ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਉਪਰੰਤ ਸਾਰਾਗੜ੍ਹੀ ਸਰਾਂ ਦੇ ਬਾਹਰ ਭੁੱਖ ਹੜਤਾਲ ਦੀ ਅਗਵਾਈ ਬੀਬੀ ਬਲਵਿੰਦਰ ਕੌਰ ਨੇ ਕੀਤੀ
ਨਰਿੰਦਰ ਸੇਠੀ, ਅੰਮ੍ਰਿਤਸਰ
22 ਫਰਵਰੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਤੇ ਡਿਬਰੂਗੜ੍ਹ ਜੇਲ੍ਹ ’ਚ ਨਜ਼ਰ ਬੰਦ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਨਜ਼ਰਬੰਦਾਂ ਨੂੰ ਪੰਜਾਬ ਦੀ ਜੇਲ੍ਹ ’ਚ ਤਬਦੀਲ ਕਰਾਉਣ ਦੀ ਮੰਗ ਨੂੰ ਲੈ ਕੇ ਉਨ੍ਹਾਂ ਦੇ ਮਾਤਾ ਪਿਤਾ, ਨਜ਼ਰਬੰਦ ਸਿੱਖ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁੱਖ ਇਕੱਤਰਤਾ ਅਤੇ ਅਰਦਾਸ ਉਪਰੰਤ ਵਾ ਗਿਆਰਾਂ ਵਜੇ ਸਾਰਾਗੜ੍ਹੀ ਸਰਾਂ ਦੇ ਬਾਹਰ ਅਣ ਮਿਥੇ ਸਮੇਂ ਲਈ ਭੁੱਖ ਹੜਤਾਲ ’ਤੇ ਬੈਠ ਗਏ ਹਨ। ਜਿਸ ਦੀ ਅਗਵਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਵੱਲੋਂ ਕੀਤੀ ਜਾ ਰਹੀ ਹੈ। ਇਕੱਤਰਤਾ ਮੌਕੇ ਉਨ੍ਹਾਂ ਨਾਲ ਸਰਦਾਰ ਤਰਸੇਮ ਸਿੰਘ , ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਭਾਈ ਗੁਰਚਰਨ ਸਿੰਘ ਗਰੇਵਾਲ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਕੰਵਰ ਚੜ੍ਹਤ ਸਿੰਘ ਫੈਡਰੇਸ਼ਨ ਪ੍ਰਧਾਨ, ਬਲਵੰਤ ਸਿੰਘ ਗੋਪਾਲਾ, ਉਪਕਾਰ ਸਿੰਘ ਸੰਧੂ ਅਤੇ ਹਰਪਾਲ ਸਿੰਘ ਬਲੇਰ ਤੋਂ ਇਲਾਵਾ ਡਿਬਰੂਗੜ੍ਹ ਜੇਲ੍ਹ ’ਚ ਨਜ਼ਰ ਬੰਦ ਹੋਰ ਸਿੱਖ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਸ਼ਾਮਿਲ ਹਨ।
ਇਸ ਮੌਕੇ ਬੀਬੀ ਬਲਵਿੰਦਰ ਕੌਰ ਨੇ ਕਿਹਾ ਕਿ ਸਰਕਾਰ ਤੋਂ ਸਿੱਖਾਂ ਨੂੰ ਇਨਸਾਫ਼ ਮਿਲਣ ਦੀ ਕੋਈ ਉਮੀਦ ਨਹੀਂ ਰਹੀ ਹੈ। ਹੁਣ ਸਾਡਾ ਸਰਕਾਰ ’ਤੇ ਕੋਈ ਵਿਸ਼ਵਾਸ ਨਹੀਂ ਰਿਹਾ। ਡਿਬਰੂਗੜ ਜੇਲ੍ਹ ਵਿਚ ਨਜ਼ਰਬੰਦ ਸਿੱਖ ਨੌਜਵਾਨਾਂ ਦਾ ਕੋਈ ਨੁਕਸਾਨ ਹੋਇਆ ਤਾਂ ਸਰਕਾਰ ਜ਼ਿੰਮੇਵਾਰ ਹੋਵੇਗੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਹੁਣ ਹਰਕਤ ਵਿਚ ਆਈ ਹੈ ਜਦੋਂ ਕਿ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਡਿਬਰੂਗੜ ਦੇ ਹਾਲਾਤਾਂ ਅਤੇ ਨੌਜਵਾਨਾਂ ਵੱਲੋਂ ਜੀਵਨ ਮੌਤ ਦੀ ਲੜਾਈ ਲੜ ਰਹੇ ਹੋਣ ਬਾਰੇ ਜਾਣੂ ਕਰਾਉਣ ਦੀ ਕਈ ਵਾਰ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਕੋਈ ਦਿਲਚਸਪੀ ਅਤੇ ਗੰਭੀਰਤਾ ਨਹੀਂ ਦਿਖਾਈ। ਅੱਜ ਭੁੱਖ ਹੜਤਾਲ ’ਤੇ ਬੈਠਣ ਦੇ ਫੈਸਲੇ ਕਾਰਨ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਗਲ ਕਰਾਉਣ ਦੇ ਲਾਰੇ ਲਾਏ ਗਏ। ਪਰ ਅਸੀਂ ਕਿਹਾ ਕਿ ਪੰਜਾਬ ਸਰਕਾਰ ਐਲਾਨ ਕਰੇ ਕਿ ਸਾਡੇ ਪੰਜਾਬ ਦੇ ਨੌਜਵਾਨ ਹਨ ਤੇ ਪੰਜਾਬ ਲਿਆਉਣਾ ਹੈ ।ਉਨ੍ਹਾਂ ਕਿਹਾ ਕਿ ਉਨ੍ਹਾਂ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਨੌਜਵਾਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ ਤੇ ਸੰਘਰਸ਼ ਅਰੰਭ ਦਿੱਤਾ ਹੈ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਆਪ ਹੀ ਬਿਧ ਬਣਾਉਣਗੇ ਉਨ੍ਹਾਂ ਸੰਗਤ ਨੂੰ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਡਿਬਰੂਗੜ ’ਚ 10 ਅਤੇ ਪੰਜਾਬ ਦੀਆਂ ਜੇਲ੍ਹਾਂ ’ਚ 30 ਕੁਲ 40 ਨਜ਼ਰਬੰਦ ਨੌਜਵਾਨ ਭੁੱਖ ਹੜਤਾਲ ’ਤੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਐਨ ਐਸ ਏ ਲਗਦੇ ਰਹੇ ਹਨ ਪਰ ਉਨ੍ਹਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿਚ ਹੀ ਰੱਖਿਆ ਜਾਂਦਾ ਰਿਹਾ ਪਰ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਨੂੰ ਹਜ਼ਾਰਾਂ ਮੀਲ ਦੂਰ ਉਨ੍ਹਾਂ ਦਾ ਮਨੋਬਲ ਡੇਗਣ ਲਈ ਸੁੱਟਿਆ ਗਿਆ ਅਤੇ ਦਹਿਸ਼ਤਜਦਾ ਮਹੌਲ ਕਰਨ ਲਈ ਦਿੱਲੀ ਦੀ ਸਿੱਧੀ ਨਿਗਰਾਨੀ ਵਿੱਚ ਰੱਖਿਆ ਗਿਆ ।ਪਰ ਕਲਗ਼ੀਧਰ ਪਾਤਸ਼ਾਹ ਦੀ ਕ੍ਰਿਪਾ ਨਾਲ ਉਹ ਦੱਸ ਸਿੰਘ ਉੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਤਾਇਨਾਤ ਫੋਰਸਜ ਅੱਗੇ ਝੁਕੇ ਨਹੀਂ । ਉਨ੍ਹਾਂ ’ਦੇ ਬਾਥਰੂਮ ਜਾਣ ਤਕ ਦੀ ਕੈਮਰਿਆਂ ਨਾਲ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਨਜ਼ਰਬੰਦ ਸਿੰਘ ਪੰਜਾਬ ਤਬਦੀਲ ਹੋ ਕੇ ਅੰਨ ਪਾਣੀ ਨਹੀਂ ਛਕਣਗੇ ਅਸੀਂ ਵੀ ਸਾਰੇ ਪਰਿਵਾਰ ਰੋਜ਼ਾਨਾ ਭੁੱਖ ਹੜਤਾਲ ’ਤੇ ਬੈਠਾਂਗੇ। ਸਾਨੂੰ ਮੌਤ ਦਾ ਕੋਈ ਡਰ ਨਹੀਂ।ਉਨ੍ਹਾਂ ਕਿਹਾ ਕਿ ਡਿਬਰੂਗੜ ਜੇਲ੍ਹ ’ਚ ਨਜ਼ਰਬੰਦ ਨੌਜਵਾਨਾਂ ਨੇ ਫ਼ੈਸਲਾ ਕੀਤਾ ਹੈ ਕਿ ਭੁੱਖ ਹੜਤਾਲ ਦੌਰਾਨ ਉਨ੍ਹਾਂ ਦੀ ਮੌਤ ਹੋ ਜਾਣ ਦੀ ਸਥਿਤੀ ’ਚ ਵੀ ਅਸਾਮ ਦਾ ਪਾਣੀ ਉਨ੍ਹਾਂ ਦੇ ਮੂੰਹ ’ਚ ਨਾ ਪਾਇਆ ਜਾਵੇ। ਸੋ ਸੰਗਤਾਂ ਨੂੰ ਤਕੜੇ ਹੋ ਕੇ ਵੱਡੀ ਗਿਣਤੀ ਵਿੱਚ ਜਿਸ ਜਗ੍ਹਾ ਅਸੀਂ ਭੁੱਖ ਹੜਤਾਲ ਦੀ ਲੜੀ ਨਜ਼ਰਬੰਦ ਸਿੰਘਾਂ ਦੇ ਪਰਿਵਾਰਾਂ ਨੇ ਸ਼ੁਰੂ ਕੀਤੀ ਹੈ ਉੱਥੇ ਪਹੁੰਚੋ ਤਾਂ ਕਿ ਸੰਘਰਸ਼ ਵਿੱਚ ਹੋਰ ਸਖ਼ਤ ਕਦਮ ਚੁਕੀਏ ।