ਅੰਮ੍ਰਿਤਸਰ, ਕ੍ਰਿਸ਼ਨ ਸਿੰਘ ਦੁਸਾਂਝ
ਰਾਸ਼ਟਰੀ ਹਿੰਦੂ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਆਗੂ ਅਸ਼ੋਕ ਡਿੰਪੀ ਚੌਹਾਨ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਲੋਹੜੀ ਦਾ ਤਿਉਹਾਰ ਖੁਸ਼ੀਆਂ ਖੇੜਿਆਂ ਦਾ ਤਿਉਹਾਰ ਹੈ, ਪਰ ਇਸ ਤਿਉਹਾਰ ‘ਤੇ ਪਤੰਗ ਉਡਾਉਣ ਦੇ ਸ਼ੌਕੀਨ ਲੋਕ ਚਾਈਨਾਂ ਡੋਰ ਦੀ ਵਰਤੋਂ ਵਧੇਰੇ ਕਰਦੇ ਹਨ ਤੇ ਹਰ ਸਾਲ ਵੱਡੀ ਗਿਣਤੀ ਵਿੱਚ ਇੰਨਸਾਨਾਂ ਦੇ ਨਾਲ-ਨਾਲ ਜਾਨਵਰ ਅਤੇ ਪਸ਼ੂ-ਪੰਛੀ ਵੀ ਇਸ ਨਾਲ ਜ਼ਖਮੀ ਹੋ ਜਾਂਦੇ ਹਨ ਅਤੇ ਕਈ ਜਾਨਵਰ, ਪਸ਼ੂ-ਪੰਛੀ ਤੇ ਇੰਨਸਾਨ ਇਸ ਖੂਨੀ ਡੋਰ ਕਾਰਨ ਆਪਣੀਆਂ ਜਾਨਾਂ ਵੀ ਗੁਆ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਇਸ ਡੋਰ ਨੂੰ ਖਰੀਦਣ ਜਾਂ ਵੇਚਣ ਵਾਲਿਆਂ ਖਿਲਾਫ ਪੁਲਿਸ ਪ੍ਰਸ਼ਾਸਨ ਕਾਰਵਾਈ ਤਾਂ ਕਰਦਾ ਹੈ, ਪਰ ਪਤੰਗਾਂ ਉਡਾਉਣ ਦੇ ਸ਼ੋਕੀਨ ਲੋਕ ਪੁਲਿਸ ਦੀ ਪ੍ਰਵਾਹ ਕੀਤੇ ਬਗੈਰ ਹੀ ਧੜੱਲੇ ਨਾਲ ਚਾਈਨਾਂ ਡੋਰ ਦੀ ਵਰਤੋਂ ਕਰਦੇ ਹਨ।
ਡਿੰਪੀ ਚੌਹਾਨ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚਾਈਨਾਂ ਡੋਰ ਖਰੀਦਣ, ਵੇਚਣ ਅਤੇ ਵਰਤਣ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਇਸ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕੇ।
ਇਸ ਚਾਈਨਾਂ ਡੋਰ ਕਾਰਨ ਇੰਨਸਾਨਾਂ ਦੇ ਨਾਲ-ਨਾਲ ਪਸ਼ੂ-ਪੰਛੀਆਂ ਅਤੇ ਜਾਨਵਰਾਂ ਨੂੰ ਵੀ ਆਪਣੀ ਜਾਨ ਤੋਂ ਹੱਥ ਧੋਣੇ ਪੈ ਰਹੇ ਹਨ।
ਉਨ੍ਹਾਂ ਕਿਹਾ ਕਿ ਲੋਕ ਜੇਕਰ ਲੋਕ ਪਲਾਸਟਿਕ ਦੀ ਡੋਰ ਦੀ ਮੰਗ ਕਰਨੀ ਬੰਦ ਕਰ ਦੇਣ ਤਾਂ ਚਾਈਨਾਂ ਡੋਰ ਦੀ ਵਿਕਰੀ ਆਪਣੇ ਆਪ ਬੰਦ ਹੋ ਜਾਵੇਗੀ।
Posted By SonyGoyal