24-25 ਅਕਤੂਬਰ ਦੀ ਰਾਤ ਜਾਬਰ ਇਜਰਾਇਲੀ ਫੌਜ ਵੱਲੋਂ ਫਲਸਤੀਨ ’ਤੇ ਕੀਤੀ ਵਹਿਸ਼ੀ ਬੰਬਾਰੀ ਨਾਲ਼ ਇੱਕੋ ਰਾਤ 700 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਨਾਲ਼ 8 ਅਕਤੂਬਰ ਤੋਂ ਫਲਸਤੀਨ ਉੱਪਰ ਥੋਪੀ ਇਜਰਾਇਲੀ ਜੰਗ ਵਿੱਚ ਮਾਰੇ ਜਾਣ ਵਾਲ਼ੇ ਫਸਲਤੀਨੀਆਂ ਦੀ ਗਿਣਤੀ ਹੁਣ 6,000 ਲੰਘ ਗਈ ਹੈ ਜਿਹਨਾਂ ਵਿੱਚੋਂ 2,400 ਤੋਂ ਵੱਧ ਬੱਚੇ ਤੇ 1,200 ਤੋਂ ਵੱਧ ਔਰਤਾਂ ਸ਼ਾਮਲ ਹਨ। ਇਹਨਾਂ ਤੋਂ ਬਿਨਾਂ 15,000 ਤੋਂ ਵੱਧ ਫਲਸਤੀਨੀ ਬੁਰੀ ਤਰ੍ਹਾਂ ਜਖਮੀ ਹੋ ਚੁੱਕੇ ਹਨ ਪਰ ਇਜਰਾਇਲੀ ਧਾੜਵੀਆਂ ਵੱਲੋਂ ਹਸਪਤਾਲਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਤੇ ਹੁਣ ਤੱਕ 19 ਹਸਪਤਾਲ ਇਜਰਾਇਲੀ ਬੰਬਾਰੀ ਵਿੱਚ ਤਬਾਹ ਹੋ ਚੁੱਕੇ ਹਨ।

ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਗਾਜਾ ਸ਼ਹਿਰ ਦੀ 23 ਲੱਖ ਅਬਾਦੀ ਵਿੱਚੋਂ 14 ਲੱਖ ਅਬਾਦੀ ਨੂੰ ਆਪਣੇ ਘਰ-ਬਾਰ ਛੱਡਣੇ ਪੈ ਗਏ ਹਨ। ਇਜਰਾਇਲੀ ਜਾਬਰਾਂ ਵੱਲੋਂ ਉੱਤਰੀ ਗਾਜਾ ਨੂੰ ਖਾਲੀ ਕਰਨ ਦੀ ਦਿੱਤੀ ਚਿਤਾਵਨੀ ਤੇ ਬੰਬਾਰੀ ਕਾਰਨ ਹੋਈ ਤਬਾਹੀ ਨੂੰ ਦੇਖਦਿਆਂ ਬਹੁਤ ਸਾਰੇ ਫਲਸਤੀਨੀ ਦੱਖਣੀ ਗਾਜਾ ਵੱਲ ਚਲੇ ਗਏ ਹਨ ਜਦਕਿ 6 ਲੱਖ ਦੇ ਕਰੀਬ ਨੇ ਸਕੂਲਾਂ ਤੇ ਹੋਰ ਰਾਹਤ ਕੈਂਪਾਂ ਦੀ ਸ਼ਰਨ ਲਈ ਹੋਈ ਹੈ। ਇਜਰਾਇਲੀ ਹਮਲਿਆਂ ਵਿੱਚ ਇਸ ਛੋਟੇ ਜਿਹੇ ਇਲਾਕੇ ਦੀਆਂ 40% ਰਿਹਾਇਸ਼ੀ ਇਮਾਰਤਾਂ ਤਬਾਹ ਹੋ ਚੁੱਕੀਆਂ ਹਨ। ਪਰ ਇਜਰਾਇਲੀ ਜਾਬਰਾਂ ਦੀ ਕਰੂਰਤਾ ਦਾ ਐਥੋਂ ਅੰਦਾਜਾ ਲਾਓ ਕਿ ਇਹ ਪਿਛਲੇ ਹਫਤੇ ਤੋਂ ਦੱਖਣੀ ਗਾਜਾ ਉੱਪਰ ਵੀ ਬੰਬਾਰੀ ਕਰ ਰਿਹਾ ਹੈ ਜਿੱਥੇ ਇਸ ਨੇ ਫਲਸਤੀਨੀਆਂ ਨੂੰ ਸ਼ਰਨ ਵਾਸਤੇ ਜਾਣ ਲਈ ਕਿਹਾ ਸੀ। ਜਾਣੀ ਪਹਿਲਾਂ ਉੱਤਰੀ ਗਾਜਾ ਵਿੱਚੋਂ ਉਹਨਾਂ ਦੇ ਮਕਾਨ ਖਾਲੀ ਕਰਵਾ ਲਏ ਗਏ ਤੇ ਫੇਰ ਉਹਨਾਂ ਦਾ ਡਰੋਨਾਂ ਤੇ ਲੜਾਕੂ ਜਹਾਜਾਂ ਰਾਹੀਂ ਪਿੱਛਾ ਕਰਕੇ ਦੱਖਣ ਵਿੱਚ ਸ਼ਰਨ ਲਈ ਜਾਂਦਿਆਂ ਨੂੰ ਕਾਇਰਾਨਾ ਢੰਗ ਨਾਲ਼ ਨਿਸ਼ਾਨਾ ਬਣਾਇਆ ਗਿਆ।

ਜਾਲਮ ਇਜਰਾਇਲੀ ਹਕੂਮਤ ਵੱਲੋਂ ਗਾਜਾ ਪੱਟੀ ਵਿੱਚ ਅਨਾਜ ਦੀ ਪੂਰਤੀ ਰੋਕ ਕੇ ਫਲਸਤੀਨੀਆਂ ਨੂੰ ਭੁੱਖੇ ਮਾਰਨ ਦਾ ਹੌਲਨਾਕ ਕਾਰਾ ਵੀ ਕੀਤਾ ਜਾ ਰਿਹਾ ਹੈ। ਇੱਕ ਕੌਮਾਂਤਰੀ ਏਜੰਸੀ ਦੀ ਰਿਪੋਰਟ ਮੁਤਾਬਕ 9 ਅਕਤੂਬਰ ਤੋਂ ਸ਼ੁਰੂ ਹੋਏ ਇਜਰਾਇਲੀ ਹਮਲੇ ਤੋਂ ਬਾਅਦ ਸਿਰਫ਼ 2% ਅਨਾਜ ਰਾਹਤ ਹੀ ਗਾਜਾ ਪੱਟੀ ਤੱਕ ਪਹੁੰਚ ਸਕੀ ਹੈ ਤੇ ਜਿਹੜੀ ਪੂਰਤੀ ਗਾਜਾ ਦੇ ਅੰਦਰ ਹੈ ਉਹ ਵੀ ਇਜਰਾਇਲੀ ਹਮਲੇ ਕਾਰਨ ਤਬਾਹ ਹੋਈਆਂ ਸੜਕਾਂ ਜਾਂ ਤੇਲ ਦੀ ਕਮੀ ਕਾਰਨ ਲੋਕਾਂ ਤੱਕ ਨਹੀਂ ਪਹੁੰਚ ਰਹੀ। ਉੱਪਰੋਂ ਬਿਜਲੀ ਗਰਿੱਡਾਂ ਤੇ ਜਲ ਸਪਲਾਈ ਲਾਈਨਾਂ ਉੱਪਰ ਇਜਰਾਇਲੀ ਹਮਲਿਆਂ ਨੇ ਪੂਰੇ ਇਲਾਕੇ ਉੱਪਰ ਭਿਆਨਕ ਮਨੁੱਖੀ ਸੰਕਟ ਪੈਦਾ ਕਰ ਦਿੱਤਾ ਹੈ। ਕੁੱਲ ਮਿਲ਼ਾਕੇ “ਸਵੈ-ਰੱਖਿਆ” ਦੇ ਨਾਂ ’ਤੇ ਕੀਤੀ ਜਾ ਰਹੀ ਇਜਰਾਇਲੀ ਜਾਬਰਾਂ ਦੀ ਇਹ ਕਾਰਵਾਈ ਫਲਸਤੀਨੀਆਂ ਦੀ ਨਸਲਕੁਸ਼ੀ ਦੇ ਬਰਾਬਰ ਹੈ।

ਫਲਸਤੀਨੀਆਂ ਦੀ ਨਸਲਕੁਸ਼ੀ ਵਿੱਚ ਸਾਥ ਦਿੰਦਾ ਸਰਮਾਏਦਾਰਾ ਮੀਡੀਆ

ਜਿੱਥੇ ਇੱਕ ਪਾਸੇ ਇਜਰਾਇਲੀ ਹਾਕਮ ਆਪਣੀ ਫੌਜ ਰਾਹੀਂ ਸਿੱਧਾ ਫਸਲਤੀਨੀਆਂ ਦੀ ਨਸਲਕੁਸ਼ੀ ਨੂੰ ਅੰਜਾਮ ਦੇ ਰਹੇ ਹਨ ਓਥੇ ਹੀ ਇਜਰਾਇਲ ਤੇ ਪੱਛਮੀ ਸਾਮਰਾਜੀ ਮੁਲਕਾਂ ਦਾ ਸਰਮਾਏਦਾਰਾ ਮੀਡੀਆ ਵੀ ਇਸ ਕਤਲੇਆਮ ਨੂੰ ਜਾਇਜ ਠਹਿਰਾਉਣ ਵਿੱਚ ਆਪਣੀ ਪੂਰੀ ਭੂਮਿਕਾ ਨਿਭਾ ਰਿਹਾ ਹੈ। ਇਹ ਮੀਡੀਆ ਅਦਾਰੇ ਇਜਰਾਇਲ ਦੇ ਮੌਜੂਦਾ ਹਮਲੇ ਨੂੰ “ਸਵੈ ਰੱਖਿਆ” ਤਹਿਤ ਕੀਤੇ ਹਮਲੇ ਵਜੋਂ ਪੇਸ਼ ਕਰਦੇ ਹੋਏ ਇਸ ਕਤਲੇਆਮ ਦਾ ਵਿਚਾਰਕ ਅਧਾਰ ਤਿਆਰ ਕਰ ਰਹੇ ਹਨ। ਹਮਾਸ ਵੱਲੋਂ ਕੀਤੇ ਹਮਲੇ ਦੀ ਇੱਕਪਾਸੜ ਚਰਚਾ ਛੇੜ, ਇਜਰਾਇਲ ਵੱਲੋਂ ਹਜਾਰਾਂ ਫਲਸਤੀਨੀਆਂ ਦੇ ਕੀਤੇ ਜਾ ਰਹੇ ਕਤਲੇਆਮ ਤੇ ਉਹਨਾਂ ਤੱਕ ਦਵਾਈ, ਬਿਜਲੀ, ਪਾਣੀ ਜਿਹੀਆਂ ਬੁਨਿਆਦੀ ਲੋੜਾਂ ਦੀ ਪਹੁੰਚ ਰੋਕਣ ਦੀ ਵਹਿਸ਼ੀਆਨਾ ਕਾਰਵਾਈ ’ਤੇ ਪਰਦਾ ਪਾਇਆ ਜਾ ਰਿਹਾ ਹੈ। ਇਸ ਹਾਕਮ ਮੀਡੀਆ ਵਿੱਚ ਫਲਸਤੀਨੀ ਲੋਕਾਂ ਦੇ ਅਜਾਦੀ ਸੰਘਰਸ਼ ਨੂੰ “ਦਹਿਸ਼ਤੀ” ਕਾਰਵਾਈ ਗਰਦਾਨਕੇ ਇਜਰਾਇਲ-ਫਲਸਤੀਨ ਮਸਲੇ ਦੇ ਪੂਰੇ ਸੰਦਰਭ ਨੂੰ ਹੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਮਰਾਜੀ ਚੌਂਕੀ ਵਜੋਂ ਮੱਧ-ਪੂਰਬ ਵਿੱਚ ਇਜਰਾਇਲ ਦੀ ਬਰਤਾਨਵੀ ਸਾਮਰਾਜੀਆਂ ਵੱਲੋਂ ਕੀਤੀ ਸਥਾਪਨਾ, ਇਸ ਨੂੰ ਲਗਾਤਾਰ ਮਿਲ਼ਦੀ ਰਹੀ ਅਮਰੀਕੀ ਸ਼ਹਿ ਤੇ 75 ਸਾਲਾਂ ਤੋਂ ਲਗਾਤਾਰ ਫਲਸਤੀਨੀਆਂ ਦੀ ਜਮੀਨ ’ਤੇ ਕੀਤੇ ਜਾ ਰਹੇ ਕਬਜੇ ਦੇ ਮਸਲੇ ਨੂੰ ਪੂਰੀ ਤਰ੍ਹਾਂ ਗੋਲ਼ ਕਰ ਦਿੱਤਾ ਗਿਆ ਹੈ। ਜੇ ਸਿੱਧਮ-ਸਿੱਧਾ ਇਜਰਾਇਲ ਦੇ ਹੱਕ ਵਿੱਚ ਕੋਈ ਪੱਛਮੀ ਸਰਮਾਏਦਾਰਾ ਮੀਡੀਆ ਅਦਾਰਾ ਨਹੀਂ ਵੀ ਖੜ੍ਹ ਰਿਹਾ ਤਾਂ ਉਹ ਅਸਿੱਧੇ ਢੰਗ ਨਾਲ਼ ਇਜਰਾਇਲੀ ਜਾਬਰਾਂ ਦੇ ਹੀ ਹਿੱਤ ਪੂਰਦਾ ਹੈ। ਮਿਸਾਲ ਦੇ ਤੌਰ ’ਤੇ ਪਿਛਲੇ ਸਮੇਂ ਵਿੱਚ ਅਖਬਾਰਾਂ ਦੀਆਂ ਸੁਰਖੀਆਂ ’ਤੇ ਗੌਰ ਕਰਨ ’ਤੇ ਅਸੀਂ ਵੇਖਦੇ ਹਾਂ ਕਿ ਬਹੁਤੇ ਅਖਬਾਰਾਂ ਵਿੱਚ ਮਸਲੇ ਨੂੰ “ਇਜਰਾਇਲ-ਫਲਸਤੀਨ ਜੰਗ” ਜਾਂ “ਇਜਰਾਇਲ-ਹਮਾਸ ਜੰਗ” ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਅਜਿਹਾ ਕਰਕੇ ਦੋਹਾਂ ਧਿਰਾਂ ਨੂੰ ਬਰਾਬਰ ਦੀਆਂ ਧਿਰਾਂ ਬਣਾਕੇ ਪੇਸ਼ ਕੀਤਾ ਗਿਆ ਹੈ ਜਦਕਿ ਹਕੀਕਤ ਇਹ ਹੈ ਕਿ ਦੋਹਾਂ ਵਿੱਚੋਂ ਇੱਕ ਧਿਰ ਧਾੜਵੀ ਹੈ ਤੇ ਦੂਜੀ ਪੀੜਤ ਹੈ, ਲੁੱਟੀਂਦੀ ਹੈ। ਦੋਸ਼ੀ ਤੇ ਪੀੜਤ ਧਿਰ ਨੂੰ ਇੱਕੋ ਕੰਡੇ ਤੋਲ ਕੇ ਮਸਲੇ ਦੀ ਪੂਰੀ ਸੱਚਾਈ ਹੀ ਵਿਗਾੜੀ ਜਾ ਰਹੀ ਹੈ। ਤੇ ਇਹ ਹਾਲ ਨਿਊਯਾਰਕ ਟਾਇਮਸ, ਬੀਬੀਸੀ ਜਿਹੇ “ਅਗਾਂਹਵਧੂ” ਕਹੇ ਜਾਂਦੇ ਅਦਾਰਿਆਂ ਦਾ ਹੈ। ਕਈ ਸੱਜੇ-ਪੱਖੀ ਵੱਡੇ ਮੀਡੀਆ ਅਦਾਰੇ ਤਾਂ ਸਿੱਧਮ-ਸਿੱਧਾ ਫਲਸਤੀਨੀਆਂ ਦਾ ਸਫਾਇਆ ਕਰਨ ਦੀ ਹੱਦ ਤੱਕ ਭੜਕਾਊ ਪ੍ਰਚਾਰ ਕਰ ਰਹੇ ਹਨ। ਭਾਰਤ ਵਿਚਲੇ ਬਹੁਤੇ ਵਿਕਾਊ ਮੀਡੀਆ ਅਦਾਰਿਆਂ ਦਾ ਵੀ ਇਹੀ ਹਾਲ ਹੈ।

ਐਨਾ ਹੀ ਨਹੀਂ, ਫਲਸਤੀਨੀ ਲੋਕਾਂ ਦੇ ਹੱਕ ਵਿੱਚ ਖੜ੍ਹਨ ਨੂੰ ਜੁਰਮ ਐਲਾਨਿਆ ਜਾ ਰਿਹਾ ਹੈ। ਫਰਾਂਸ, ਜਰਮਨੀ, ਇਟਲੀ, ਇੰਗਲੈਂਡ ਆਦਿ ਵਿੱਚ ਫਲਸਤੀਨੀਆਂ ਦੇ ਹੱਕ ਵਿੱਚ ਮੁਜਾਹਰਿਆਂ ’ਤੇ ਰੋਕ ਲਾਈ ਗਈ ਹੈ ਪਰ ਇਸਦੇ ਬਾਵਜੂਦ ਦਹਿ ਹਜਾਰਾਂ ਲੋਕਾਂ ਨੇ ਮਜਲੂਮਾਂ ਦੇ ਹੱਕ ਵਿੱਚ ਇਹਨਾਂ ਮੁਲਕਾਂ ਅੰਦਰ ਵੱਡੇ ਰੋਸ ਮੁਜਾਹਰੇ ਜਥੇਬੰਦ ਕੀਤੇ ਹਨ। ਇਸੇ ਤਰ੍ਹਾਂ ਕੁੱਝ ਪੱਤਰਕਾਰਾਂ ਨੂੰ ਫਲਸਤੀਨ ਪੱਖੀ ਰਿਪੋਰਟਿੰਗ ਕਰਨ ’ਤੇ ਉਹਨਾਂ ਦੇ ਅਦਾਰਿਆਂ ਵੱਲੋਂ ਨੌਕਰੀਓਂ ਹਟਾਉਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ।

ਵੱਡੀ ਖੇਤਰੀ ਜੰਗ ਵਿੱਚ ਤਬਦੀਲ ਹੋ ਸਕਦੀ ਹੈ ਇਹ ਜੰਗ

ਸਾਮਰਾਜੀ ਅਮਰੀਕਾ, ਜਿਸਦੀ ਫੌਜ ਨੇ ਮੱਧ-ਪੂਰਬ ਵਿੱਚ ਪਿਛਲੇ ਦੋ-ਢਾਈ ਦਹਾਕਿਆਂ ਵਿੱਚ ਹੀ ਦਸ ਲੱਖ ਤੋਂ ਵੱਧ ਲੋਕਾਂ ਦਾ ਕਤਲੇਆਮ ਕੀਤਾ ਹੈ, ਹੁਣ ਇਜਰਾਇਲ ਨੂੰ ਹਥਿਆਰਬੰਦ ਕਰਕੇ, ਉਸਨੂੰ ਸ਼ਹਿ ਦੇ ਕੇ ਨਾ ਸਿਰਫ਼ ਫਲਸਤੀਨੀਆਂ ਦੇ ਲਹੂ ਵਿੱਚ ਆਪਣੇ ਹੱਥ ਰੰਗ ਰਿਹਾ ਹੈ ਸਗੋਂ ਖਿੱਤੇ ਵਿੱਚ ਵੱਡੀ ਜੰਗ ਦੀਆਂ ਸੰਭਾਵਨਾਵਾ ਵਧਾ ਰਿਹਾ ਹੈ। ਅਮਰੀਕੀ ਸ਼ਹਿ ਕਾਰਨ ਝੱਲਾ ਹੋਇਆ ਇਜਰਾਇਲ ਇੱਕੋ ਵੇਲ਼ੇ ਗਾਜਾ ਪੱਟੀ, ਪੱਛਮੀ ਕੰਢੇ, ਲਿਬਨਾਨ ਤੇ ਸੀਰੀਆ ’ਤੇ ਹਮਲੇ ਕਰਕੇ ਵੱਡੀ ਜੰਗ ਨੂੰ ਸੱਦਾ ਦੇ ਰਿਹਾ ਹੈ। ਜੰਗ ਦੇ ਖੁਮਾਰ ਵਿੱਚ ਝੱਲੇ ਹੋ ਇਜਰਾਇਲੀ ਅਧਿਕਾਰੀ ਸ਼ਰੇਆਮ ਐਲਾਨ ਕਰ ਰਹੇ ਹਨ ਕਿ ਜੇਕਰ ਲਿਬਨਾਨ ਵਿਚਲੀ ਹਿਜਬੁੱਲ੍ਹਾ ਜਥੇਬੰਦੀ ਨੇ ਉਹਨਾਂ ਖਿਲਾਫ ਕੋਈ ਕਾਰਵਾਈ ਕੀਤੀ ਤਾਂ ਉਹ ਇਰਾਨ ਦਾ ਵਜੂਦ ਖਤਮ ਕਰ ਦੇਵੇਗਾ। ਪਰ ਦੂਜੇ ਪਾਸੇ ਇਜਰਾਇਲ ਖੁਦ ਦੱਖਣੀ ਲਿਬਨਾਨ ਉੱਪਰ ਹਮਲੇ ਕਰ ਰਿਹਾ ਹੈ ਤੇ ਇਸਨੇ ਆਪਣੇ ਉੱਤਰੀ ਇਲਾਕੇ ਵਿੱਚੋਂ ਦੋ ਲੱਖ ਲੋਕਾਂ ਨੂੰ ਕੱਢ ਲਿਆ ਹੈ। ਇਹ ਸਪੱਸ਼ਟ ਤੌਰ ’ਤੇ ਇਜਰਾਇਲੀ ਧਾੜਵੀਆਂ ਵੱਲੋਂ ਜੰਗ ਵਧਾਏ ਜਾਣ ਦੀ ਤਿਆਰੀ ਦਾ ਕਦਮ ਹੈ।

ਵਾਸ਼ਿੰਗਟਨ ਵੱਲੋਂ ਪਹਿਲੋਂ ਹੀ ਦੋ ਵੱਡੇ ਜੰਗੀ ਬੇੜੇ ਖਿੱਤੇ ਵਿੱਚ ਭੇਜੇ ਜਾ ਚੁੱਕੇ ਹਨ, ਦਸ ਹਜਾਰ ਦੇ ਕਰੀਬ ਫੌਜੀ ਤਾਇਨਾਤ ਕੀਤੇ ਜਾ ਚੁੱਕੇ ਹਨ ਤੇ ਹੁਣ ਇਰਾਕ, ਸੀਰੀਆ, ਸਾਊਦੀ ਅਰਬ, ਜਾਰਡਨ ਤੇ ਕੁਵੈਤ ਵਿੱਚ ਗੈਰਕਾਨੂੰਨੀ ਢੰਗ ਨਾਲ਼ ਬੈਠੀਆਂ ਆਪਣੀਆਂ ਫੌਜਾਂ ਦੀ “ਰਾਖੀ” ਬਹਾਨੇ 11 ਮਿਸਾਇਲ ਰੱਖਿਆ ਢਾਂਚੇ ਤਾਇਨਾਤ ਕਰਨ ਦੀ ਤਿਆਰੀ ਚੱਲ ਰਹੀ ਹੈ। ਅਮਰੀਕੀ ਸਦਰ ਜੋਅ ਬਾਈਡਨ ਨੇ ਆਪਣੀ ਕਾਂਗਰਸ ਨੂੰ ਅਮਰੀਕੀ ਫੌਜ ਨੂੰ 105 ਅਰਬ ਡਾਲਰ ਹੋਰ ਜਾਰੀ ਕਰਨ ਦੀ ਮੰਗ ਕੀਤੀ ਹੈ। ਪਹਿਲੋਂ ਹੀ ਰਿਕਾਰਡਤੋੜ ਕਰਜੇ ਸਹਾਰੇ ਚੱਲ ਰਹੀ ਅਮਰੀਕੀ ਹਕੂਮਤ ਆਪਣੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਦੀ ਥਾਂ ਆਪਣੀ ਫੌਜੀ ਤਾਕਤ ਸਹਾਰੇ ਸੰਸਾਰ ਸਿਆਸਤ ਵਿੱਚ ਆਪਣੀ ਖੁੱਸ ਰਹੀ ਸਾਮਰਾਜੀ ਧੌਂਸ ਕਾਇਮ ਰੱਖਣ ਲਈ ਬਜਿੱਦ ਹੈ। ਇਹਨਾਂ ਦਾ ਖਿੱਤੇ ਵਿੱਚ ਅਸਲ ਨਿਸ਼ਾਨਾ ਇਰਾਨ ਹੈ ਤੇ ਇਰਾਨ ਇਸ ਵੇਲ਼ੇ ਰੂਸ-ਚੀਨ ਸਾਮਰਾਜੀ ਧੜੇ ਨਾਲ਼ ਜੁੜਿਆ ਖਿੱਤੇ ਦਾ ਅਹਿਮ ਮੁਲਕ ਹੈ।

ਪਰ ਮੱਧ-ਪੂਰਬ ਹੁਣ ਉਹੋ ਜਿਹਾ ਬਿਲਕੁਲ ਨਹੀਂ ਜਿਹੋ ਜਿਹਾ 1973ਜਾਂ ਉਸ ਤੋਂ ਪਹਿਲੀਆਂ ਅਰਬ-ਇਜਰਾਇਲੀ ਜੰਗਾਂ ਵੇਲ਼ੇ ਸੀ। ਮੱਧ-ਪੂਰਬ ਦੇ ਕਈ ਮੁਲਕ ਆਰਥਿਕ ਤੌਰ ’ਤੇ 1973 ਦੀ ਸਥਿਤੀ ਤੋਂ ਕਿਤੇ ਬਿਹਤਰ ਹਾਲਤ ਵਿੱਚ ਹਨ ਤੇ ਇਸ ਤੋਂ ਵੀ ਅਹਿਮ ਇਹ ਕਿ ਖਿੱਤੇ ਦੇ ਲੋਕਾਂ ਦੀ ਚੇਤਨਾ ਵਿੱਚ ਵੱਡੀ ਤਬਦੀਲੀ ਆਈ ਹੈ। ਫਲਸਤੀਨ ਦੇ ਮਾਮਲੇ ਵਿੱਚ ਮੱਧ-ਪੂਰਬ ਵਿੱਚ ਹੋ ਰਹੇ ਦਹਿ ਲੱਖਾਂ ਦੇ ਇਕੱਠ ਦਰਸਾ ਰਹੇ ਹਨ ਕਿ ਆਮ ਲੋਕ ਸ਼ੀਆ-ਸੁੰਨੀ ਦੀ ਵੰਡ ਤੋਂ ਪਰ੍ਹੇ ਸਾਮਰਾਜੀ ਦਖਲਅੰਦਾਜੀ ਤੇ ਇਜਰਾਇਲੀ ਧਾੜਵੀਆਂ ਵੱਲੋਂ ਖਿੱਤੇ ਵਿੱਚ ਲਾਈ ਅੱਗ ਖਿਲਾਫ ਨਫਰਤ ਨਾਲ਼ ਭਰੇ ਹਨ। ਇਸ ਲਈ ਬਾਵਜੂਦ ਕਿ ਐਥੋਂ ਦੀਆਂ ਕਈ ਹਕੂਮਤਾਂ ਨੇ ਪਿਛਲੇ ਸਮੇਂ ਵਿੱਚ ਇਜਰਾਇਲ ਨਾਲ਼ ਆਪਣੇ ਸਬੰਧ ਦੋਸਤਾਨਾ ਬਣਾ ਲਏ ਹਨ, ਜੇਕਰ ਭੂਤਰਿਆ ਇਜਰਾਇਲ ਜੰਗ ਨੂੰ ਫਲਸਤੀਨ ਤੋਂ ਬਾਹਰ ਲਿਜਾਂਦਾ ਹੈ ਜਾਂ ਫਲਸਤੀਨ ਉੱਪਰ ਜਮੀਨੀ ਹਮਲੇ ਵੱਲ ਵਧਦਾ ਹੈ ਤਾਂ ਆਮ ਲੋਕਾਂ ਦੇ ਦਬਾਅ ਸਦਕਾ ਅਰਬ ਹਕੂਮਤਾਂ ਨੂੰ ਚਾਹੇ-ਅਣਚਾਹੇ ਇਜਰਾਇਲ ਖਿਲਾਫ ਸਾਂਝਾ ਮੁਹਾਜ ਬਣਾਉਣਾ ਪੈ ਸਕਦਾ ਹੈ। ਇਸ ਤੋਂ ਬਿਨਾਂ ਹਮਾਸ ਤੇ ਉਸ ਤੋਂ ਵਧਕੇ ਗੁਆਂਢੀ ਲਿਬਨਾਨ ਸਥਿਤ ਇਰਾਨ ਥਾਪੜੇ ਨਾਲ਼ ਖੜ੍ਹੀ ਹਿਜਬੁੱਲ੍ਹਾ ਦੀ ਫੌਜੀ ਤਾਕਤ ਪਹਿਲਾਂ ਨਾਲ਼ੋਂ ਬਹੁਤ ਵਧੀ ਹੋਈ ਹੈ ਤੇ ਉਸ ਕੋਲ਼ ਸਿਖਲਾਈ ਯਾਫਤਾ ਫੌਜੀਆਂ ਦੀ ਵੱਡੀ ਗਿਣਤੀ ਤੋਂ ਬਿਨਾਂ ਇਰਾਨ ਤੇ ਰੂਸ ਤੋਂ ਮਿਲ਼ਦੇ ਹਥਿਆਰਾਂ ਤੇ ਮਿਸਾਈਲਾਂ ਦੇ ਵੱਡੇ ਭੰਡਾਰ ਹਨ।

ਇਸੇ ਖਦਸ਼ੇ ਤੇ ਹੋਰ ਕਾਰਨਾਂ ਕਰਕੇ ਲੱਗ ਰਿਹਾ ਹੈ ਕਿ ਇਜਰਾਇਲ ਨੇ ਫਿਲਹਾਲ ਜਮੀਨੀ ਹਮਲੇ ਨੂੰ ਵਕਤੀ ਤੌਰ ’ਤੇ ਟਾਲ਼ਿਆ ਹੈ। ਇੱਕ ਹੋਰ ਰਿਪੋਰਟ ਮੁਤਾਬਕ ਸਾਮਰਾਜੀ ਅਮਰੀਕਾ ਨੇ ਵੀ ਮੱਧ-ਪੂਰਬ ਖਿੱਤੇ ਵਿੱਚ ਆਪਣੇ ਫੌਜੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹੋਰ ਤਿਆਰੀ ਤਹਿਤ ਫਲਸਤੀਨ ਉੱਪਰ ਜਮੀਨੀ ਹਮਲਾ ਥੋੜ੍ਹਾ ਪਿੱਛੇ ਪਾਉਣ ਲਈ ਦਬਾਅ ਪਾਇਆ ਹੈ। ਫਿਲਹਾਲ ਅੱਗੇ ਕੀ ਸਥਿਤੀ ਬਣਦੀ ਹੈ ਇਹ ਤਾਂ ਸਮਾਂ ਦੱਸੇਗਾ ਪਰ ਐਨਾ ਤੈਅ ਹੈ ਕਿ ਜੇਕਰ ਇਜਰਾਇਲ ਜਮੀਨੀ ਹਮਲੇ ਵੱਲ ਵਧਦਾ ਹੈ ਤਾਂ ਇਹ ਦੂਜੀ ਸੰਸਾਰ ਜੰਗ ਤੋਂ ਬਾਅਦ ਮੱਧ-ਪੂਰਬ ਦੇ ਖਿੱਤੇ ਦੀ ਸਭ ਤੋਂ ਵੱਡੀ ਜੰਗ ਸਾਬਤ ਹੋ ਸਕਦੀ ਹੈ। ਇੱਕ ਸਾਬਕਾ ਅਮਰੀਕੀ ਫੌਜੀ ਕਰਨਲ ਤੇ ਟਰੰਪ ਦੌਰ ਵਿੱਚ ਸੁਰੱਖਿਆ ਸਕੱਤਰ ਦੇ ਸੀਨੀਅਰ ਸਲਾਹਕਾਰ ਰਹੇ ਡੌਗਲਸ ਮੈਗਰੇਗਰ ਨੇ ਜੰਗ ਨਾ ਵਧਾਉਣ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਅਜਿਹੀ ਜੰਗ ਦੇ ਨਤੀਜੇ ਅਮਰੀਕਾ ਤੇ ਇਜਰਾਇਲ ਦੋਹਾਂ ਲਈ ਆਸ ਤੋਂ ਬਿਲਕੁਲ ਉਲਟ ਨਿੱਕਲ ਸਕਦੇ ਹਨ ਤੇ ਇਜਰਾਇਲ ਦੀ ਸਥਿਤੀ ਯੂਕਰੇਨ ਵਰਗੀ ਬਣ ਸਕਦੀ ਹੈ। ਜੰਗ ਕਿੰਨੀ ਅੱਗੇ ਵਧਦੀ ਹੈ ਤੇ ਕੌਣ ਕਿਸ ’ਤੇ ਭਾਰੂ ਰਹਿੰਦਾ ਹੈ ਇਹ ਤਾਂ ਫਿਲਹਾਲ ਕਿਆਸ ਦੀਆਂ ਗੱਲਾਂ ਹਨ ਪਰ ਐਨਾ ਤੈਅ ਹੈ ਕਿ ਸਾਮਰਾਜੀ ਅਮਰੀਕਾ ਤੇ ਇਸਦੇ ਪੱਛਮੀ ਯੂਰਪੀ ਸੰਗੀਆਂ ਵੱਲੋਂ ਸ਼ਿਸ਼ਕਾਰੇ ਇਜਰਾਇਲ ਦੀਆਂ ਕਰਤੂਤਾਂ ਇਸ ਖਿੱਤੇ ਵਿੱਚ ਅਜਿਹੇ ਲਾਂਬੂ ਭੜਕਾ ਚੁੱਕੀਆਂ ਹਨ ਜਿਹਨਾਂ ਦੇ ਨਤੀਜੇ ਆਉਂਦੇ ਲੰਬੇ ਸਮੇਂ ਤੱਕ ਆਮ ਲੋਕਾਂ ਨੂੰ ਭੁਗਤਣੇ ਪੈਣੇ ਹਨ।

ਪਰ ਲੋਕ ਵੀ ਇਸ ਪੂਰੇ ਘਟਨਾਕ੍ਰਮ ਵਿੱਚ ਮੂਕ ਦਰਸ਼ਕ ਬਣਕੇ ਨਹੀਂ ਬੈਠੇ ਹਨ। ਅਰਬ ਮੁਲਕਾਂ, ਇਰਾਨ, ਤੁਰਕੀ ਆਦਿ ਮੱਧ-ਪੂਰਬ ਦੇ ਮੁਲਕਾਂ ਵਿੱਚ ਜਿੱਥੇ ਫਿਰਕਿਆਂ ਤੋਂ ਉੱਪਰ ਉੱਠਕੇ ਫਲਸਤੀਨ ਦੇ ਹੱਕ ਵਿੱਚ ਲੱਖਾਂ-ਲੱਖਾਂ ਦੇ ਇਕੱਠ ਹੋਏ ਹਨ ਓਥੇ ਹੀ ਯੂਰਪ ਵਿੱਚ ਵੀ ਇਜਰਾਇਲੀ ਹਮਲਿਆਂ ਖਿਲਾਫ ਵੱਡੇ ਇਕੱਠ ਹੋ ਰਹੇ ਹਨ। ਪਹਿਲੋਂ ਹੀ ਸਾਮਰਾਜੀਆਂ ਵੱਲੋਂ ਛੇੜੀ ਯੂਕਰੇਨ ਜੰਗ ਦੇ ਗੰਭੀਰ ਸਿੱਟੇ ਭੁਗਤ ਰਹੇ ਯੂਰਪ ਦੇ ਲੋਕ ਇੱਕ ਹੋਰ ਅੰਤਰ-ਸਾਮਰਾਜੀ ਖਹਿਭੇੜ, ਇੱਕ ਹੋਰ ਮਨੁੱਖਤਾ ਦਾ ਕਤਲੇਆਮ ਨਹੀਂ ਚਾਹੁੰਦੇ ਤੇ ਇਸੇ ਲਈ ਵੱਡੇ ਮੁਜਾਹਰਿਆਂ ਰਾਹੀਂ ਆਪਣੀ ਹਕੂਮਤ ’ਤੇ ਇਜਰਾਇਲ ਦਾ ਸਾਥ ਛੱਡਣ, ਉਸਦੀ ਇੱਕਪਾਸੜ ਜੰਗ ਲਈ ਸਾਥ ਨਾ ਦੇਣ ਤੇ ਫਲਸਤੀਨੀ ਲੋਕਾਂ ਦੇ ਮੁਕਤੀ ਸੰਘਰਸ਼ ਨਾਲ਼ ਯੱਕਜਹਿਤੀ ਜਤਾਉਣ ਲਈ ਵੱਡੇ ਮੁਜਾਹਰੇ ਕਰ ਰਹੇ ਹਨ। ਲੰਡਨ ਵਿੱਚ ਹੋਏ ਅਜਿਹੇ ਮੁਜਾਹਰੇ ਵਿੱਚ 3 ਲੱਖ ਤੋਂ ਵੱਧ ਦਾ ਇਕੱਠ ਹੋਇਆ ਤੇ ਇਹ 2003 ਦੀ ਇਰਾਕ ਜੰਗ ਤੋਂ ਬਾਅਦ ਸਭ ਤੋਂ ਵੱਡਾ ਸਾਮਰਾਜੀ ਜੰਗ ਵਿਰੋਧੀ ਮੁਜਾਹਰਾ ਸੀ। ਇਹ ਜੰਗ ਵਿਰੋਧੀ ਮੁਜਾਹਰੇ ਆਉਣ ਵਾਲ਼ੇ ਸਮੇਂ ਦਾ ਸ਼ੁਭ ਸੰਕੇਤ ਤਾਂ ਹਨ ਪਰ ਅਜੇ ਇਹ ਆਮ ਲੋਕਾਂ ਨੂੰ ਆ ਰਹੀਆਂ ਆਰਥਿਕ ਮੁਸ਼ਕਲਾਂ, ਆਮ ਲੋਕਾਂ ਦੀਆਂ ਆਰਥਿਕ ਮੰਗਾਂ ਤੇ ਹੜ੍ਹਤਾਲਾਂ, ਆਮ ਲੋਕਾਂ ਦੇ ਡਿੱਗ ਰਹੇ ਜੀਵਨ ਪੱਧਰ ਤੇ ਵਧ ਰਹੀ ਗੈਰ-ਬਰਾਬਰੀ ਜਿਹੇ ਮੁੱਦਿਆਂ ਨਾਲ਼ ਇੱਕਸੁਰ ਨਹੀਂ ਹੋਏ। ਜਾਹਰ ਹੈ ਲੋਕਾਂ ਦੀਆਂ ਜੰਗ ਵਿਰੋਧੀ ਭਾਵਨਾਵਾਂ ਨੂੰ ਕੋਈ ਸੂਝ ਭਰੀ ਇਨਕਲਾਬੀ ਤਾਕਤ ਹੀ ਇਸ ਪੂਰੇ ਮਨੁੱਖ ਦੋਖੀ ਸਰਮਾਏਦਾਰਾ-ਸਾਮਰਾਜੀ ਢਾਂਚੇ ਖਿਲਾਫ ਲੜਾਈ ਨਾਲ਼ ਮੇਚ ਸਕਦੀ ਹੈ ਤੇ ਮਨੁੱਖਤਾ ਨੂੰ ਇਸ ਸਾਮਰਾਜੀ ਬਰਬਰਤਾ ਤੋਂ ਨਿਜਾਤ ਦਵਾ ਸਕਦੀ ਹੈ।

Posted By SonyGoyal

Leave a Reply

Your email address will not be published. Required fields are marked *