ਸ਼੍ਰੀ ਅੰਮ੍ਰਿਤਸਰ, ਕ੍ਰਿਸ਼ਨ ਸਿੰਘ ਦੁਸਾਂਝ
ਕਿਹਾ : ਮੋਦੀ ਸਰਕਾਰ ਪੰਜਾਬੀਆਂ ਦੀ ਭਲਾਈ ਲਈ ਵਚਨਬੱਧ
ਭਾਜਪਾ ਦੇ ਸੀਨੀਅਰ ਆਗੂ ਅਤੇ ਅੰਮ੍ਰਿਤਸਰ ਲੋਕ ਸਭਾ ਹਲਕਾ ਇੰਚਾਰਜ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਦਰਮਿਆਨ ‘ਵੰਦੇ ਭਾਰਤ ਐਕਸਪ੍ਰੈਸ ਟਰੇਨ’ ਸ਼ੁਰੂ ਕਰਨ ਲਈ ਕੇਂਦਰ ਦੀ ਮੋਦੀ ਸਰਕਾਰ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਇਸ ਤੇਜ਼ ਰਫ਼ਤਾਰ ਰੇਲ ਰਾਹੀਂ ਪਵਿੱਤਰ ਸ਼ਹਿਰ ਨੂੰ ਕੌਮੀ ਰਾਜਧਾਨੀ ਨਾਲ ਜੋੜਨ ਲਈ ਸਮੁੱਚੀ ਸਿੱਖ ਕੌਮ ਪ੍ਰਧਾਨ ਮੰਤਰੀ ਦਾ ਧੰਨਵਾਦੀ ਹੈ।
ਉਨ੍ਹਾਂ ਕਿਹਾ ਕਿ ਇਹ ਰੇਲਗੱਡੀ ਪਵਿੱਤਰ ਸ਼ਹਿਰ ਅੰਮ੍ਰਿਤਸਰ ਅਤੇ ਦਿੱਲੀ ਵਿਚਕਾਰ ਸਫ਼ਰ ਦੇ ਸਮੇਂ ਨੂੰ ਘਟਾਏਗੀ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਸ਼ਰਧਾਲੂਆਂ ਅਤੇ ਆਮ ਸੈਲਾਨੀਆਂ ਲਈ ਫ਼ਾਇਦੇਮੰਦ ਸਾਬਤ ਹੋਵੇਗੀ।
ਉਨ੍ਹਾਂ ਕਿਹਾ ਇਸ ਰੇਲਗੱਡੀ ਰਾਹੀਂ ਯਾਤਰਾ ਆਸਾਨ ਹੋ ਜਾਵੇਗੀ ਅਤੇ ਜੋ ਕਿ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਵਪਾਰਿਕ ਗਤੀਵਿਧੀਆਂ ਰਾਹੀਂ ਖੇਤਰ ਦੇ ਆਰਥਿਕ ਵਿਕਾਸ ਨੂੰ ਵੀ ਬੜ੍ਹਾਵਾ ਦੇਵੇਗੀ।
ਛੀਨਾ ਨੇ ਰੇਲਗੱਡੀ ਲਈ ਪ੍ਰਧਾਨ ਮੰਤਰੀ ਅਤੇ ਰੇਲ ਮੰਤਰੀ ਦਾ ਬਹੁਤ ਧੰਨਵਾਦ ਕਰਦਿਆਂ ਉਮੀਦ ਪ੍ਰਗਟਾਈ ਕਿ ਸਰਕਾਰ ਸਿੱਖ ਸਮਾਜ ਦੀ ਭਲਾਈ ਅਤੇ ਵਿਕਾਸ ਲਈ ਅਜਿਹੇ ਫੈਸਲੇ ਲੈਂਦੀ ਰਹੇਗੀ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦੇਸ਼ ’ਚ ਵੱਖ-ਵੱਖ ਵੰਦੇ ਭਾਰਤ ਟਰੇਨਾਂ ਸ਼ੁਰੂ ਕਰਨ ਨਾਲ ਦੇਸ਼ ਭਰ ’ਚ ਯਾਤਰੂਆਂ ਅਤੇ ਸੈਲਾਨੀਆਂ ਦੇ ਸਥਾਨਾਂ ਲਈ ਰੇਲ ਸੰਪਰਕ ’ਚ ਮਹੱਤਵਪੂਰਨ ਸੁਧਾਰ ਹੋਵੇਗਾ।
ਕਿਉਂਕਿ ਆਪਣੇ-ਆਪਣੇ ਰੂਟਾਂ ’ਤੇ ਚੱਲਣ ਵਾਲੀਆਂ ਇਹ ਸਭ ਤੋਂ ਤੇਜ਼ ਰੇਲ ਗੱਡੀਆਂ ਆਪਣੇ ਸਫ਼ਰ ਦੌਰਾਨ ਯਾਤਰੀਆਂ ਦੇ ਕਾਫ਼ੀ ਸਮੇਂ ਦੀ ਬਚਤ ਕਰਨਗੀਆਂ।
ਉਨ੍ਹਾਂ ਮੋਦੀ ਸਰਕਾਰ ਵੱਲੋਂ ਸਿੱਖ ਭਾਈਚਾਰੇ ਨੂੰ ਤੋਹਫ਼ਾ ਕਰਾਰ ਦਿੰਦਿਆਂ ਕਿਹਾ ਕਿ ਇਸ ਖੇਤਰ ’ਚ ਯਾਤਰਾ ਕਰਨ ਵਾਲੇ ਯਾਤਰੀਆਂ ਖਾਸਕਰ ਸਿੱਖ ਭਾਈਚਾਰੇ ਦੀ ਚਿਰਾਂ ਤੋਂ ਮੰਗ ਸੀ।
ਉਨ੍ਹਾਂ ਕਿਹਾ ਕਿ ਟਰੇਨ ਅੰਮ੍ਰਿਤਸਰ ਸਟੇਸ਼ਨ ਤੋਂ ਸਵੇਰੇ 08:20 ਵਜੇ ਚੱਲੇਗੀ ਅਤੇ 05:30 ਘੰਟੇ ਲੈ ਕੇ ਦੁਪਹਿਰ 01:50 ਵਜੇ ਦਿੱਲੀ ਜੰਕਸ਼ਨ ਪਹੁੰਚੇਗੀ।
ਇਸ ਦੌਰਾਨ ਇਹ ਰੇਲਗੱਡੀ ਬਿਆਸ, ਜਲੰਧਰ ਕੈਂਟ, ਫਗਵਾੜਾ, ਲੁਧਿਆਣਾ ਅਤੇ ਅੰਬਾਲਾ ਕੈਂਟ ਤੋਂ ਹੁੰਦੀ ਹੋਈ ਦਿੱਲੀ ਪਹੁੰਚੇਗੀ ਅਤੇ ਮੁੜ ਇਹ ਦਿੱਲੀ ਜੰਕਸ਼ਨ ਤੋਂ ਦੁਪਹਿਰ 03:15 ਵਜੇ ਰਵਾਨਾ ਹੋਵੇਗੀ ਅਤੇ ਰਾਤ 08:45 ਵਜੇ ਅੰਮ੍ਰਿਤਸਰ ਪਹੁੰਚੇਗੀ।
ਉਨ੍ਹਾਂ ਕਿਹਾ ਕਿ ਪੰਜਾਂ ਪਵਿੱਤਰ ਸਿੱਖ ਤਖ਼ਤਾਂ ਅਤੇ ਸਿੱਖ ਕੌਮ ਦੇ ਹੋਰ ਇਤਿਹਾਸਕ ਧਾਰਮਿਕ ਅਸਥਾਨਾਂ ਨੂੰ ਜੋੜਦੀਆਂ ਗੁਰੂ ਕ੍ਰਿਪਾ ਰੇਲ ਗੱਡੀਆਂ ਵੀ ਮੋਦੀ ਸਰਕਾਰ ਦੁਆਰਾ ਪਹਿਲਾਂ ਸ਼ੁਰੂ ਕੀਤੀਆਂ ਹਨ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਭਾਰਤ ਦੇ ਆਵਾਜਾਈ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹੈ।
ਸ: ਰਜਿੰਦਰ ਮੋਹਨ ਸਿੰਘ ਛੀਨਾ
Posted By SonyGoyal