ਬੀਡੀਪੀਓ ਸੁਲਤਾਨਪੁਰ ਲੋਧੀ ਗੁਰਮੀਤ ਸਿੰਘ ਵਲੋਂ ਦਿੱਤੇ ਹੁਕਮਾਂ ’ਤੇ ਕਾਰਵਾਈ ਕਰਦੇ ਹੋਏ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਵਲੋਂ ਅੱਜ ਪਿੰਡ ਤੋਤੀ ਵਿਖੇ ਸੁਰਜੀਤ ਸਿੰਘ ਉਰਫ ਤੋਤਾ ਵਲੋਂ 10 ਮਰਲੇ ਪੰਚਾਇਤੀ ਜ਼ਮੀਨ ਉੱਪਰ ਕੀਤੇ ਕਬਜ਼ੇ ’ਤੇ ਡਿੱਚ ਮਸ਼ੀਨ ਚਲਾਈ ਗਈ।
ਉਨ੍ਹਾਂ ਦੱਸਿਆ ਕਿ ਸੁਰਜੀਤ ਸਿੰਘ ਉਰਫ ਤੋਤਾ ਤੇ ਉਸਦੇ ਪਰਿਵਾਰਕ ਮੈਂਬਰਾਂ ਉੱਪਰ ਐੱਨਡੀਪੀਐੱਸ ਦੇ 18 ਵੱਖ-ਵੱਖ ਮਾਮਲੇ ਦਰਜ ਹਨ, ਜਿਨ੍ਹਾਂ ਵਿਚ ਉਹ ਜੇਲ੍ਹ ਵਿਚ ਬੰਦ ਹੈ।
ਸੁਰਜੀਤ ਸਿੰਘ ਉਰਫ ਤੋਤਾ ਪੁੱਤਰ ਕਰਨੈਲ ਸਿੰਘ ਵਿਰੁੱਧ ਸਾਲ 2013 ਤੋਂ ਹੁਣ ਤੱਕ ਵੱਖ-ਵੱਖ ਥਾਣਿਆਂ ਵਿਚ ਐੱਨਡੀਪੀਐੱਸ ਦੇ 7 ਮਾਮਲੇ ਦਰਜ ਹਨ ਜਦਕਿ ਉਸਦੀ ਪਤਨੀ ਕੁਲਵੰਤ ਕੌਰ ਉਰਫ ਬਿੱਲੋ ਵਿਰੁੱਧ ਵੀ ਨਸ਼ਾ ਤਸਕਰੀ ਨਾਲ ਸਬੰਧਿਤ 4 ਮਾਮਲੇ ਦਰਜ ਹਨ।
ਸ਼੍ਰੀ ਤੂਰਾ ਨੇ ਦੱਸਿਆ ਕਿ ਇਸ ਜੋੜੇ ਦਾ ਪੁੱਤਰ ਰਾਹੁਲ ਵੀ ਐੱਨਡੀਪੀਐੱਸ ਦੇ 7 ਕੇਸਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਫਰਾਰ ਹੈ।
ਉਨ੍ਹਾਂ ਦੱਸਿਆ ਕਿ ਮਾਣਯੋਗ ਡੀਜੀਪੀ ਸ਼੍ਰੀ ਗੌਰਵ ਯਾਦਵ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ‘ ਯੁੱਧ ਨਸ਼ੇ ਵਿਰੁੱਧ’ ਮੁਹਿੰਮ ਤਹਿਤ ਜਿਲ੍ਹੇ ਵਿਚ ਨਸ਼ਾ ਤਸਕਰਾਂ ਵਿਰੁੱਧ ਤੇਜੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ।
ਸ੍ਰੀ ਤੂਰਾ ਨੇ ਦੱਸਿਆ ਕਿ ਨਸ਼ਾ ਤਸਕਰਾਂ ਵਲੋਂ ਕਾਲੀ ਕਮਾਈ ਨਾਲ ਬਣਾਈਆਂ ਜਾਇਦਾਦਾਂ ਨੂੰ ਜ਼ਬਤ ਕਰਕੇ ਨਿਲਾਮੀ ਵਿਚ ਵੀ ਤੇਜੀ ਲਿਆਂਦੀ ਗਈ ਹੈ।
ਜਿਲ੍ਹੇ ਵਿਚ ਪਿਛਲੇ ਕੁਝ ਸਮੇਂ ਦੌਰਾਨ ਹੀ ਨਸ਼ਾ ਤਸਕਰਾਂ ਦੀ 3.5 ਕਰੋੜ ਰੁਪੈ ਦੀ ਜਾਇਦਾਦ ਜਬਤ ਕੀਤੀ ਗਈ ਹੈ, ਜਦਕਿ ਹੋਰ 1.5 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਨ ਲਈ ਕਾਰਵਾਈ ਅਗਲੇਰੇ ਪੱਧਰ ’ਤੇ ਚੱਲ ਰਹੀ ਹੈ।
Posted By SonyGoyal