ਕੁਲਵਿੰਦਰ ਕੌਰ ਅਤੇ ਉਸ ਦੇ ਪਰਿਵਾਰ ਤੇ ਜਬਰ ਢਾਹੁਣ ਦੀ ਇਜਾਜ਼ਤ ਨਹੀਂ ਦਿਆਂਗੇ – ਗੁਰਦੀਪ ਰਾਮਪੁਰਾ
ਨੌਜਵਾਨੋਂ, ਕਿਸਾਨ ਮਜ਼ਦੂਰ ਲਹਿਰ ਦੀ ਉਸਾਰੀ ਲਈ ਦਿਨ ਰਾਤ ਇੱਕ ਕਰ ਦਿਉ – ਹਰੀਸ਼ ਨੱਢਾ
ਬਰਨਾਲਾ 7 ਜੂਨ (univision news india) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਕਮੇਟੀ ਨੇ ਬੀਤੀ ਰਾਤ ਚੰਡੀਗੜ੍ਹ ਹਵਾਈ ਅੱਡੇ ਤੇ ਸੀ ਆਈ ਐਸ ਐਫ ਦੀ ਮੁਲਾਜ਼ਮ ਕੁਲਵਿੰਦਰ ਕੌਰ ਵੱਲੋਂ ਕੰਗਣਾ ਰਣੌਤ ਦੇ ਮਾਰੇ ਗਏ ਥੱਪੜ ਬਾਰੇ ਕਿਹਾ ਹੈ ਕਿ ਭਾਜਪਾ ਵੱਲੋਂ ਗਿਣੀ ਮਿਥੀ ਸਾਜ਼ਿਸ਼ ਤਹਿਤ ਕਈ ਸਾਲਾਂ ਤੋਂ ਘੱਟ ਗਿਣਤੀਆਂ, ਕਿਸਾਨਾਂ ਅਤੇ ਮਜ਼ਦੂਰਾਂ ਦੇ ਖਿਲਾਫ ਲਗਾਤਾਰ ਨਫਰਤ ਭੜਕਾਈ ਜਾ ਰਹੀ ਹੈ। ਚੋਣਾਂ ਦੌਰਾਨ ਭਾਜਪਾ ਵੱਲੋਂ ਖੜੇ ਕੀਤੇ ਹੋਰ ਉਮੀਦਵਾਰ ਖਾਸ ਕਰ ਹੰਸ ਰਾਜ ਹੰਸ ਅਤੇ ਰਵਨੀਤ ਬਿੱਟੂ ਅਤੇ ਉਹਨਾਂ ਤੋਂ ਪਹਿਲਾਂ ਹਰਜੀਤ ਗਰੇਵਾਲ ਵਰਗੇ ਆਗੂ ਵੀ ਇਸੇ ਸਾਜਿਸ਼ ਤਹਿਤ ਕਿਸਾਨਾਂ ਮਜ਼ਦੂਰਾਂ ਦੇ ਖਿਲਾਫ ਇਸ ਤਰ੍ਹਾਂ ਦੀ ਬੋਲੀ ਬੋਲਦੇ ਰਹੇ ਹਨ। ਉਹਨਾਂ ਕਿਹਾ ਕਿ ਘਟਨਾ ਬਾਰੇ ਮਿਲੀ ਜਾਣਕਾਰੀ ਅਨੁਸਾਰ ਕੁਲਵਿੰਦਰ ਕੌਰ ਨੇ ਕੰਗਨਾ ਰਣੌਤ ਨੂੰ ਆਪਣਾ ਮੋਬਾਈਲ ਅਤੇ ਪਰਸ ਵਗੈਰਾ ਸਿਕਿਉਰਟੀ ਚੈੱਕ ਵਾਸਤੇ ਟਰੇਅ ਵਿੱਚ ਰੱਖਣ ਲਈ ਕਿਹਾ ਸੀ ਪਰ ਹੰਕਾਰ ਵਿੱਚ ਗੜੁੱਚ ਕੰਗਨਾ ਵੱਲੋਂ ਕੁਲਵਿੰਦਰ ਕੌਰ ਨਾਲ ਦੁਰਵਿਹਾਰ ਕਰਦੇ ਹੋਏ ਉਸਨੂੰ “ਕੌਰ ਖਾਲਿਸਤਾਨੀ’ ਤੱਕ ਕਿਹਾ ਗਿਆ। ਉਸ ਤੋਂ ਪਹਿਲਾਂ ਵੀ ਕਿਸਾਨ ਸੰਘਰਸ਼ ਵਿੱਚ ਸ਼ਾਮਿਲ ਬੀਬੀਆਂ ਨੂੰ ਕੰਗਨਾ ਵੱਲੋਂ ਕਿਹਾ ਗਿਆ ਸੀ ਕਿ “ਉਹ ਸੌ ਸੌ ਰੁਪਏ ਵਿੱਚ ਮਿਲਦੀਆਂ ਹਨ।”
ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਕੰਗਨਾ ਰਨੌਤ ਹਿਮਾਚਲ ਦੀਆਂ ਕੁੜੀਆਂ ਨੂੰ ਵਿਰੋਧੀਆਂ ਦੇ ਥੱਪੜ ਮਾਰਨ ਲਈ ਉਕਸਾ ਰਹੀ ਹੈ ਪਰ ਜਦੋਂ ਉਸ ਦੀ ਉਕਸਾਹਟ ਭਰੀ ਇਸ ਭਾਸ਼ਾ ਕਾਰਨ ਅਤੇ ਕੁਲਵਿੰਦਰ ਕੌਰ ਨੂੰ ਖਾਲਿਸਤਾਨੀ ਕਹਿ ਕੇ ਜਲੀਲ ਕਰਨ ਕਾਰਨ ਥੱਪੜ ਵੱਜਿਆ ਤਾਂ ਸਾਰਾ ਮੀਡੀਆ ਕੁਰਲਾ ਉੱਠਿਆ ਹੈ। ਉਹਨਾਂ ਕਿਹਾ ਕਿ ਇਸ ਤਰਾਂ ਨਫਰਤ ਦੀ ਰਾਜਨੀਤੀ ਕਰੋਗੇ ਤਾਂ ਨਾ ਤਾਂ ਇਹ ਦੇਸ਼ ਵਾਸਤੇ ਚੰਗਾ ਹੈ ਅਤੇ ਨਾ ਹੀ ਭਾਜਪਾ ਵਾਸਤੇ।
ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਸ਼੍ਰੀਮਤੀ ਇੰਦਰਾ ਗਾਂਧੀ ਨੇ ਵੀ ਇਸੇ ਤਰਾਂ ਭੜਕਾਹਟ ਪੈਦਾ ਕਰਕੇ ਲੋਕਾਂ ਨੂੰ ਬਲਦੀ ਦੇ ਬੁੱਥੇ ਧੱਕਿਆ ਸੀ। ਉਸ ਨਾਲ ਪੰਜਾਬ ਦਾ ਨੁਕਸਾਨ ਤਾਂ ਹੋਇਆ ਹੀ ਹੋਇਆ, ਸਾਰੇ ਦੇਸ਼ ਵਿੱਚ ਸਿੱਖਾਂ ਦਾ ਕਤਲੇਆਮ ਵੀ ਹੋਇਆ ਅਤੇ ਉਸੇ ਅੱਗ ਵਿੱਚ ਖੁਦ ਸ੍ਰੀਮਤੀ ਇੰਦਰਾ ਗਾਂਧੀ ਨੂੰ ਵੀ ਮੱਚਣਾ ਪਿਆ ਸੀ। ਇਸ ਲਈ ਭਾਜਪਾ ਨੂੰ ਚਾਹੀਦਾ ਹੈ ਕਿ ਉਹ ਨਫਰਤ ਦੀ ਰਾਜਨੀਤੀ ਕਰਨੀ ਬੰਦ ਕਰੇ। ਇਸ ਨਫ਼ਰਤੀ ਰਾਜਨੀਤੀ ਦੇ ਨਤੀਜੇ ਨਾ ਤਾਂ ਦੇਸ਼ ਲਈ ਚੰਗੇ ਹਨ ਅਤੇ ਨਾ ਹੀ ਖੁਦ ਭਾਜਪਾ ਲਈ।
ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਹਰੀਸ਼ ਨੱਢਾ ਨੇ ਕਿਹਾ ਕਿ ਸਾਡੀ ਜਥੇਬੰਦੀ ਕੁਲਵਿੰਦਰ ਕੌਰ ਅਤੇ ਉਸਦੇ ਪਰਿਵਾਰ ਦਾ ਪੂਰਾ ਸਾਥ ਦੇਵੇਗੀ। ਘਟਨਾ ਦੀ ਪੂਰੀ ਪੜਤਾਲ ਹੋਣੀ ਚਾਹੀਦੀ ਹੈ। ਕੰਗਨਾ ਰਣੌਤ ਨੇ ਜੋ ਸ਼ਬਦ ਕੁਲਵਿੰਦਰ ਕੌਰ ਨੂੰ ਬੋਲੇ ਅਤੇ ਭੜਕਾਹਟ ਪੈਦਾ ਕੀਤੀ , ਉਸ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਜੇਕਰ ਸਰਕਾਰ ਨੇ ਕੁਲਵਿੰਦਰ ਕੌਰ ਅਤੇ ਉਹਦੇ ਪਰਿਵਾਰ ਤੇ ਜਬਰ ਢਾਹ ਕੇ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਕੁਲਵਿੰਦਰ ਕੌਰ ਅਤੇ ਉਸਦੇ ਪਰਿਵਾਰ ਦਾ ਪੂਰਾ ਸਾਥ ਦੇਵੇਗੀ।
ਸੂਬਾ ਕਮੇਟੀ ਨੇ ਭਾਜਪਾ ਨੂੰ ਚਿਤਾਵਨੀ ਦਿੱਤੀ ਕਿ ਇਸ ਘਟਨਾ ਰਾਹੀਂ ਪੰਜਾਬੀਆਂ ਅਤੇ ਸਿੱਖਾਂ ਵਿਰੋਧੀ ਬਿਰਤਾਂਤ ਸਿਰਜ ਕੇ ਪੰਜਾਬ ਅੰਦਰ ਜ਼ਬਰ ਅਤੇ ਦਹਿਸ਼ਤ ਦਾ ਮਾਹੌਲ ਬਣਾਉਣ ਦੀ ਕਿਸੇ ਵੀ ਕੋਸ਼ਿਸ਼ ਦਾ ਸਮੂਹ ਪੰਜਾਬੀ ਅਤੇ ਦੇਸ਼ ਵਾਸੀ ਮੂੰਹ ਤੋੜਵਾਂ ਜਵਾਬ ਦੇਣਗੇ। ਜਥੇਬੰਦੀ ਨੇ ਸਾਰੇ ਪੰਜਾਬੀਆਂ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਤੋਂ ਨਿਕਲਣ ਅਤੇ ਪਿੰਡਾਂ ਵਿੱਚ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਕਿਸਾਨ ਸੰਘਰਸ਼ ਦੀ ਉਸਾਰੀ ਲਈ ਦਿਨ ਰਾਤ ਇੱਕ ਕਰ ਦੇਣ। ਕਿਉਂਕਿ ਭਾਜਪਾ ਦੀ ਨਫਰਤੀ ਰਾਜਨੀਤੀ ਦਾ ਅੰਤ ਕਰਨ ਲਈ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਲੜਿਆ ਗਿਆ ਇਤਿਹਾਸਿਕ ਕਿਸਾਨ ਘੋਲ ਸਾਡਾ ਰਾਹ ਦਰਸਾਵਾ ਹੈ। ਲੋਕਾਂ ਦੀ ਜਥੇਬੰਦਕ ਤਾਕਤ ਨਾਲ ਲੰਬੇ ਅਤੇ ਦ੍ਰਿੜ੍ਹ ਸੰਘਰਸ਼ ਲੜਦੇ ਹੋਏ ਹੀ ਮੰਜ਼ਿਲ ਪ੍ਰਾਪਤ ਕੀਤੀ ਜਾ ਸਕਦੀ ਹੈ। ਨੌਜਵਾਨਾਂ ਨੂੰ ਇਸ ਪਾਸੇ ਆਪਣਾ ਪੂਰਾ ਜ਼ੋਰ ਲਾਉਣਾ ਚਾਹੀਦਾ ਹੈ।