ਸੋਨੀ ਗੋਇਲ ਬਰਨਾਲਾ
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਸਤੇ ਰੇਟਾਂ ਉੱਤੇ ਰਾਸ਼ਨ ਮੁਹਈਆ ਕਰਵਾਉਣ ਲਈ ਜ਼ਿਲ੍ਹਾ ਬਰਨਾਲਾ ‘ਚ 9 ਮਾਡਲ ਰਾਸ਼ਨ ਦੁਕਾਨਾਂ ਖੋਲੀਆਂ ਜਾ ਰਹੀਆਂ ਹਨ।
ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਇਸ ਸਬੰਧ ਵਿੱਚ ਬੁਲਾਈ ਗਈ ਬੈਠਕ ਨੂੰ ਸੰਬੋਧਨ ਕਰਦਿਆਂ ਦਿੱਤੀ।
ਉਨ੍ਹਾਂ ਦੱਸਿਆ ਕਿ ਇਹ ਦੁਕਾਨਾਂ ਬਰਨਾਲਾ ਬਲਾਕ ਦੇ ਪਿੰਡ ਨਾਈਵਾਲ, ਨੰਗਲ ਅਤੇ ਭੱਠਲਾਂ, ਮਹਿਲ ਕਲਾਂ ਬਲਾਕ ਦੇ ਪਿੰਡ ਸੱਦੋਵਾਲ, ਬੀਹਲਾ ਖੁਰਦ ਅਤੇ ਕਿਰਪਾਲ ਸਿੰਘ ਵਾਲਾ ਅਤੇ ਸਹਿਣਾ ਬਲਾਕ ਦੇ ਪਿੰਡ ਜਗਜੀਤਪੁਰਾ, ਵਿਧਾਤੇ ਅਤੇ ਇਕ ਹੋਰ ਪਿੰਡ (ਜਿਸ ਦੀ ਚੋਣ ਕੀਤੀ ਜਾ ਰਹੀ ਹੈ) ‘ਚ ਖੁੱਲਣਗੀਆਂ।
ਇਨ੍ਹਾਂ ਪਿੰਡਾਂ ‘ਚ ਥਾਵਾਂ ਦੀ ਪਛਾਣ ਕਰ ਲਈ ਗਈ ਹੈ ਜਿੱਥੇ ਇਹ ਦੁਕਾਨਾਂ ਬਨਣਗੀਆਂ।
ਨਾਲ ਹੀ ਇਨ੍ਹਾਂ ਇਮਾਰਤਾਂ ਦੀ ਉਸਾਰੀ ਆਦਿ ਸਬੰਧੀ 25 ਫੀਸਦੀ ਗਰਾਂਟਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਆਮ ਲੋਕਾਂ ਨੂੰ ਸਮਾਰਟ ਕਾਰਡਾਂ ਰਾਹੀਂ ਸਸਤਾ ਰਾਸ਼ਨ ਦੇਣ ਤੋਂ ਇਲਾਵਾ ਇਨ੍ਹਾਂ ਦੁਕਾਨਾਂ ਉੱਤੇ ਮਾਰਕਫੈੱਡ ਵੱਲੋਂ ਵੀ ਆਪਣੇ ਉਤਪਾਦ ਵੇਚੇ ਜਾਣਗੇ ਜਿਹੜੇ ਕਿ ਮਿਆਰੀ ਅਤੇ ਘੱਟ ਰੇਟਾਂ ਦੇ ਹੁੰਦੇ ਹਨ ।
ਬੈਠਕ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਨਰਿੰਦਰ ਸਿੰਘ ਧਾਲੀਵਾਲ, ਉੱਪ ਮੰਡਲ ਮੈਜਿਸਟ੍ਰੇਟ ਸ੍ਰੀ ਗੋਪਾਲ ਸਿੰਘ, ਸਹਾਇਕ ਕਮਿਸ਼ਨਰ ਸ਼੍ਰੀ ਸੁਖਪਾਲ ਸਿੰਘ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ਼੍ਰੀਮਤੀ ਨੀਰੂ ਗਰਗ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਬਰਨਾਲਾ ਸ਼੍ਰੀ ਸੁਖਦੀਪ ਸਿੰਘ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸਹਿਣਾ ਸ਼੍ਰੀ ਜਗਤਾਰ ਸਿੰਘ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਮਹਿਲ ਕਲਾਂ ਸ਼੍ਰੀ ਰਾਜਾ ਸਿੰਘ, ਮਾਰਕਫੈੱਡ ਦੇ ਅਧਿਕਾਰੀ ਅਤੇ ਹੋਰ ਅਫ਼ਸਰ ਮੌਜੂਦ ਸਨ ।
Posted By SonyGoyal