ਬਰਨਾਲਾ, 30 ਅਗਸਤ ( ਸੋਨੀ ਗੋਇਲ )
ਕੌਮਾਂਤਰੀ ਖਿਡਾਰੀਆਂ ਨੇ ਦਿੱਤੀ ਖਿਡਾਰੀਆਂ ਨੂੰ ਹੱਲਾਸ਼ੇਰੀ ਛੀਨੀਵਾਲ ਵਿਚ ਹਾਕੀ ਅਤੇ ਹੰਡਿਆਇਆ ਵਿਚ ਹੋਏ ਨੈਟਬਾਲ ਮੈਚ
ਖੇਡ ਵਿਭਾਗ ਬਰਨਾਲਾ ਵਲੋਂ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ ਸਮਰਪਿਤ ਰਾਸ਼ਟਰੀ ਖੇਡ ਦਿਵਸ ਦੇ ਸਬੰਧ ਵਿੱਚ 29 ਤੋਂ 31 ਅਗਸਤ ਤੱਕ ਖੇਡ ਗਤੀਵਿਧੀਆਂ ਜ਼ਿਲ੍ਹੇ ਵਿੱਚ ਕਰਵਾਈਆਂ ਜਾ ਰਹੀਆਂ ਹਨ। ਜ਼ਿਲ੍ਹਾ ਖੇਡ ਅਫ਼ਸਰ ਮੈਡਮ ਉਮੇਸ਼ਵਰੀ ਸ਼ਰਮਾ ਨੇ ਦੱਸਿਆ ਕਿ ਕੱਲ੍ਹ ਬਾਬਾ ਕਾਲਾ ਮਹਿਰ ਖੇਡ ਸਟੇਡੀਅਮ ਵਿੱਚ ਖੇਡ ਸਮਾਗਮ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਸ. ਕਮਲਜੀਤ ਸਿੰਘ ਅੰਤਰਰਾਸ਼ਟਰੀ ਵਾਲੀਬਾਲ ਖਿਡਾਰੀ ਅਤੇ ਕੌਮਾਂਤਰੀ ਖਿਡਾਰੀ ਦਮਨੀਤ ਸਿੰਘ ਸ਼ਾਮਲ ਹੋਏ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਮੈਡਮ ਓਮੇਸ਼ਵਰੀ ਸ਼ਰਮਾ ਅਤੇ ਮਹਿਮਾਨਾਂ ਵੱਲੋਂ ਮੇਜਰ ਧਿਆਨ ਚੰਦ ਜੀ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ ਗਏ ਜਿਸ ਮਗਰੋਂ ਵੇਟ ਲਿਫਟਿੰਗ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਛੀਨੀਵਾਲ ਵਿਚ ਹਾਕੀ ਅਤੇ ਹੰਡਿਆਇਆ ਵਿਖੇ ਨੈਟਬਾਲ ਦੇ ਮੈਚ ਕਰਵਾਏ ਗਏ। ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਿਚ ਡੀਐਮ ਸਪੋਰਟਸ ਸ੍ਰੀ ਸਿਮਰਦੀਪ ਸਿੰਘ, ਬਲਦੇਵ ਮਾਨ ਪੋਲਵਾਲਟ ਖਿਡਾਰੀ ਵੀ ਮੌਜੂਦ ਸਨ। ਹੰਡਿਆਇਆ ਵਿਚ ਗੁਰਮੇਲ ਸਿੰਘ ਨੈੱਟਬਾਲ ਦੇ ਕੌਮਾਂਤਰੀ ਖਿਡਾਰੀ ਪੁੱਜੇ। ਖਿਡਾਰੀਆਂ ਨੂੰ ਰਿਫਰੈਸ਼ਮੈਂਟ ਅਤੇ ਟੀ ਸ਼ਰਟਾਂ ਵੰਡੀਆਂ ਗਈਆਂ। ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਇਸ ਤਿੰਨ ਦਿਨਾਂ ਸਮਾਗਮ ਤਹਿਤ ਅੱਜ ਕੁਇਜ਼ ਅਤੇ ਭਲਕੇ ਸਾਈਕਲ ਰੈਲੀ ਕਰਵਾਈ ਜਾਵੇਗੀ। ਇਸ ਮੌਕੇ ਖੇਡ ਵਿਭਾਗ ਦੇ ਸਮੂਹ ਕੋਚ ਅਤੇ ਦਫ਼ਤਰੀ ਸਟਾਫ਼ ਮੌਜੂਦ ਸੀ।
Posted By Gaganjot Goyal