ਖਡੂਰ ਸਾਹਿਬ 26 ਅਪ੍ਰੈਲ ( ਮਨਿੰਦਰ ਸਿੰਘ )

ਸਰਕਾਰ ਵੱਲੋਂ ਨੌਜਵਾਨਾਂ ਉੱਤੇ ਵੱਡੀ ਪੱਧਰ ਤੇ ਕੀਤੇ ਜਾ ਰਹੇ ਜ਼ੁਲਮਾਂ ਨੂੰ ਠੱਲ੍ਹ ਪਾਉਣ ਲਈ, ਧਰਮ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਰੂਪ ਦੇਣ ਵਾਸਤੇ, ਐਨ.ਐੱਸ.ਏ. ਖਤਮ ਕਰਵਾਉਣ ਲਈ, ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਪੰਜਾਬ ਦੇ ਦਰਦ ਨੂੰ ਅੰਤਰਰਾਸ਼ਟਰੀ ਪੱਧਰ ਤੇ ਲਿਜਾਣ ਲਈ ਭਾਈ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ। ਇਹ ਐਲਾਨ ਅੱਜ ਇੱਥੇ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਬੀਬੀ ਬਲਵਿੰਦਰ ਕੌਰ ਵੱਲੋਂ ਸਾਰਾਗੜ੍ਹੀ ਨੇੜੇ ਲੱਗੇ ਪੱਕਾ ਮੋਰਚੇ ਦੇ ਸਥਾਨ ਤੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਲਾਕੇ ਦੀਆਂ ਸੰਗਤਾਂ, ਪੰਚਾਇਤਾਂ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਮਿਲੇ ਸੰਦੇਸ਼ਾਂ ਮੁਤਾਬਿਕ ਸਮਾਂ ਅਤੇ ਹਾਲਾਤ ਇਹ ਮੰਗ ਕਰਦੇ ਹਨ ਕਿ ਜਿਸ ਤਰ੍ਹਾਂ ਸਰਕਾਰ ਨੌਜਵਾਨਾਂ ਉੱਤੇ ਤਸ਼ੱਦਦ ਕਰ ਰਹੀ ਹੈ, ਜਿਵੇਂ ਉਨ੍ਹਾਂ ਨੂੰ ਦੂਰ ਦੁਰਾਡੇ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਡਿਬਰੂਗੜ੍ਹ ਜੇਲ੍ਹ ਵਿੱਚ ਸੁਟਿੱਆ ਗਿਆ ਹੈ, ਜਿੱਥੇ ਸਿਰਫ ਇੱਕ ਮੁਲਾਕਾਤ ਕਰਨ ਲਈ ਵੀ ਕਈ ਤਰ੍ਹਾਂ ਦੀਆਂ ਖੱਜਲਖੁਆਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿੱਥੇ ਧਾਰਮਿਕ ਚੇਤਨਾ ਮਾਰਚ ਕੱਢਣ ਦੀ ਇਜਾਜ਼ਤ ਨਹੀਂ ਅਤੇ ਜਿੱਥੇ ਸਰਕਾਰ ਨੇ ਸਾਰੀਆਂ ਸ਼ਰਮਾਂ ਨੂੰ ਲਾਹ ਕੇ ਬੀਬੀਆਂ ਨੂੰ ਵੀ ਜੇਲ੍ਹਾਂ ਵਿੱਚ ਸੁੱਟਣ ਤੋਂ ਗੁਰੇਜ਼ ਨਹੀਂ ਕੀਤਾ, ਜਿੱਥੇ ਪਤਿਤਪੁਣੇ ਅਤੇ ਨਸ਼ਿਆਂ ਦੀ ਲਹਿਰ ਜ਼ੋਰ ਫੜਦੀ ਜਾ ਰਹੀ ਹੈ, ਗਰੀਬ ਸਿੱਖਾਂ ਦੇ ਧਰਮ ਪਰਿਵਰਤਨ ਨੂੰ ਰੋਕਣ ਲਈ ਸੰਸਥਾਵਾਂ ਵੱਲੋਂ ਕੋਈ ਰੂਪ ਰੇਖਾ ਨਹੀਂ ਉਲੀਕੀ ਜਾ ਰਹੀ ਉੱਥੇ ਹੁਣ ਇਹ ਜ਼ਰੂਰੀ ਹੋ ਗਿਆ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਅਤੇ ਸਰਕਾਰ ਦੇ ਝੂਠਾਂ ਦਾ ਪਰਦਾ ਫਾਸ਼ ਕਰਨ ਲਈ ਅਤੇ ਨੌਜਵਾਨਾਂ ਉੱਤੇ ਕੀਤੇ ਜਾ ਰਹੇ ਜ਼ੁਲਮਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਲੈ ਕੇ ਜਾਣ ਅਤੇ ਸਰਕਾਰ ਨੂੰ ਬੰਦੀ ਸਿੰਘਾਂ ਦੀ ਰਿਹਾਈ ਅਤੇ ਐਨ.ਐੱਸ.ਏ. ਵਰਗੇ ਜ਼ਾਲਮ ਕਾਨੂੰਨਾਂ ਨੂੰ ਖਤਮ ਕਰਾਉਣ ਲਈ ਮਜਬੂਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਕਿੰਨੇ ਦੁੱਖ ਦੀ ਗੱਲ ਹੈ ਕਿ ਕੱਲ੍ਹ ਜਦੋਂ ਅੰਮ੍ਰਿਤਪਾਲ ਸਿੰਘ ਦੇ ਪਿਤਾ ਅਤੇ ਚਾਚਾ ਮੁਲਾਕਾਤ ਕਰਨ ਲਈ ਜੇਲ੍ਹ ਵਿੱਚ ਪਹੁੰਚੇ ਤਾਂ ਉਹ ਏਜੰਸੀਆਂ ਦੀ ਮੌਜੂਦਗੀ ਵਿੱਚ ਭਾਈ ਸਾਹਿਬ ਨਾਲ ਕੋਈ ਗੱਲ ਨਾ ਕਰ ਸਕੇ, ਕਿਉਂਕਿ ਏਜੰਸੀਆਂ ਨਹੀਂ ਚਾਹੁੰਦੀਆਂ ਕਿ ਭਾਈ ਅੰਮ੍ਰਿਤਪਾਲ ਸਿੰਘ ਚੋਣ ਲੜਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਸਰਕਾਰ ਦੇ ਜ਼ੁਲਮਾਂ ਅਤੇ ਅਨਿਆਂ ਦੀਆਂ ਕਹਾਣੀਆਂ ਦੂਜੇ ਮੁਲਕਾਂ ਵਿੱਚ ਵੀ ਪਹੁੰਚ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਠੀਕ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਚੋਣ ਲੜਨ ਦੇ ਹੱਕ ਵਿੱਚ ਨਹੀਂ ਸੀ ਅਤੇ ਉਹ ਇਹ ਮਹਿਸੂਸ ਕਰਦੇ ਹਨ ਕਿ ਇਹ ਸਾਡੀ ਕੌਮ ਦਾ ਕੋਈ ਪੱਕਾ ਤੇ ਸਦੀਵੀ ਹੱਲ ਨਹੀਂ। ਪਰ ਹੁਣ ਹਾਲਾਤ ਇਹ ਮੰਗ ਕਰ ਰਹੇ ਹਨ ਕਿ ਫਿਲਹਾਲ ਸਾਨੂੰ ਆਪਣੀ ਰਣਨੀਤੀ ਵਿੱਚ ਤਬਦੀਲੀ ਕਰਨ ਦੀ ਲੋੜ ਹੈ ਅਤੇ ਇਸ ਰਸਤੇ ਨੂੰ ਹਾਲ ਦੀ ਘੜੀ ਜ਼ਰੂਰ ਅਪਨਾ ਲਿਆ ਜਾਵੇ। ਇਸ ਕਾਰਜ ਲਈ ਭਾਈ ਸਾਬ ਦੇ ਚੋਣ ਲੜਨ ਦੀ ਖ਼ਬਰ ਆਉਣ ਉਪਰੰਤ ਸੰਗਤਾਂ ਵਿੱਚ ਹੋਰ ਵੀ ਭਾਰੀ ਉਤਸ਼ਾਹ, ਜੋਸ਼ ਅਤੇ ਸਰਗਰਮ ਮੰਗ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਸ਼੍ਰੀ ਖਡੂਰ ਸਾਹਿਬ ਤੋਂ ਚੋਣ ਲੜਨ । ਇਸ ਉਦੇਸ਼ ਭਾਈ ਸਾਬ ਦੀ ਇਲੈਕਸ਼ਨ ਕੰਪੇਨ ਦਾ ਅਗਾਜ ਕਲਗੀਧਰ ਪਾਤਸ਼ਾਹ ਦੇ ਅਸ਼ੀਰਵਾਦ ਤੇ ਸੰਗਤਾਂ ਦੇ ਸਹਿਯੋਗ ਨਾਲ ਕਰਨ ਲਈ ਸੰਗਤਾਂ ਦਾ ਇਕਠ ਸੱਦ ਕੇ ਕੀਤਾ ਜਾਵੇਗਾ |
ਮਾਤਾ ਜੀ ਨੇ ਕਿਹਾ ਕਿ ਅਸੀਂ ਜਿਸ ਥਾਂ ਤੇ ਖੜੇ ਹਾਂ, ਇਹ ਰਾਹ ਸ੍ਰੀ ਅਕਾਲ ਤਖਤ ਸਾਹਿਬ ਵੱਲ ਜਾਂਦਾ ਹੈ, ਜਿੱਥੇ ਛੇਵੇਂ ਪਾਤਸ਼ਾਹ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਧਰਮ ਤੇ ਰਾਜਨੀਤੀ ਦਾ ਪਵਿੱਤਰ ਸੁਮੇਲ ਕੀਤਾ ਸੀ। ਉਨ੍ਹਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੀ ਰਿਹਾਈ ਨਾਲ ਖਾਲਸਾ ਵਹੀਰ ਵੱਲੋਂ ਸ਼ੁਰੂ ਕੀਤੀ ਗਈ ਧਰਮ ਪ੍ਰਚਾਰ ਲਹਿਰ ਨੂੰ ਇੱਕ ਵੱਡੀ ਤਾਕਤ ਤੇ ਬਲ ਮਿਲੇਗਾ, ਕਿਉਂਕਿ ਭਾਈ ਸਾਹਿਬ ਖੁਦ ਇਹ ਮਹਿਸੂਸ ਕਰਦੇ ਹਨ ਕਿ ਅੰਮ੍ਰਿਤ ਛੱਕਣ ਦੀ ਲਹਿਰ ਸਿੱਖਾਂ ਨੂੰ ਆਪਣੇ ਕੌਮੀ ਨਿਸ਼ਾਨੇ ਪ੍ਰਤੀ ਜਾਗਰੂਕ ਕਰਦੀ ਹੈ। ਸੋ ਇਸ ਤਰਾਂ ਭਵਿੱਖ ਵਿੱਚ ਮੌਜੂਦਾ ਸਮੇਂ ਦੌਰਾਨ ਭਾਈ ਸਾਬ੍ਹ ਦੀ ਖਾਲਸਾ ਵਹੀਰ ਧਰਮ ਤੇ ਰਾਜਨੀਤੀ ਦਾ ਸੁਮੇਲ ਸੰਗਤਾਂ ਨੂੰ ਦਿਸੇਗਾ।

Posted By SonyGoyal

Leave a Reply

Your email address will not be published. Required fields are marked *