ਮਹਿਲ ਕਲਾਂ, 23 ਮਈ ( ਸੋਨੀ ਗੋਇਲ)
ਸਿਵਲ ਸਰਜਨ ਬਰਨਾਲਾ ਡਾ ਬਲਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ ਐਮ ਓ ਮਹਿਲ ਕਲਾਂ ਡਾ. ਗੁਰਤੇਜਿੰਦਰ ਕੌਰ ਦੀ ਅਗਵਾਈ ਹੇਠ ਅੱਜ ਅਕਾਲ ਅਕੈਡਮੀ ਮਹਿਲ ਕਲਾਂ ਵਿਖੇ ਹਾਈਪਰਟੈਂਨਸ਼ਨ ਸਬੰਧੀ ਇੱਕ ਜਾਗਰੂਕਤਾ ਰੈਲੀ ਕਰਵਾਈ ਗਈ ।
ਇਸ ਮੌਕੇ ਜਾਣਕਾਰੀ ਦਿੰਦਿਆਂ ਬੀ ਈ ਈ ਸ਼ਿਵਾਨੀ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹਾਈਪਰਟੈਂਨਸ਼ਨ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਮਹੀਨੇ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦੌਰਾਨ ਵੱਖ ਵੱਖ ਗਤੀਵਿਧੀਆਂ ਜਿਵੇਂ ਕਿ ਚੈਕ ਅੱਪ ਕੈਂਪ, ਜਾਗਰੂਕਤਾ ਰੈਲੀਆਂ, ਜਨਤਕ ਥਾਵਾਂ ‘ਤੇ ਜਾਗਰੂਕਤਾ ਕੈਂਪ, ਸਕੂਲਾਂ ਵਿੱਚ ਪੋਸਟਰ ਬਣਾਉਣ ਦੇ ਮੁਕਾਬਲੇ ਆਦਿ ਸ਼ਾਮਲ ਹਨ ਅਤੇ ਇਨ੍ਹਾਂ ਗਤੀਵਿਧੀਆਂ ਰਾਹੀਂ ਵੱਖ ਵੱਖ ਉਮਰ ਦੇ ਲੋਕਾਂ ਨੂੰ ਹਾਈਪਰਟੈਂਨਸ਼ਨ ਭਾਵ ਹਾਈ ਬਲੱਡ ਪ੍ਰੈਸ਼ਰ ਦੇ ਕਾਰਣ, ਲੱਛਣ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਹਾਈਪਰਟੈਨਸ਼ਨ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਮੁੱਖ ਕਾਰਨ ਹੈ ਜਿਵੇਂ ਕਿ ਸਟ੍ਰੋਕ, ਦਿਲ ਦੇ ਦੋਰੇ ਅਤੇ ਗੁਰਦੇ ਦੀ ਬਿਮਾਰੀ, ਅਤੇ ਇਹ ਡਿਮੇਨਸ਼ੀਆ (ਦਿਮਾਗੀ ਕਮਜੋਰੀ) ਵਿੱਚ ਵੀ ਯੋਗਦਾਨ ਪਾ ਸਕਦੀ ਹੈ।
ਬਹੁਤ ਸਾਰੇ ਲੋਕ ਜੋ ਹਾਈਪਰਟੈਨਸ਼ਨ ਤੋਂ ਪੀੜਤ ਹੁੰਦੇ ਹਨ, ਉਹਨਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਹ ਇਸ ਬਿਮਾਰੀ ਨਾਲ ਗ੍ਰਸਤ ਹਨ ਕਿਉਂਕਿ ਇਸਦਾ ਕੋਈ ਵੀ ਲੱਛਣ ਨਹੀਂ ਹੋ ਸਕਦਾ, ਅਕਸਰ ਲੋਕਾਂ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਹੀ ਪਤਾ ਲੱਗਦਾ ਹੈ।
ਉਨ੍ਹਾਂ ਕਿਹਾ ਕਿ ਜੀਵਨਸ਼ੈਲੀ ਵਿੱਚ ਮਹੱਤਵਪੂਰਨ ਤਬਦੀਲੀਆਂ, ਜਿਵੇਂ ਕਿ ਚੰਗੀ-ਸੰਤੁਲਿਤ ਖੁਰਾਕ , ਲੂਣ ਦੀ ਮਾਤਰਾ ਘੱਟ, ਸ਼ਰਾਬ ਦੀ ਵਰਤੋ ਨਾ ਕਰਨਾ, ਨਿਯਮਤ ਸਰੀਰਕ ਗਤੀਵਿਧੀ ਕਰਨਾ, ਤਣਾਅ ਦਾ ਪ੍ਰਬੰਧਨ ਕਰਨਾ, ਸਹੀ ਸ਼ਰੀਰਕ ਭਾਰ ਬਣਾ ਕੇ ਰੱਖਣਾ, ਸਿਗਰਟਨੋਸ਼ੀ ਨਾ ਕਰਨਾ, ਆਪਣੀਆਂ ਦਵਾਈਆਂ ਸਹੀ ਢੰਗ ਨਾਲ ਲ਼ੈਣਾ ਅਤੇ ਆਪਣੇ ਡਾਕਟਰ ਦੀ ਸਲ੍ਹਾਹ ‘ਤੇ ਕੰਮ ਕਰਨਾ ਆਦਿ ਨਾਲ ਕਾਫੀ ਹੱਦ ਤੱਕ ਬਲੱਡ ਪ੍ਰੈਸ਼ਰ ਨੂੰ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ।
ਇਸ ਮੌਕੇ ਏ ਐਨ ਐਮ ਵਿਨੋਦ ਰਾਨੀ, ਉਪ ਵੈਦ ਅਜੇ ਕੁਮਾਰ, ਸਕੂਲ ਸਟਾਫ਼ ਅਤੇ ਆਸ਼ਾ ਵਰਕਰਾਂ ਮੋਜੂਦ ਸਨ।
Posted By SonyGoyal