ਜਲੰਧਰ 23 ਮਈ ( ਹੱਕ ਸੱਚ ਦੀ ਬਾਣੀ)
ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕਰਦੇ ਹੋਏ ਵਿਜੀਲੈਂਸ ਨੇ ਅੱਜ ਆਪ ਵਿਧਾਇਕ ਰਮਨ ਅਰੋੜਾ ’ਤੇ ਰੇਡ ਕੀਤੀ ਹੈ। ਰਮਨ ਅਰੋੜਾ ਜਲੰਧਰ ਸੈਂਟਰਲ ਤੋਂ ਵਿਧਾਇਕ ਹਨ।
ਜਾਣਕਾਰੀ ਅਨੁਸਾਰ ਰਮਨ ਅਰੋੜਾ ਜਲੰਧਰ ਨਗਰ ਨਿਗਮ ਦੇ ਅਧਿਕਾਰੀਆਂ ਰਾਹੀਂ ਲੋਕਾਂ ਨੂੰ ਝੂਠੇ ਨੋਟਿਸ ਭੇਜਦਾ ਸੀ ਤੇ ਫਿਰ ਉਹ ਉਨ੍ਹਾਂ ਪਾਸੋਂ ਪੈਸੇ ਲੈਂਦਾ ਸੀ ਅਤੇ ਉਨ੍ਹਾਂ ਨੋਟਿਸਾਂ ਨੂੰ ਰਫਾ-ਦਫਾ ਕਰ ਦਿੰਦਾ ਸੀ।
ਕੁਝ ਸਮਾਂ ਪਹਿਲਾਂ ਸਕਿਉਰਿਟੀ ਵੀ ਲਈ ਗਈ ਸੀ ਵਾਪਸ
ਦੱਸ ਦੇਈਏ ਕਿ ਰਮਨ ਅਰੋੜਾ ਦੇ ਟਿਕਾਣਿਆਂ ਅਤੇ ਘਰ ਉਤੇ ਛਾਪੇਮਾਰੀ ਕੀਤੀ ਗਈ ਹੈ। ਸੂਤਰਾਂ ਅਨੁਸਾਰ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਰਮਨ ਦੀ ਸਕਿਓਰਿਟੀ ਵੀ ਵਾਪਸ ਲੈ ਲਈ ਗਈ ਸੀ।
ਟਾਊਨ ਪਲੈਨਰ ਦੀ ਗ੍ਰਿਫਤਾਰੀ ਤੋਂ ਬਾਅਦ ਰਮਨ ਅਰੋੜਾ ਦਾ ਨਾਂ ਵੀ ਆਇਆ ਸੀ ਸਾਹਮਣੇ
ਕੁਝ ਸਮਾਂ ਪਹਿਲਾਂ, ਰਮਨ ਅਰੋੜਾ ਨੂੰ ਪੰਜਾਬ ਵਿਜੀਲੈਂਸ ਟੀਮ ਨੇ ਜਲੰਧਰ ਦੇ ਹਰੀ ਮੰਦਰ ਨੇੜੇ ਹਿਰਾਸਤ ਵਿੱਚ ਲਿਆ। ਵਿਜੀਲੈਂਸ ਅਸ਼ੋਕ ਨਗਰ ਸਥਿਤ ਉਸਦੇ ਘਰ ਦੀ ਜਾਂਚ ਕਰ ਰਹੀ ਹੈ।
ਜਲੰਧਰ ਸੈਂਟਰਲ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਰਮਨ ਅਰੋੜਾ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਚੁਣੇ ਗਏ ਸਨ ਅਤੇ ਵਰਤਮਾਨ ਵਿੱਚ ਪੰਜਾਬ ਵਿਧਾਨ ਸਭਾ ਦੇ ਮੈਂਬਰ ਹਨ। ਹਾਲ ਹੀ ਵਿੱਚ, ਰਮਨ ਅਰੋੜਾ ਸੁਰਖੀਆਂ ਵਿੱਚ ਆਏ ਹਨ ਕਿਉਂਕਿ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਵਾਪਸ ਲੈ ਲਈ ਸੀ। ਉਸ ਨੇ ਕਿਹਾ ਸੀ ਕਿ ਉਸਨੂੰ ਇਸ ਫੈਸਲੇ ਦੇ ਪਿੱਛੇ ਦਾ ਕਾਰਨ ਨਹੀਂ ਪਤਾ ਅਤੇ ਇਸ ਵੇਲੇ ਉਸਦੇ ਕੋਲ ਕੋਈ ਸੁਰੱਖਿਆ ਕਰਮਚਾਰੀ ਨਹੀਂ ਹੈ।
ਉਸਦੀ ਸੁਰੱਖਿਆ ਵਾਪਸ ਲੈਣ ਤੋਂ ਬਾਅਦ, ਇੱਕ ਵਪਾਰੀ ਨੇ ਲੱਡੂ ਵੀ ਵੰਡੇ ਸੀ। ਇਸ ਤੋਂ ਬਾਅਦ ਉਹ ਦੋ ਦਿਨ ਸੋਸ਼ਲ ਮੀਡੀਆ ‘ਤੇ ਸਰਗਰਮ ਰਿਹਾ।
ਜਲੰਧਰ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੇ ਸਹਾਇਕ ਟਾਊਨ ਪਲੈਨਰ ਦੀ ਗ੍ਰਿਫ਼ਤਾਰੀ ਤੋਂ ਬਾਅਦ, ਵਿਜੀਲੈਂਸ ਬਿਊਰੋ ਦੀ ਜਾਂਚ ਵਿੱਚ ਰਮਨ ਅਰੋੜਾ ਦਾ ਨਾਮ ਵੀ ਸਾਹਮਣੇ ਆਇਆ। ਹਾਲਾਂਕਿ, ਇਸ ਮਾਮਲੇ ਵਿੱਚ ਅਜੇ ਤੱਕ ਕੋਈ ਰਸਮੀ ਦੋਸ਼ ਦਾਇਰ ਨਹੀਂ ਕੀਤੇ ਗਏ ਹਨ।
ਕੱਪੜਿਆਂ ਦਾ ਕਾਰੋਬਾਰ
ਰਮਨ ਅਰੋੜਾ ਪੇਸ਼ੇ ਤੋਂ ਇੱਕ ਕੱਪੜਾ ਵਪਾਰੀ ਹੈ ਅਤੇ ਉਸਦਾ ਕਾਰੋਬਾਰ ਪੀਰ ਬੋਦਲਾਂ ਮਾਰਕੀਟ, ਜਲੰਧਰ ਵਿੱਚ ਹੈ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ, ਉਸ ਨੇ ਕੋਵਿਡ-19 ਮਹਾਂਮਾਰੀ ਦੌਰਾਨ ਸਮਾਜਿਕ ਕਾਰਜਾਂ ਵਿੱਚ ਸਰਗਰਮ ਭੂਮਿਕਾ ਨਿਭਾਈ, ਜਿਸ ਕਾਰਨ ਉਸ ਨੂੰ ਕਾਂਗਰਸ ਸਰਕਾਰ ਦੌਰਾਨ ਖੱਤਰੀ-ਅਰੋੜਾ ਪੰਜਾਬ ਬੋਰਡ ਦਾ ਉਪ-ਚੇਅਰਮੈਨ ਨਿਯੁਕਤ ਕੀਤਾ ਗਿਆ।
2021 ਵਿੱਚ ਰਾਜਨੀਤੀ ਵਿੱਚ ਆਏ
ਰਮਨ ਅਰੋੜਾ ਦਾ ਰਾਜਨੀਤਿਕ ਸਫ਼ਰ ਦਸੰਬਰ 2021 ਵਿੱਚ ਸ਼ੁਰੂ ਹੋਇਆ ਜਦੋਂ ਉਹ ਇੱਕ ਜਾਗਰਣ ਦੌਰਾਨ ਅਰਵਿੰਦ ਕੇਜਰੀਵਾਲ ਨੂੰ ਮਿਲੇ। ਇਸ ਮੁਲਾਕਾਤ ਤੋਂ ਪ੍ਰੇਰਿਤ ਹੋ ਕੇ, ਉਸ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਹਿਲੀ ਵਾਰ ਉਮੀਦਵਾਰ ਬਣੇ।
ਵਿਧਾਇਕ ਬਣਨ ਤੋਂ ਬਾਅਦ ਰਮਨ ਅਰੋੜਾ ਦੀ ਕਾਰਜਸ਼ੈਲੀ ‘ਤੇ ਕਈ ਸਵਾਲ ਖੜ੍ਹੇ ਹੁੰਦੇ ਰਹੇ। ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ ਇਹ ਵੱਡੀ ਕਾਰਵਾਈ ਹੈ।
Posted By SonyGoyal