ਬਰਨਾਲਾ 06 ਸਤੰਬਰ (ਮਨਿੰਦਰ ਸਿੰਘ)
ਆਸਥਾ ਜਾਂ ਪਖੰਡ ਜਾਂ ਫਿਰ ਭੇਡ ਚਾਲ ਕੀ ਹਨ ਇਹ ਰਿਵਾਜ
ਪਾਣੀ ਇੱਕ ਅਜਿਹਾ ਸਰੋਤ ਹੈ ਜਿੱਥੋਂ ਵੀ ਚਲਾ ਜਾਵੇ ਉਥੋਂ ਦੇ ਜਨ ਜੀਵਨ ਤੇ ਜੋ ਪ੍ਰਭਾਵ ਪੈਂਦੇ ਹਨ ਉਹ ਸਾਰੀ ਦੁਨੀਆ ਭਲੀ ਭਾਂਤੀ ਜਾਣਦੀ ਹੈ।
ਚੰਗਾ ਗਿਆਨ ਰੱਖਣ ਦੇ ਨਾਲ ਅਕਲਵਾਨ ਤੇ ਸੂਝਵਾਨ ਹੋਣਾ ਵੀ ਅਤੀ ਜਰੂਰੀ ਹੈ।
ਜਲ ਸਰੋਤ ਬਚਾਓ ਨੂੰ ਲੈ ਕੇ ਬੇਸ਼ੱਕ ਦੁਨੀਆਂ ਜਹਾਨ ਤੇ ਰੌਲਾ ਚੱਲ ਰਿਹਾ ਹੋਵੇ।
ਕਿਤੇ ਤਾਂ ਸਰਕਾਰਾਂ ਇਹੀ ਭਾਸ਼ਣ ਦੇ ਰਹੀਆਂ ਹੋਣ ਕਿ ਜਲ ਹੀ ਜੀਵਨ ਹੈ ਸੇਵ ਵਾਟਰ ਸੇਵ ਲਾਈਫ ਪਾਣੀ ਨੂੰ ਸਾਫ ਸੁਥਰਾ ਰੱਖੋ ਅਤੇ ਕਈ ਹੋਰ ਦੇ ਪਾਣੀ ਨੂੰ ਬਚਾਉਣ ਦੇ ਨਾਅਰੇ ਰੋਜਾਨਾ ਹੀ ਜਾਰੀ ਕੀਤੇ ਜਾਂਦੇ ਹਨ ਪ੍ਰੰਤੂ ਇਹਨਾਂ ਉੱਤੇ ਗੌਰ ਕਿੰਨਾ “ਕੁ ਕੀਤਾ ਜਾਂਦਾ ਹੈ ਉਹ ਅਸੀਂ ਭਲੀ ਭੰਤੀ ਜਾਣਦੇ ਹਾਂ।
ਪਾਣੀ ਨੂੰ ਦੂਸ਼ਿਤ ਕਰਨ ਗੰਦਾ ਕਰਨ ਖਤਮ ਕਰਨ ਚ ਇੰਝ ਲਗਦਾ ਹੈ ਭਾਰਤ ਦੇਸ਼ ਕਿਸੇ ਤਰ੍ਹਾਂ ਦਾ ਕੰਪੀਟੀਸ਼ਨ ਲੜ ਰਿਹਾ ਹੋਵੇ ਕਿ ਪਾਣੀ ਨੂੰ ਖਤਮ, ਗੰਦਾ, ਦੂਸ਼ਿਤ ਤੇ ਬਰਬਾਦ ਕਰਨ “ਚ ਪਹਿਲਾ ਅੰਕ ਹਾਸਲ ਕਰਨਾ ਹੋਵੇ।
ਭਾਰਤ ਦੇਸ਼ ਗੁਰੂਆਂ, ਪੀਰਾਂ, ਦੇਵੀ ਦੇਵਤਿਆਂ ਤੇ ਸੰਸਕ੍ਰਿਤੀ ਦਾ ਦੇਸ਼ ਹੈ ਮੰਨਿਆ ਜਾਂਦਾ ਹੈ।
ਪ੍ਰੰਤੂ ਦੇਵੀ ਦੇਵਤਿਆਂ ਸੰਸਕ੍ਰਿਤੀਆਂ ਦੇ ਦੇਸ਼ ਚ ਸਭ ਤੋਂ ਵੱਡੇ ਦੇਵ ਜੋ ਕਿ ਜਲ ਦੇਵ ਹੈ ਉਸ ਦੀ ਪ੍ਰਵਾਹ ਕੀਤੇ ਬਿਨਾਂ ਉਸ ਤੇ ਸੋਚ ਵਿਚਾਰ ਕੀਤੇ ਬਿਨਾਂ ਉਸ ਦੀ ਬੇਅਦਬੀ ਕੀਤੀ ਜਾਂਦੀ।
ਭਾਵੇਂ ਕਿਸੇ ਵੀ ਧਾਰਮਿਕ ਜਗ੍ਹਾ ਦੀ ਗੱਲ ਕੀਤੀ ਜਾਵੇ ਤੇ ਭਾਵੇਂ ਘਰ ਵਿੱਚ ਪੂਜਾ ਪਾਠ ਕਰਨ ਤੋਂ ਬਾਅਦ ਬਚੀ ਹੋਈ ਸਮੱਗਰੀ ਕੱਪੜਾ ਕਾਗਜ਼ ਆਦਿ ਦੀ “ਲੋਕਾਂ ਵੱਲੋਂ ਬਚੀ ਹੋਈ ਸਮਗਰੀ ਦੀ ਰਾਖ ਨੂੰ ਤਾਂ ਪਾਣੀ ਚ ਵਹਾਉਂਦੇ ਦੇਖਿਆ ਸੀ ਪਰੰਤੂ ਅੱਜ ਕੱਲ ਬਚੀਆਂ ਹੋਈਆਂ ਤੀਲਾਂ ਵਾਲੀਆਂ ਡੱਬੀਆਂ, ਕੱਪੜੇ, ਕਾਗਜ਼, ਧੂਫ ਦੇ ਤੀਲੇ ਤੱਕ ਚਲਦੇ ਪਾਣੀ ਚ ਵਹਾਉਣ ਵਾਲੇ ਰਿਵਾਜ਼ ਨਾਲ ਬਚੇ ਖੁਚੇ ਪਾਣੀ ਨੂੰ ਖਰਾਬ ਕਰਨ ਤੇ ਤੁਲੇ ਹੋਏ ਹਨ ਸਾਡੇ ਦੇਸ਼ ਦੇ ਲੋਕ। ਜਾਦੂ ਟੂਣਿਆ ਚਮਤਕਾਰਾ ਉਲਝੇ ਹੋਏ ਲੋਕਾਂ ਵੱਲੋਂ ਆਏ ਦਿਨ ਹੀ ਪਾਣੀ ਵਿੱਚ ਕੁਝ ਨਾ ਕੁਝ ਸਮੱਗਰੀ ਸੁੱਟ ਕੇ ਉਸਨੂੰ ਖਰਾਬ ਕਰਨ ਤੇ ਜੋਰ ਲਗਾਇਆ ਜਾ ਰਿਹਾ ਹੈ।
ਪਿੰਡਾਂ ਵਿੱਚੋਂ ਆਉਂਦੀਆਂ ਕੱਸੀਆਂ ਚ ਲੋਕਾਂ ਨੇ ਛੱਡੇ ਗੰਦੇ ਪਾਣੀ ਵਾਲੇ ਪਾਈਪ
ਸਰਕਾਰਾਂ ਵੱਲੋਂ ਅਕਸਰ ਅਸੀਂ ਵਿਕਾਸ ਤੇ ਨਿਕਾਸ ਨੂੰ ਲੈ ਕੇ ਢੰਡੋਰਾ ਤਾਂ ਪਿੱਟਿਆ ਜਾਂਦਾ ਹੈ ਪਰੰਤੂ ਇਸਦੀ ਗੌਰ ਕਰਨ ਲਈ ਅਧਿਕਾਰੀ ਕੇਵਲ ਜਦੋਂ ਰੌਲਾ ਪੈਂਦਾ ਹੈ ਜਾਂ ਸਰਕਾਰ ਅਦਲਾ ਬਦਲੀ ਹੁੰਦੀ ਹੈ ਉਦੋਂ ਹੀ ਇਸ ਉੱਤੇ ਗੌਰ ਕੀਤਾ ਜਾਂਦਾ ਹੈ ਇਸ ਤੋਂ ਬਿਨਾਂ ਪਾਣੀ ਦੇ ਵਿਕਾਸ ਅਤੇ ਨਿਕਾਸ ਕੇਵਲ ਕਾਗਜ਼ਾਂ ਵਿੱਚ ਹੀ ਦੇਖਣ ਤੇ ਸੁਣਨ ਨੂੰ ਮਿਲਦੇ ਹਨ।
ਜੇਕਰ ਪਿੰਡਾਂ ਚੋਂ ਲੰਘ ਰਹੀਆਂ ਕੱਸੀਆਂ ਦੀ ਗੱਲ ਕੀਤੀ ਜਾਵੇ ਤਾਂ ਕੱਸੀਆਂ ਵਿੱਚ ਕਈ ਘਰਾਂ ਵੱਲੋਂ ਸਿੱਧੇ ਹੀ ਆਪਣੇ ਗਟਰ ਦੇ ਪਾਈਪ ਛੱਡੇ ਹੋਏ ਹਨ ਜੋ ਕਿ ਪਵਿੱਤਰ ਜਲ ਸਰੋਤ ਨੂੰ ਖਰਾਬ ਕਰਨ ਲਈ ਵੱਡਾ ਯੋਗਦਾਨ ਪਾ ਰਹੇ ਹਨ।
ਗੌਰ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਆਲਾ ਅਧਿਕਾਰੀਆਂ ਵੱਲੋਂ ਉਥੋਂ ਦੀ ਲੰਘਿਆ ਵੀ ਜਾਂਦਾ ਹੈ ਪ੍ਰੰਤੂ ਉਦੋਂ ਤੱਕ ਇਸ ਗੱਲ ਦਾ ਰੌਲਾ ਰੱਪਾ ਨਹੀਂ ਪੈਂਦਾ ਜਦੋਂ ਤੱਕ ਇਸ ਤਰਾਂ ਦਾ ਵੱਡਾ ਮੁੱਦਾ ਅਖਬਾਰਾਂ ਦੀਆਂ ਸੁਰਖੀਆਂ ਨਹੀਂ ਬਟੋਰਦਾ।
ਕਈ ਥਾਵਾਂ ਤੇ ਤਾਂ ਲੋਕ ਗਲੀਆਂ ਵਿੱਚ ਆ ਰਹੇ ਸੀਵਰੇਜ ਦੇ ਗੰਦੇ ਪਾਣੀ ਤੋਂ ਪਰੇਸ਼ਾਨ ਹਨ ਅਤੇ ਕਈ ਥਾਵਾਂ ਤੇ ਲੋਕਾਂ ਵੱਲੋਂ ਚੰਗੇ ਭਲੇ ਚਲਦੇ ਪਾਣੀ ਨੂੰ ਸੀਵਰੇਜ ਵਿੱਚ ਤਬਦੀਲ ਕਰਨ ਦਾ ਜ਼ੋਰ ਲਗਾਇਆ ਜਾ ਰਿਹਾ ਹੈ।
ਸਰਕਾਰ ਵੱਲੋਂ ਪਿੱਟੇ ਜਾਣ ਵਾਲੇ ਢੰਡੋਰੇ ਉਸ ਵੇਲੇ ਫੇਲ ਨਜ਼ਰ ਆਉਂਦੇ ਹਨ ਜਦੋਂ ਅਧਿਕਾਰੀਆਂ ਦੇ ਘਰ ਤੋਂ ਦਫਤਰ ਜਾਣ ਵਾਲੇ ਰਸਤੇ ਵਿੱਚ ਪੈਂਦੀਆਂ ਕੱਸੀਆਂ ਆਦਿ ਚ ਲੋਕਾਂ ਵੱਲੋਂ ਉਹਨਾਂ ਦੇ ਸਾਹਮਣੇ ਹੀ ਕੂੜਾ ਸੁੱਟ ਦਿੱਤਾ ਜਾਂਦਾ ਹੋਵੇ।
ਉਹਨਾਂ ਦੇ ਆਪਣੇ ਦਫਤਰਾਂ ਵਿੱਚ ਚੰਗੇ ਆਰੋ ਫਿਲਟਰ ਆਦ ਲੱਗੇ ਹੁੰਦੇ ਹਨ ਅਤੇ ਨਾਲ ਹੀ ਸਰਕਾਰੀ ਸਹੂਲਤਾਂ ਦਾ ਉਹ ਲਾਭ ਲੈਂਦੇ ਹਨ।
ਜੇਕਰ ਇਹੀ ਗੱਲਾਂ ਦਾ ਰੌਲਾ ਪੈ ਜਾਵੇ ਕਿ ਆਮ ਜਨਤਾ ਵੱਲੋਂ ਪਾਕ ਪਵਿੱਤਰ ਜਲ ਜਿਸ ਬਿਨਾ ਜਨਜੀਵਨ ਨਹੀਂ ਚੱਲ ਸਕਦਾ ਉਸਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ ਉਹਨਾਂ ਦੀ ਸਿਹਤ ਉੱਤੇ ਜਿਵੇਂ ਇਸ ਦਾ ਕੋਈ ਅਸਰ ਹੀ ਨਾ ਹੁੰਦਾ ਹੋਵੇ।
ਸਰਕਾਰ ਦੀ ਕਾਰਜਕਰਨੀ ਤੇ ਸਵਾਲ
ਪਵਿੱਤਰ ਜਲ ਸਰੋਤ ਨੂੰ ਬਚਾਉਣ ਲਈ ਸਰਕਾਰ ਦੀ ਕਾਰਜਕਾਰੀ ਫੇਲ ਨਜ਼ਰ ਆ ਰਹੀ ਭਾਵੇਂ ਸੱਤਾਂਧਾਰੀ ਸਰਕਾਰ ਦੀ ਗੱਲ ਕਰ ਲਵੋ ਤੇ ਜਾਂ ਫਿਰ ਸਾਬਕਾ ਸਰਕਾਰਾਂ ਦੀ ਪ੍ਰੰਤੂ ਸਾਰੀਆਂ ਸਰਕਾਰਾਂ ਦਾ ਮੁੱਦਾ ਹਮੇਸ਼ਾ ਵਿਕਾਸ ਤੇ ਨਿਕਾਸ ਦਾ ਹੀ ਹੁੰਦਾ ਹੈ ਪ੍ਰੰਤੂ ਇਹ ਸੱਤਾਧਾਰੀ ਬਗਿਆੜ ਇਹ ਗੱਲ ਭੁੱਲ ਜਾਂਦੇ ਹਨ ਕਿ ਸਾਰੀ ਦੀ ਸਾਰੀ ਜਨਤਾ ਸੁੱਤੀ ਨਹੀਂ ਹੈ ਕੀ ਹੋਇਆ ਜੀ ਬਹੁਤੇ ਲੋਕ ਅੱਖਾਂ ਮੀਚ ਤੇ ਕੰਨ ਬੰਦ ਕਰਕੇ ਚੋਣ ਮੈਨੀਫੈਸਟੋ ਤੇ ਯਕੀਨ ਕਰ ਲੈਂਦੇ ਹਨ ਕਿ ਪੰਜ ਸਾਲ ਦਾ ਮੌਕਾ ਦੇ ਕੇ ਦੇਖ ਲਵੋ ਨਹੀਂ ਤਾਂ ਪੰਜ ਸਾਲ ਬਾਅਦ ਲੱਗੇ ਹੋਏ ਛੱਕੇ ਨੂੰ ਚੌਂਕੇ ਤੋਂ ਜ਼ੀਰੋ ਚ ਤਬਦੀਲ ਕਰਨ ਲਈ ਸਮਾਂ ਨਹੀਂ ਲੱਗੇਗਾ।
ਜੇਕਰ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਪੁਖਤਾ ਪ੍ਰਬੰਧ ਤੇ ਪ੍ਰਸ਼ਾਸਨ ਵੱਲੋਂ ਚੰਗੇ ਯਤਨ ਅਤੇ ਲੋਕਾਂ ਵੱਲੋਂ ਸਾਥ ਨਾ ਦਿੱਤਾ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਚ ਖੁੱਲੇ ਚੱਲਣ ਵਾਲੇ ਪਾਣੀ ਦੀ ਹਰ ਇੱਕ ਬੂੰਦ ਨੂੰ ਪੰਜਾਬ ਦੇ ਲੋਕ ਤਰਸਦੇ ਰਹਿ ਜਾਣਗੇ।
ਇਸ ਗੁਰੂਆਂ ਪੀਰਾਂ ਦੀ ਧਰਤੀ ਨੂੰ ਬਚਾਉਣ ਲਈ ਜਲ ਸਰੋਤ ਨੂੰ ਬਚਾਉਣਾ ਉਨਾ ਹੀ ਜਰੂਰੀ ਹੈ ਜਿੰਨਾ ਕਿ ਆਉਣ ਵਾਲੀਆਂ ਪੀੜੀਆਂ ਦੀਆਂ ਨਸਲਾਂ ਨੂੰ ਬਚਾਉਣਾ।
ਬੇਸ਼ੱਕ ਫਸਲਾਂ ਨੂੰ ਬਚਾਉਣ ਲਈ ਪਾਣੀ ਦੀ ਜਾਇਜ਼ ਨਜਾਇਜ਼ ਵਰਤੋਂ ਅਕਸਰ ਹੀ ਹੁੰਦੀ ਨਜ਼ਰ ਆਉਂਦੀ ਹੈ ਪ੍ਰੰਤੂ ਪੰਜਾਬ ਤੇ ਪਾਣੀ ਮੁੱਕਣ ਦੇ ਕਾਲੇ ਬੱਦਲ ਰੋਜ਼ਾਨਾ ਹੀ ਗਰਜ ਗਰਜ ਕੇ ਇਹ ਗੱਲ ਸਮਝਾ ਰਹੇ ਹਨ ਕਿ ਜੇਕਰ ਅਸੀਂ ਹੁਣ ਵੀ ਨਾ ਸਮਝੇ ਤਾਂ ਬਾਅਦ ਚ ਸ਼ਾਇਦ ਕੁਦਰਤ ਸਾਨੂੰ ਸਮਝਣ ਦਾ ਮੌਕਾ ਹੀ ਨਾ ਦਵੇ।
Posted By SonyGoyal