ਜਗਰਾਉਂ 30 ਅਪ੍ਰੈਲ ( ਸੋਨੀ ਗੋਇਲ)
ਅਖਾੜਾ ਵੱਲ ਜਾਣ ਵਾਲੀਆਂ ਸੜਕਾਂ ਤੇ ਆਇਆ ਹਰੀਆਂ ਪੱਗਾਂ ਅਤੇ ਝੰਡਿਆਂ ਦਾ ਹੜ੍ਹ ਪਾਣੀ ਪ੍ਰਦੂਸ਼ਿਤ ਕਰਨ ਦੀ ਖੁੱਲ੍ਹ ਦੇਣ ਲਈ ਪੰਜਾਬ ਸਰਕਾਰ ਨੇ ਜਲ ਸੋਧ ਐਕਟ ਪਾਸ ਕੀਤਾ-ਮਨਜੀਤ ਧਨੇਰ ਇੱਥੋਂ ਨੇੜਲੇ ਪਿੰਡ ਅਖਾੜਾ ਵਿਖੇ ਕੈਂਸਰ ਫੈਲਾਉਣ ਵਾਲੀ ਬਾਇਓਗੈਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਸੰਘਰਸ਼ ਕਰ ਰਹੇ ਲੋਕਾਂ ਦੀ ਹਮਾਇਤ ਵਿੱਚ ਅੱਜ ਕਿਸਾਨਾਂ ਮਜ਼ਦੂਰਾਂ ਅਤੇ ਔਰਤਾਂ ਨੇ ਪਿੰਡ ਵੱਲ ਵਹੀਰਾਂ ਘੱਤ ਦਿੱਤੀਆਂ। ਵਰਨਣ ਯੋਗ ਹੈ ਕਿ ਪਿੰਡ ਅਖਾੜਾ ਤੋਂ ਇਲਾਵਾ ਭੂੰਦੜੀ, ਮਸ਼ਕਾਬਾਦ, ਚਾਹੜ ਅਤੇ ਬੱਗਾ ਕਲਾਂ ਵਿਖੇ ਬਾਇਓ ਗੈਸ ਫ਼ੈਕਟਰੀਆਂ ਲਾਈਆਂ ਜਾ ਰਹੀਆਂ ਹਨ। ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਫੈਕਟਰੀਆਂ ਸਾਡੇ ਪਾਣੀ ਅਤੇ ਹਵਾ ਨੂੰ ਪ੍ਰਦੂਸ਼ਿਤ ਕਰਕੇ ਕੈਂਸਰ ਫੈਲਾਉਣ ਦਾ ਕਾਰਨ ਬਣਨਗੀਆਂ। ਇਸ ਲਈ ਪਿੰਡਾਂ ਦੀਆਂ ਪੰਚਾਇਤਾਂ ਨੇ ਇਹਨਾਂ ਫੈਕਟਰੀਆਂ ਖਿਲਾਫ਼ ਮਤੇ ਪਾਏ ਹੋਏ ਹਨ ਅਤੇ ਲੋਕ ਆਪਣੀਆਂ ਕਮੇਟੀਆਂ ਬਣਾ ਕੇ ਇਹਨਾਂ ਫ਼ੈਕਟਰੀਆਂ ਦੇ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ। ਪਿੰਡ ਅਖਾੜਾ ਵਿਖੇ ਵੀ 30 ਅਪ੍ਰੈਲ 2024 ਤੋਂ ਗੈਸ ਫੈਕਟਰੀ ਨੂੰ ਲੱਗਣ ਤੋਂ ਰੋਕਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਦੀ ਅਗਵਾਈ ਵਿੱਚ ਬਣੀ ਸੰਘਰਸ਼ ਕਮੇਟੀ ਵੱਲੋਂ ਪੱਕਾ ਮੋਰਚਾ ਜਾਰੀ ਹੈ। ਸੰਘਰਸ਼ ਲੜ ਰਹੀ ਕਮੇਟੀ ਦੇ ਦੱਸਣ ਅਨੁਸਾਰ ਉਹਨਾਂ ਦੀਆਂ ਪੰਜਾਬ ਸਰਕਾਰ ਨਾਲ ਕਈ ਵਾਰ ਮੀਟਿੰਗਾਂ ਹੋਈਆਂ ਹਨ। ਤਰਾਸਦੀ ਇਹ ਹੈ ਕਿ ਹਾਲੇ ਤੱਕ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਹ ਵੀ ਤੈਅ ਨਹੀਂ ਕੀਤਾ ਕਿ ਇਹ ਫੈਕਟਰੀਆਂ ਕਿਸ ਕੈਟਾਗਰੀ ਵਿੱਚ ਆਉਂਦੀਆਂ ਹਨ। ਕਿਸਾਨ ਆਗੂਆਂ ਦੇ ਦੱਸਣ ਮੁਤਾਬਕ ਇਹ ਫ਼ੈਕਟਰੀਆਂ ਲਾਲ ਜੋਨ ਵਿੱਚ ਆਉਂਦੀਆਂ ਹਨ ਜੋ ਕਿ ਆਬਾਦੀ ਦੇ ਨੇੜੇ ਨਹੀਂ ਲੱਗਣੀਆਂ ਚਾਹੀਦੀਆਂ ਜਦੋਂ ਕਿ ਅਖਾੜਾ ਪਿੰਡ ਵਾਲੀ ਫੈਕਟਰੀ ਦੇ ਬਿਲਕੁਲ ਨਾਲ ਲੋਕਾਂ ਦੇ ਘਰ ਬਣੇ ਹੋਏ ਹਨ। ਪੰਚਾਇਤ ਵੱਲੋਂ ਵੀ ਫੈਕਟਰੀ ਦੇ ਖ਼ਿਲਾਫ਼ ਮਤਾ ਪਾਇਆ ਗਿਆ ਹੈ ਪਰ ਜਦੋਂ ਵੀ ਹਾਈ ਕੋਰਟ ਵਿੱਚ ਪੇਸ਼ੀ ਹੁੰਦੀ ਹੈ ਤਾਂ ਸਰਕਾਰ ਲੋਕਾਂ ਦਾ ਕੁੱਟ ਕੁਟਾਪਾ ਕਰਦੀ ਹੈ। ਪਿਛਲੇ ਦਿਨੀਂ 26 ਅਪ੍ਰੈਲ ਨੂੰ ਵੀ ਕਈ ਜ਼ਿਲ੍ਹਿਆਂ ਦੀ ਪੁਲਿਸ ਨੇ ਇਕੱਠੀ ਹੋ ਕੇ ਸਵੇਰੇ 4 ਵਜੇ ਹੀ ਪਿੰਡ ਨੂੰ ਘੇਰਾ ਪਾ ਲਿਆ। ਸਾਰੇ ਰਸਤੇ ਬੰਦ ਕਰ ਦਿੱਤੇ ਅਤੇ ਬਾਹਰੋਂ ਆਉਣ ਵਾਲੇ ਕਿਸਾਨਾਂ ਮਜ਼ਦੂਰਾਂ ਨੂੰ ਪਿੰਡ ਵੜਨ ਤੋਂ ਰੋਕਿਆ ਗਿਆ। ਮੋਰਚੇ ਵਾਲੇ ਸੈ਼ਡ ਨੂੰ ਜੇਸੀਬੀ ਅਤੇ ਬੁਲਡੋਜ਼ਰਾਂ ਨਾਲ ਢਾਹ ਦਿੱਤਾ ਗਿਆ ਅਤੇ ਉੱਥੇ ਮੌਜੂਦ ਕਿਸਾਨਾਂ ਮਜ਼ਦੂਰਾਂ ਅਤੇ ਬੀਬੀਆਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਅਨਾਊਂਸਮੈਂਟ ਕਰਨ ਤੋਂ ਵੀ ਰੋਕਿਆ ਗਿਆ ਅਤੇ ਪਿੰਡ ਦੇ ਲੋਕਾਂ ਦੇ ਦੱਸਣ ਅਨੁਸਾਰ ਪੁਲਿਸ ਜੁੱਤੀਆਂ ਸਮੇਤ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਵੜੀ। ਇਸੇ ਹੀ ਤਰ੍ਹਾਂ ਭਾਕਿਯੂ ਏਕਤਾ-ਡਕੌਂਦਾ ਦੇ ਪ੍ਰਧਾਨ ਮਨਜੀਤ ਧਨੇਰ,ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ, ਬਰਨਾਲਾ ਜ਼ਿਲ੍ਹੇ ਦੇ ਦਰਜਨਾਂ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਬਹੁਤ ਸਾਰੇ ਆਗੂਆਂ ਦੇ ਘਰਾਂ ਵਿੱਚ ਪੁਲਿਸੀਆ ਧਾੜਾਂ ਨੇ ਛਾਪੇ ਮਾਰੀ ਕਰਕੇ ਦਹਿਸ਼ਤ ਫੈਲਾਉਣ ਦਾ ਯਤਨ ਕੀਤਾ। ਇਸ ਦੇ ਬਾਵਜੂਦ ਸਾਰਾ ਦਿਨ ਔਰਤਾਂ ਦੇ ਵੱਡੇ ਕਾਫ਼ਲਿਆਂ ਅਤੇ ਲੋਕਾਂ ਨੇ ਪੁਲਿਸ ਨਾਲ ਸ਼ਾਂਤਮਈ ਟੱਕਰ ਲੈਂਦਿਆਂ ਸ਼ਾਮ ਨੂੰ 5 ਵਜੇ ਆਪਣੇ ਮੋਰਚੇ ਤੇ ਦੁਬਾਰਾ ਕਬਜ਼ਾ ਕਰ ਲਿਆ। ਅੱਜ 30 ਅਪ੍ਰੈਲ ਨੂੰ ਇਸ ਮੋਰਚੇ ਦਾ ਇੱਕ ਸਾਲ ਪੂਰਾ ਹੋਣ ਤੇ ਲੋਕਾਂ ਦਾ ਵੱਡਾ ਇਕੱਠ ਜੁੜਿਆ। ਇਸ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ, ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ, ਸੂਬਾ ਸਕੱਤਰ ਕੁਲਵੰਤ ਸਿੰਘ ਕਿਸ਼ਨਗੜ੍ਹ, ਸੰਘਰਸ਼ ਕਮੇਟੀ ਦੇ ਆਗੂਆਂ ਕੰਵਲਜੀਤ ਖੰਨਾ, ਸੁਖਦੇਵ ਭੂੰਦੜੀ, ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਕੁਲਵੰਤ ਸਿੰਘ ਭਦੌੜ, ਭਾਕਿਯੂ ਏਕਤਾ ਡਕੌਂਦਾ ਦੀ ਔਰਤ ਆਗੂ ਹਰਜਿੰਦਰ ਕੌਰ , ਅਮ੍ਰਿਤਪਾਲ ਕੌਰ, ਸੁਖਦੀਪ ਕੌਰ, ਅਖਾੜਾ, ਅਵਨੀਤ ਕੌਰ, ਸੁਰਜੀਤ ਦੌਧਰ, ਜਗਰਾਜ ਸਿੰਘ ਹਰਦਾਸਪੁਰਾ, ਮੱਖਣ ਸਿੰਘ ਭੈਣੀ ਬਾਘਾ, ਸਮੇਤ ਹੋਰ ਬਹੁਤ ਸਾਰੇ ਕਿਸਾਨ ਆਗੂ ਹਾਜ਼ਰ ਸਨ। ਇਕੱਠ ਨੂੰ ਸੰਬੋਧਨ ਕਰਦਿਆਂ ਇਨਾਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਧੱਕੇ ਨਾਲ ਕੈਂਸਰ ਵਾਲੀਆਂ ਫੈਕਟਰੀਆਂ ਲਾਉਣਾ ਚਾਹੁੰਦੀ ਹੈ। ਇਸੇ ਕਰਕੇ ਹੀ ਪੰਜਾਬ ਸਰਕਾਰ ਨੇ ਪਿਛਲੇ ਦਿਨੀਂ ਜਲ ਸੋਧ ਐਕਟ ਪਾਸ ਕੀਤਾ ਹੈ ਤਾਂ ਕਿ ਇਹਨਾਂ ਫੈਕਟਰੀਆਂ ਨੂੰ ਧਰਤੀ ਹੇਠਾਂ ਅਤੇ ਨਹਿਰਾਂ, ਡਰੇਨਾਂ ਵਿੱਚ ਜ਼ਹਿਰੀਲਾ ਗੰਦਾ ਪਾਣੀ ਪਾਉਣ ਦੀ ਖੁੱਲ੍ਹ ਦਿੱਤੀ ਜਾ ਸਕੇ। ਬੁਲਾਰਿਆਂ ਨੇ ਇਸ ਨੂੰ ਪੰਜਾਬੀਆਂ ਦੀ ਨਸਲਕੁਸ਼ੀ ਕ਼ਰਾਰ ਦਿੱਤਾ ਅਤੇ ਕਿਹਾ ਕਿ ਲੋਕ ਆਪਣੇ ਜਿਉਣ ਦੇ ਅਧਿਕਾਰ ਦੀ ਰਾਖੀ ਕਰਨ ਲਈ ਮਰਦੇ ਦਮ ਤੱਕ ਲੜਨਗੇ। ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਪੂਰੀ ਤਾਕਤ ਨਾਲ ਲੋਕਾਂ ਦਾ ਸਾਥ ਦਿੰਦਿਆਂ ਸ਼ਾਂਤਮਈ ਢੰਗ ਨਾਲ ਘੋਲ ਨੂੰ ਅੱਗੇ ਵਧਾਉਂਦੇ ਹੋਏ ਜਿੱਤ ਤੱਕ ਲਿਜਾਣ ਲਈ ਦ੍ਰਿੜ ਸੰਕਲਪ ਹੈ।ਕਾਨਫਰੰਸ ਵਿੱਚ ਭੋਗਪੁਰ ਵਿਖੇ ਗੈਸ ਪਲਾਂਟ ਦਾ ਵਿਰੋਧ ਕਰ ਰਹੇ 150 ਦੇ ਕਰੀਬ ਆਗੂਆਂ ਅਤੇ ਵਰਕਰਾਂ ‘ਤੇ ਪਰਚੇ ਦਰਜ ਕਰਨ ਦੀ ਨਿੰਦਾ ਕੀਤੀ। ਇਕ ਮਤੇ ਰਾਹੀਂ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲੇ ਬਾਇਓ ਗੈਸ ਪਲਾਂਟ ਲਾਉਣ ਦੀ ਤਜਵੀਜ਼ ਰੱਦ ਕਰੇ। ਇੱਕ ਹੋਰ ਮਤੇ ਮੋਦੀ ਸਰਕਾਰ ਵੱਲੋਂ ਪ੍ਰੈਸ ਦਾ ਗਲਾ ਘੁੱਟਣ ਲਈ ਯੂ ਟਿਊਬ ਚੈਨਲਾਂ ਨੂੰ ਬੰਦ ਕਰਨ ਅਤੇ ਨੇਹਾ ਸਿੰਘ ਰਾਠੌਰ ਵਰਗੀਆਂ ਆਵਾਜ਼ਾਂ ਨੂੰ ਬੰਦ ਕਰਨ ਲਈ ਦਰਜ਼ ਕੀਤੇ ਜਾ ਰਹੇ ਪੁਲਿਸ ਕੇਸ ਵਾਪਸ ਲੈਣ ਦੀ ਮੰਗ ਕੀਤੀ ਗਈ।ਇਸ ਸਮੇਂ ਇੰਦਰਜੀਤ ਸਿੰਘ ਜਗਰਾਓਂ, ਤਰਸੇਮ ਸਿੰਘ ਬੱਸੂਵਾਲ, ਗੁਰਤੇਜ ਸਿੰਘ ਅਖਾੜਾ ਆਦਿ ਆਗੂਆਂ ਨੇ ਵੀ ਵਿਚਾਰ ਪੇਸ਼ ਕੀਤੇ। ਪ੍ਰੈੱਸ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਜ਼ੋਰਦਾਰ ਸ਼ਲਾਘਾ ਕੀਤੀ। ਅੱਜ ਦੇ ਸੋਸ਼ਲ ਮੀਡੀਆ ਰਾਹੀਂ ਬਾਬੂ ਸ਼ਾਹੀ, ਪ੍ਰਾਈਮ ਉਦੇ ਅਤੇ ਦੇਸ਼ ਵਿਦੇਸ਼ ਟਾਈਮਜ਼ ਵਿੱਚ ” ਅਖਾੜਾ ਦੀ ਧਰਤੀ ਝੁਕਣ ਦੇ ਮੂਡ ‘ਚ ਨਹੀਂ” ਵਿਸਥਾਰਤ ਲੇਖ ਛਾਪਣ ਲਈ ਧੰਨਵਾਦ ਕੀਤਾ। ਇਸ ਕਾਨਫਰੰਸ ਵਿੱਚ ਭੂੰਦੜੀ, ਮੁਸ਼ਕਾਬਾਦ, ਬੱਗੇ ਕਲਾਂ ਸੰਘਰਸ਼ ਮੋਰਚਿਆਂ ਤੋਂ ਵੀ ਕਾਫ਼ਲੇ ਪੂਰੇ ਉਤਸ਼ਾਹ ਨਾਲ ਸ਼ਾਮਿਲ ਹੋਏ
Posted By SonyGoyal