ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਸ.ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਭਾਸ਼ਾ ਵਿਭਾਗ ਵੱਲੋਂ ਨਵੰਬਰ ਮਹੀਨੇ ਨੂੰ ਪੰਜਾਬੀ ਮਹੀਨੇ ਵਜੋਂ ਮਨਾਉਂਦਿਆਂ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਸਮਾਗਮ ਕਰਵਾਏ ਜਾ ਰਹੇ ਹਨ।ਇਸੇ ਹੀ ਲੜੀ ਤਹਿਤ ਜ਼ਿਲਾ ਭਾਸ਼ਾ ਦਫਤਰ ਬਰਨਾਲਾ ਵੱਲੋਂ ਲੋਕ ਕਵੀ ਸੰਤ ਰਾਮ ਉਦਾਸੀ ਨੂੰ ਸਮਰਪਿਤ ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ।
ਬਿੰਦਰ ਸਿੰਘ ਖੁੱਡੀ ਕਲਾਂ ਕਾਰਜਕਾਰੀ ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਸ਼ਾ ਵਿਭਾਗ ਦੇ ਵਧੀਕ ਡਾਇਰੈਕਟਰ ਡਾ.ਵੀਰਪਾਲ ਕੌਰ ਦੀਆਂ ਹਦਾਇਤਾਂ ਅਨੁਸਾਰ ਐੱਸ.ਐੱਸ.ਡੀ ਕਾਲਜ ਬਰਨਾਲਾ ਵਿਖੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਆਈ.ਏ.ਐੱਸ. ਦੀ ਪ੍ਰਧਾਨਗੀ ਹੇਠ ਕਰਵਾਏ ਸਮਾਗਮ ਦੀ ਸ਼ੁਰੂਆਤ ਵਿਭਾਗੀ ਧੁਨ ਨਾਲ ਹੋਈ।
ਬਿੰਦਰ ਸਿੰਘ ਖੁੱਡੀ ਕਲਾਂ ਕਾਰਜਕਾਰੀ ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਸਮੂਹ ਹਾਜ਼ਰੀਨ ਨੂੰ ਜੀ ਆਇਆਂ ਕਹਿੰਦਿਆਂ ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਤਿਕਾਰ ਦਿਵਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਜਾਣਕਾਰੀ ਸਾਂਝੀ ਕੀਤੀ।
ਉਹਨਾਂ ਕਿਹਾ ਕਿ ਨਵੰਬਰ ਮਹੀਨੇ ਨੂੰ ਪੰਜਾਬੀ ਮਹੀਨੇ ਵਜੋਂ ਮਨਾਉਣ ਦਾ ਮਨੋਰਥ ਵੀ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦਾ ਵਿਕਾਸ ਕਰਨਾ ਹੀ ਹੈ।
ਇਸ ਦੌਰਾਨ ਉਹਨਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਆਪੋ ਆਪਣੀਆਂ ਦੁਕਾਨਾਂ ਅਤੇ ਹੋਰ ਅਦਾਰਿਆਂ ਦੇ ਨਾਮ ਬੋਰਡ ਸਰਕਾਰੀ ਹਦਾਇਤਾਂ ਅਨੁਸਾਰ 21 ਨਵੰਬਰ ਤੋਂ ਪਹਿਲਾਂ ਪਹਿਲਾਂ ਪੰਜਾਬੀ ਭਾਸ਼ਾ ਚ ਲਿਖਵਾਉਣ ਦੀ ਵੀ ਅਪੀਲ ਕੀਤੀ।ਐੱਸ.ਐੱਸ.ਡੀ ਕਾਲਜ ਦੇ ਡਾਇਰੈਕਟਰ ਸ਼੍ਰੀ ਸ਼ਿਵ ਸਿੰਗਲਾ ਨੇ ਲੋਕ ਕਵੀ ਸੰਤ ਰਾਮ ਉਦਾਸੀ ਨੂੰ ਯਾਦ ਕਰਦਿਆਂ ਕਿਹਾ ਕਿ ਮਹਾਨ ਕਵੀ ਦੀ ਵਿਰਾਸਤ ਦੀ ਸੰਭਾਲ ਨਾ ਕੇਵਲ ਸਰਕਾਰ ਦਾ ਸਗੋਂ ਸਾਡਾ ਸਭ ਦਾ ਨੈਤਿਕ ਫਰਜ਼ ਹੈ।ਉਹਨਾਂ ਕਿਹਾ ਕਿ ਜ਼ਿਲ੍ਹਾ ਭਾਸ਼ਾ ਦਫਤਰ ਬਰਨਾਲਾ ਵੱਲੋਂ ਉਹਨਾਂ ਨੂੰ ਸਮਰਪਿਤ ਕਵੀ ਦਰਬਾਰ ਕਰਵਾਉਣਾ ਆਪਣੇ ਆਪ ‘ਚ ਸਲਾਘਾਯੋਗ ਉਪਰਾਲਾ ਹੈ।
ਸ਼੍ਰੋਮਣੀ ਸਾਹਿਤਕਾਰ ਸ.ਪਰਗਟ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਹਾਲੇ ਹੋਰ ਬਹੁਤ ਸਾਰੀਆਂ ਸੰਭਾਵਨਾਵਾਂ ਪਈਆਂ ਹਨ।ਉਹਨਾਂ ਕਿਹਾ ਕਿ ਕੌਮਾਂਤਰੀ ਪੱਧਰ ‘ਤੇ ਪੰਜਾਬੀ ਭਾਸ਼ਾ ਦਾ ਘੇਰਾ ਦਿਨ ਪ੍ਰਤੀ ਦਿਨ ਵਿਸ਼ਾਲ ਹੋ ਰਿਹਾ ਹੈ।
ਲੋਕ ਕਵੀ ਸੰਤ ਰਾਮ ਉਦਾਸੀ ਦੀ ਬੇਟੀ ਪ੍ਰਿੰਸੀਪਲ ਇਕਾਬਾਲ ਕੌਰ ਉਦਾਸੀ ਨੇ ਆਪਣੇ ਸੰਬੋਧਨ ‘ਚ ਆਪਣੇ ਪਿਤਾ ਸੰਤ ਰਾਮ ਉਦਾਸੀ ਦੀਆਂ ਯਾਦਾਂ ਸਾਝੀਆਂ ਕਰਦਿਆਂ ਉਹਨਾਂ ਦੀ ਇਨਕਲਾਬੀ ਸੋਚਣੀ ਬਾਰੇ ਜਾਣਕਾਰੀ ਸਾਂਝੀ ਕੀਤੀ।ਉਹਨਾਂ ਕਿਹਾ ਕਿ ਉਹਨਾਂ ਦੇ ਪਿਤਾ ਦੀ ਕਲਮ ਨੇ ਬੜੀ ਨਿਡਰਤਾ ਨਾਲ ਲਿਤਾੜੇ ਲੋਕਾਂ ਦੀ ਗੱਲ ਕਰਦਿਆਂ ਉਹਨਾਂ ਨੂੰ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਦੀ ਪ੍ਰੇਰਨਾ ਦਿੱਤੀ।ਉਪਰੰਤ ਚੱਲੇ ਕਵਿਤਾਵਾਂ,ਗਜ਼ਲਾਂ ਅਤੇ ਗੀਤਾਂ ਦੇ ਦੌਰ ‘ਚ ਰਾਮ ਸਰੂਪ ਸ਼ਰਮਾ,ਤਰਸੇਮ,ਬਘੇਲ ਸਿੰਘ ਧਾਲੀਵਾਲ,ਜਗਜੀਤ ਗੁਰਮ,ਮਨਦੀਪ ਕੌਰ ਭਦੌੜ,ਸੀ.ਮਾਰਕੰਡਾ, ਡਾ.ਤੇਜਿੰਦਰ ਮਾਰਕੰਡਾ,ਜਗਜੀਤ ਕੌਰ ਢਿੱਲਵਾਂ,ਪਰਮ ਪਰਵਿੰਦਰ ਸਹਿਜੜਾ,ਮਾਲਵਿੰਦਰ ਸ਼ਾਇਰ,ਸਰੂਪ ਚੰਦ ਹਰੀਗੜ੍ਹ,ਦਰਸ਼ਨ ਸਿੰਘ ਚੀਮਾ,ਹਰਬਚਨ ਸਿੰਘ ਹੰਡਿਆਇਆ,ਲਛਮਣ ਦਾਸ ਮੁਸਾਫਿਰ ਅਤੇ ਸੁਰਜੀਤ ਸਿੰਘ ਸੰਧੂ ਵੱਲੋਂ ਆਪਣੀਆਂ ਰਚਨਾਵਾਂ ਨਾਲ ਖੂਬ ਰੰਗ ਬੰਨਿਆਂ।
ਐੱਸ.ਐੱਸ.ਡੀ ਕਾਲਜ ਦੇ ਪ੍ਰਿੰਸੀਪਲ ਸ਼੍ਰੀ.ਰਾਕੇਸ਼ ਜਿੰਦਲ ਨੇ ਸਮੂਹ ਪਹੁੰਚਣ ਵਾਲੀਆਂ ਸਖਸ਼ੀਅਤਾਂ ਦਾ ਧੰਨਵਾਦ ਕਰਨ ਦੇ ਨਾਲ ਨਾਲ ਉਹਨਾਂ ਦੇ ਕਾਲਜ ‘ਚ ਸਮਾਗਮ ਕਰਵਾ ਕੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਦੀ ਅਮੀਰ ਵਿਰਾਸਤ ਤੋਂ ਜਾਣੂ ਕਰਵਾਉਣ ਲਈ ਜ਼ਿਲ੍ਹਾ ਭਾਸ਼ਾ ਦਫਤਰ ਦਾ ਵੀ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।ਉਹਨਾਂ ਕਿਹਾ ਕਿ ਇਹ ਇਹ ਮਨੋਵਿਗਿਆਨਕ ਸੱਚ ਹੈ ਕਿ ਕੋਈ ਵੀ ਵਿਅਕਤੀ ਜਿੰਨੀ ਸਪੱਸ਼ਟਤਾ ਨਾਲ ਆਪਣੇ ਵਿਚਾਰ ਮਾਤ ਭਾਸ਼ਾ ਵਿੱਚ ਪ੍ਰਗਟ ਕਰ ਸਕਦਾ ਹੈ ਉਹ ਹੋਰ ਕਿਸੇ ਭਾਸ਼ਾ ਵਿੱਚ ਸੰਭਵ ਹੀ ਨਹੀਂ ਹੈ।ਮੰਚ ਸੰਚਾਲਨ ਦਾ ਫਰਜ਼ ਤਰਸੇਮ,ਪ੍ਰੋ.ਹਰਪ੍ਰੀਤ ਕੌਰ ਅਤੇ ਪ੍ਰੋ.ਗੁਰਪਿਆਰ ਸਿੰਘ ਵੱਲੋਂ ਸਾਂਝੇ ਤੌਰ ‘ਤੇ ਨਿਭਾਇਆ ਗਿਆ।ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫਤਰ ਵੱਲੋਂ ਵਿਭਾਗੀ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।
ਜ਼ਿਲ੍ਹਾ ਭਾਸ਼ਾ ਦਫਤਰ ਵੱਲੋਂ ਸਮੂਹ ਪਹੁੰਚਣ ਵਾਲੀਆਂ ਸਖਸ਼ੀਅਤਾਂ ਅਤੇ ਕਵੀਆਂ ਨੂੰ ਟਰਾਫੀਆਂ ਅਤੇ ਵਿਭਾਗੀ ਪੁਸਤਕਾਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਸੀਰ ਸਿੰਘ ਸੰਧੂ,ਐੱਸ.ਐੱਸ.ਡੀ ਕਾਲਜ ਦੇ ਵਾਈਸ ਪ੍ਰਿੰਸੀਪਲ ਭਾਰਤ ਭੂਸ਼ਣ,ਕਾਲਜ ਦੇ ਡੀਨ ਪ੍ਰੋ.ਨੀਰਜ ਸ਼ਰਮਾ,ਪੰਜਾਬੀ ਵਿਭਾਗ ਦੇ ਮੁਖੀ ਡਾ.ਬਿਕਰਮਜੀਤ ਸਿੰਘ ਪੁਰਬਾ,ਪ੍ਰੋ.ਹਰਸ਼ਰਨ ਸਿੰਘ,ਪ੍ਰੋ. ਅਮਨਦੀਪ ਕੌਰ,ਜ਼ਿਲ੍ਹਾ ਭਾਸ਼ਾ ਦਫਤਰ ਸੰਗਰੂਰ ਦੇ ਸੀਨੀਅਰ ਸਹਾਇਕ ਜਗਦੇਵ ਸਿੰਘ,ਜੰਗੀਰ ਸਿੰਘ ਦਿਲਬਰ,ਲਖਵਿੰਦਰ ਸ਼ਰਮਾ ਪੱਤਰਕਾਰ,ਸੁਖਵਿੰਦਰ ਸਿੰਘ ਢਿੱਲਵਾਂ,ਸੁਖਮਨੀ ਸਿੰਘ,ਸਰਬਜੀਤ ਕੌਰ ਸੀਨੀਅਰ ਸਹਾਇਕ,ਗੋਬਿੰਦ ਸਿੰਘ ਅਤੇ ਜਸਪ੍ਰੀਤ ਸਿੰਘ ਸਮੇਤ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ।
Posted By SonyGoyal