ਮਨਿੰਦਰ ਸਿੰਘ, ਬਰਨਾਲਾ
ਸ਼ਹਿਰ ਬਰਨਾਲਾ ਵਿੱਚ ਪਿਛਲੇ ਮਹੀਨੇ ਅਕਤੂਬਰ 2023 ਵਿੱਚ ਪਟਿਆਲਾ ਚਿਕਨ ਕਾਰਨਰ ਦੇ ਪ੍ਰਬੰਧਕਾਂ ਅਤੇ ਇਲਾਕੇ ਦੇ ਚਾਰ ਕਬੱਡੀ ਖਿਡਾਰੀਆਂ ਵਿਚਕਾਰ ਤਕਰਾਰ ਤੋਂ ਬਾਅਦ ਹੋਟਲ ਮਾਲਕਾਂ ਦੇ ਭਾੜੇ ਦੇ ਗੁੰਡਿਆਂ ਨੇ ਕਬੱਡੀ ਖਿਡਾਰੀਆਂ ਦੀ ਕੀਤੀ ਕੁੱਟਮਾਰ ਅਤੇ ਉਲਟਾ ਖਿਡਾਰੀਆਂ ਉੱਪਰ ਝੂਠਾ ਕਤਲ ਕੇਸ ਅਤੇ ਪਰਮਜੀਤ ਪੰਮੇ ਠੀਕਰੀਵਾਲ ਤੇ ਝੂਠਾ ਪੁਲਸ ਮੁਕਾਬਲਾ ਦਰਜ ਕਰਨ ਖਿਲਾਫ ਇਲਾਕੇ ਦੀਆਂ ਜਨਤਕ ਜਥੇਬੰਦੀਆਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਪਿੱਛਲੇ ਦਿਨੀਂ 15 ਜਨਵਰੀ ਤੋਂ 18 ਜਨਵਰੀ ਤੱਕ ਚੱਲੇ ਪੱਕੇ ਧਰਨੇ ਦਰਮਿਆਨ ਬਰਨਾਲਾ ਪੁਲਿਸ ਪ੍ਰਸ਼ਾਸਨ ਵੱਲੋਂ ਕਬੱਡੀ ਖਿਡਾਰੀਆਂ ਨੂੰ ਇਨਸਾਫ ਦੇਣ ਦੇ ਮਿਲੇ ਭਰੋਸੇ ਮਗਰੋਂ ਧਰਨਾ ਸਮਾਪਤ ਕੀਤਾ ਗਿਆ ਸੀ।
ਪੁਲਿਸ ਪ੍ਰਸ਼ਾਸਨ ਵੱਲੋਂ ਮਿਲੇ ਭਰੋਸੇ ਅਨੁਸਾਰ ਬਰਨਾਲਾ ਇਲਾਕੇ ਦੀਆਂ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਅੱਜ ਡੀ ਐਸ ਪੀ ਗੁਰਚਰਨ ਸਿੰਘ ਨਾਲ ਮੁਲਾਕਾਤ ਕੀਤੀ ਗਈ।
ਡੀ ਐਸ ਪੀ ਨਾਲ ਜਥੇਬੰਦੀਆਂ ਦੀ ਹੋਈ ਗੱਲਬਾਤ ਸੰਬੰਧੀ ਜਾਣਕਾਰੀ ਦਿੰਦਿਆ ਤਰਸੇਮ ਜੋਧਾਂ,ਬਲਵਿੰਦਰ ਸੇਖੋਂ,ਦਰਸ਼ਨ ਸਿੰਘ ਉਗੋਕੇ, ਗੁਰਪ੍ਰੀਤ ਗੋਪੀ ਰਾਏਸਰ,ਖੁਸ਼ਮਿੰਦਰਪਾਲ ਹੰਢਿਆਇਆ, ਰਾਜੀਵ ਕੁਮਾਰ, ਮਿਲਖਾ ਸਿੰਘ, ਨਾਨਕ ਸਿੰਘ ਅਮਲਾ ਸਿੰਘ ਵਾਲਾ,ਤਰਸੇਮ ਸਿੰਘ ਬੱਸੂਆਲ,ਗੁਰਨਾਮ ਸਿੰਘ ਠੀਕਰੀਵਾਲ,ਬੂਟਾ ਸਿੰਘ ਠੀਕਰੀਵਾਲ, ਭੁਪਿੰਦਰ ਕੁਮਾਰ ਦਰਸ਼ਨ ਸਿੰਘ ਚੀਮਾ,ਮੋਹਨ ਸਿੰਘ ਰਾਏਸਰ,ਐਡਵੋਕੇਟ ਬਲਜਿੰਦਰ ਸਿੰਘ ਚੁਹਾਣਕੇਨੇ ਦੱਸਿਆ ਕਿ ਭਾਨੇ ਸਿੱਧੂ ਦੀ ਗਿਰਫਤਾਰੀ ਕਾਰਨ ਐਸ ਐਸ ਪੀ, ਐਸ ਪੀ ਅਤੇ ਹੋਰ ਪੁਲਸ ਪ੍ਰਸ਼ਾਸਨਕ ਅਧਿਕਾਰੀ ਕੋਟਦੁੱਨਾ ਪਿੰਡ ਵਿੱਚ ਗਏ ਹੋਏ ਸਨ।
ਇਸ ਲਈ ਡੀ ਐਸ ਪੀ ਗੁਰਚਰਨ ਸਿੰਘ ਹੋਰਾਂ ਨੇ ਅਗਲੇ ਹਫਤੇ ਇਸ ਮਸਲੇ ਤੇ ਠੋਸ ਗੱਲਬਾਤ ਕਰਨ ਦੀ ਗੱਲ ਆਖੀ।
ਆਗੂਆਂ ਨੇ ਫੈਸਲਾ ਕੀਤਾ ਕਿ ਆਉਣ ਵਾਲੀ 2 ਫਰਵਰੀ ਨੂੰ ਪੁਲਿਸ ਪ੍ਰਸ਼ਾਸਨ ਨਾਲ ਫਿਰ ਗੱਲਬਾਤ ਕੀਤੀ ਜਾਵੇਗੀ ਜੇ ਕੋਈ ਠੋਸ ਗੱਲਬਾਤ ਨਹੀਂ ਹੁੰਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਵਿਸਥਾਰੀ ਮੀਟਿੰਗ ਕਰਕੇ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ।
ਆਗੂਆਂ ਨੇ ਕਿਹਾ ਥਾਣਾ ਸਿਟੀ ਬਰਨਾਲਾ ਵਿਖੇ ਮੁਕੱਦਮਾ ਨੰਬਰ 494 ਅ/ਧ 302,148,149 ਮਿਤੀ 23-10-2023 ਨੂੰ ਚਾਰ ਕਬੱਡੀ ਖਿਡਾਰੀਆਂ ਦੇ ਖਿਲਾਫ ਝੂਠਾ ਪਰਚਾ ਦਰਜ ਕੀਤਾ ਗਿਆ ਹੈ।ਇਸ ਮੌਕੇ ਪੁਲਸ ਮੁਲਾਜ਼ਮ ਦੀ ਅਚਨਚੇਤ ਮੌਤ ਵਾਲੀ ਵਾਰਦਾਤ ਦੇ ਸੰਬੰਧ ਵਿੱਚ ਜੇਕਰ ਕੋਈ ਕਾਨੂੰਨੀ ਕਾਰਵਾਈ ਬਣਦੀ ਸੀ ਤਾਂ ਉਹ ਉਕਤ ਹੋਟਲ ਦੇ ਮਾਲਕ ਅਤੇ ਉਸਦੇ ਗੁੰਡਿਆਂ ਦੇ ਖਿਲਾਫ ਕੀਤੀ ਜਾਣੀ ਬਣਦੀ ਸੀ।
ਇਸ ਤੋਂ ਇਲਾਵਾ ਮੁਕੱਦਮਾ ਨੰਬਰ 474 ਮਿਤੀ 24-10-2023 ਨੂੰ ਥਾਣਾ ਧਨੌਲਾ ਅ/ਧ 307/353/186/25 ਅਧੀਨ ਉਕਤ ਖਿਡਾਰੀਆਂ ਵਿਚੋਂ ਇੱਕ ਪਰਮਜੀਤ ਸਿੰਘ ਪੰਮਾ ਦੇ ਖਿਲਾਫ ਝੂਠੇ ਪੁਲਸ ਮੁਕਾਬਲੇ ਦਾ ਦਰਜ ਕੀਤਾ ਗਿਆ ਹੈ।
ਜਦੋਂ ਕਿ ਸਾਰਾ ਇਲਾਕਾ ਇਹ ਜਾਣਦਾ ਹੈ ਕਿ ਪੁਲਸ ਨੇ ਪੰਮੇ ਨੂੰ ਧਨੌਲਾ ਸਿਵਲ ਹਸਪਤਾਲ ਵਿਚੋਂ ਗ੍ਰਿਫਤਾਰ ਕਰਕੇ ਬਾਅਦ ਵਿਚ ਝੂਠਾ ਪੁਲਸ ਮੁਕਾਬਲਾ ਵਿਖਾ ਕੇ ਉਸਦੇ ਪੈਰ ਵਿੱਚ ਗੋਲੀ ਮਾਰ ਕੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਸੀ।
ਇਸ ਮੌਕੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਝੂਠੇ ਪਰਚੇ ਰੱਦ ਕਰਕੇ ਪਰਿਵਾਰਾਂ ਨੂੰ ਇਨਸਾਫ ਦਿੱਤਾ ਜਾਵੇ।
Posted By SonyGoyal