ਸੋਨੀ ਗੋਇਲ, ਬਰਨਾਲਾ
ਪੰਜਾਬ ਦੀ ਮੌਜੂਦਾ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੀ ਜਨਤਾ ਨਾਲ ਵਾਅਦਾ ਖ਼ਿਲਾਫ਼ੀ ਕਰਦਿਆਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ, ਜਿਸ ਕਾਰਨ ਇਸ ਸਰਕਾਰ ਤੋਂ ਲੋਕਾਂ ਦਾ ਵਿਸ਼ਵਾਸ਼ ਉੱਠ ਚੁੱਕਿਆ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਆਈਪੀਐੱਸ ਪੁਲਿਸ ਅਧਿਕਾਰੀ ਤੇ ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਮਿੱਲ ਨੇ ਇਕ ਸਮਾਗਮ ’ਚ ਸ਼ਿਰਕਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਸ ਨੂੰ ਮਾਨ ਸਰਕਾਰ ਦੀ ਨਾਲਾਇਕੀ ਹੀ ਕਿਹਾ ਜਾਵੇਗਾ ਕਿ ਅੱਜ ਪੰਜਾਬ ਅੰਦਰ ਅਮਨ-ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋ ਚੁੱਕੀ ਹੈ, ਰੋਜ਼ਾਨਾ ਕੋਈ ਨਾ ਕੋਈ ਕਤਲੋਂ-ਗਾਰਤ ਦੀ ਮੰਦਭਾਗੀ ਘਟਨਾ ਵਾਪਰ ਰਹੀ ਹੈ।
ਨਸ਼ਿਆਂ ਦਾ ਦਰਿਆ ਸੂਬੇ ਦੀ ਜਵਾਨੀ ਨੂੰ ਡੋਬ ਰਿਹਾ ਹੈ, ਪਰ ਸਰਕਾਰ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਨੂੰ ਨੱਥ ਪਾਉਣ ’ਚ ਬੁਰੀ ਤਰ੍ਹਾਂ ਨਾਕਾਮ ਸਾਬਿਤ ਹੋ ਰਹੀ ਹੈ। ਪੰਜਾਬ ਦੇ ਨੌਜਵਾਨ ਨੌਕਰੀਆਂ ਲਈ ਸੰਘਰਸ਼ ਕਰਦੇ ਹੋਏ ਆਤਮ ਹੱਤਿਆਵਾਂ ਦੇ ਰਾਹ ਪੈ ਰਹੇ ਹਨ। ਨਾ ਤਾਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਮਿਲੇ, ਨਾ ਹੀ ਕਿਸਾਨਾਂ ਨੂੰ ਫ਼ਸਲਾਂ ਦੇ ਖ਼ਰਾਬੇ ਦਾ ਮੁਆਵਜਾ ਮਿਲਿਆ ਤੇ ਨਾ ਹੀ ਗਰੀਬ ਲੋਕਾਂ ਨੂੰ ਸਮੇਂ ਸਿਰ ਕਣਕ ਤੇ ਦਾਲ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ’ਚ ਹਰ ਫਰੰਟ ’ਤੇ ਫੇਲ ਸਾਬਤ ਹੋ ਰਹੀ ਹੈ ਤੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਤੋਂ ਭੱਜ ਰਹੀ ਹੈ। ਇਸ ਮੌਕੇ ਜਗਦੀਸ਼ ਮਿੱਤਲ ਵਲੋਂ ਸਮਾਗਮ ’ਚ ਪੁੱਜੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।