ਸੋਨੀ ਗੋਇਲ ਬਰਨਾਲਾ
ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਅੱਜ ਗ੍ਰਾਮ ਪੰਚਾਇਤ ਚੋਣਾਂ ਸਬੰਧੀ ਬੈਠਕ ਕੀਤੀ ਜਿਸ ਦੌਰਾਨ ਇਨ੍ਹਾਂ ਸਾਰੇ ਸਬੰਧਿਤ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ – ਆਪਣੇ ਖੇਤਰ ਦੀਆਂ ਵੋਟਰ ਲਿਸਟਾਂ ਮੁਕੰਮਲ ਕਰਨ ।

ਵਧੇਰੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਨਿਰਦੇਸ਼ਾਂ ਅਨੁਸਾਰ ਵੋਟਰ ਲਿਸਟਾਂ ਬਣਾਉਣ ਦਾ ਕੰਮ 18 ਦਸੰਬਰ ਤੱਕ ਮੁਕੰਮਲ ਕਰ ਲਿਆ ਜਾਵੇਗਾ ਅਤੇ 20 ਦਸੰਬਰ ਨੂੰ ਵੋਟਰ ਸੂਚੀ ਦਾ ਪ੍ਰਕਾਸ਼ਨ ਕੀਤਾ ਜਾਵੇਗਾ। 21 ਦਸੰਬਰ ਤੋਂ 29 ਦਸੰਬਰ ਤੱਕ ਦਾਅਵੇ ਅਤੇ ਇਤਰਾਜ਼ ਕੀਤੇ ਜਾ ਸਕਦੇ ਹਨ ਅਤੇ 5 ਜਨਵਰੀ 2024 ਤੱਕ ਇਨ੍ਹਾਂ ਦਾਅਵੇ ਅਤੇ ਇਤਰਾਜ਼ਾਂ ਦਾ ਨਿਬੇੜਾ ਕੀਤਾ ਜਾਵੇਗਾ। ਇਸ ਤੋਂ ਬਾਅਦ 7 ਜਨਵਰੀ ਨੂੰ ਫਾਈਨਲ ਵੋਟਰ ਸੂਚੀਆਂ ਬਣ ਕੇ ਤਿਆਰ ਹੋ ਜਾਣਗੀਆਂ।
ਜ਼ਿਲ੍ਹਾ ਚੋਣ ਅਫ਼ਸਰ ਨੇ ਨਿਰਦੇਸ਼ ਦਿੱਤੇ ਕੇ ਸਟਾਫ ਆਪਣੇ ਆਪਣੇ ਕਾਰਜ ਖੇਤਰ ਨਾਲ ਸਬੰਧਤ ਇਮਾਰਤਾਂ ਦੀ ਪਛਾਣ ਕਰ ਲਾਵੇ ਤਾਂ ਜੋ ਲੋੜ ਅਨੁਸਾਰ ਇਨ੍ਹਾਂ ਇਮਾਰਤਾਂ ਨੂੰ ਚੋਣਾਂ ਲਈ ਤਿਆਰ ਕੀਤਾ ਜਾ ਸਕੇ।
ਉਨ੍ਹਾਂ ਇਹ ਵੀ ਨਿਰਦੇਸ਼ ਦਿੱਤੇ ਕੇ ਸਬੰਧਤ ਸਟਾਫ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਜਾਣ ਤਾਂ ਜੋ ਕੰਮ ਨੂੰ ਸਮੇਂ ਸਿਰ ਨੇਪਰੇ ਚੜ੍ਹਿਆ ਜਾ ਸਕੇ।

ਬੈਠਕ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਨਰਿੰਦਰ ਸਿੰਘ ਧਾਲੀਵਾਲ, ਉੱਪ ਮੰਡਲ ਮੈਜਿਸਟ੍ਰੇਟ ਸ੍ਰੀ ਗੋਪਾਲ ਸਿੰਘ, ਸਹਾਇਕ ਕਮਿਸ਼ਨਰ ਸ਼੍ਰੀ ਸੁਖਪਾਲ ਸਿੰਘ, , ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ਼੍ਰੀਮਤੀ ਨੀਰੂ ਗਰਗ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਬਰਨਾਲਾ ਸ਼੍ਰੀ ਸੁਖਦੀਪ ਸਿੰਘ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸਹਿਣਾ ਸ਼੍ਰੀ ਜਗਤਾਰ ਸਿੰਘ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਮਹਿਲ ਕਲਾਂ ਸ਼੍ਰੀ ਰਾਜਾ ਸਿੰਘ ਹਾਜ਼ਰ ਸਨ।
Posted By SonyGoyal