ਸੋਨੀ ਗੋਇਲ ਬਰਨਾਲਾ
ਜਲਦ ਖ੍ਰੀਦ ਸ਼ੁਰੂ ਨਾਂ ਕੀਤੀ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ – ਹਰਦਾਸਪੁਰਾ
10 ਨਵੰਬਰ ਅਨਾਜ ਮੰਡੀਆ ਵਿੱਚ ਕਿਸਾਨ 10-10 ਦਿਨ ਤੋਂ ਪੁੱਤਾਂ ਵਾਂਗ ਪਾਲੀ ਝੋਨੇ ਦੀ ਫ਼ਸਲ ਨੂੰ ਵਿਕਣ ਦੀ ਉਡੀਕ ਰਹੇ ਹਨ। ਪਰ ਉਡੀਕ ਹਰ ਆਏ ਦਿਨ ਲੰਬੀ ਹੋਈ ਜਾਂਦੀ ਹੈ। ਅੱਜ ਦਾਣਾ ਮੰਡੀ ਜੰਗੀਆਣਾ, ਭਦੌੜ, ਸ਼ਹਿਣਾ, ਛੰਨਾਂ ਗੁਲਾਬ ਸਿੰਘ, ਮੂੰਮ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੀ ਅਗਵਾਈ ਵਿੱਚ ਆਗੂਆਂ ਨੇ ਦੌਰਾ ਕਰਕੇ ਦੇਖਿਆ ਕਿ ਕਿਸਾਨ -ਮਜ਼ਦੂਰ ਫਸਲ ਨਾ ਤੁਲਣ ਕਰਕੇ ਬੇਹੱਦ ਪ੍ਰੇਸ਼ਾਨ ਹਨ। ਇਸ ਮੌਕੇ ਬੋਲਦਿਆਂ ਕਿਸਾਨ ਆਗੂਆਂ ਜਗਰਾਜ ਸਿੰਘ ਹਰਦਾਸਪੁਰਾ ,ਰਾਮ ਸਿੰਘ ਸ਼ਹਿਣਾ, ਭੋਲਾ ਸਿੰਘ ਛੰਨਾਂ, ਕਾਲਾ ਜੈਦ, ਨਾਨਕ ਸਿੰਘ ਅਮਲਾ ਸਿੰਘ ਵਾਲਾ,ਅਮਨਦੀਪ ਰਾਏਸਰ ਅਤੇ ਭਿੰਦਰ ਸਿੰਘ ਮੂੰਮ ਆਦਿ ਨੇ ਕਿਹਾ ਕਿ ਆਮ ਆਦਮੀ ਦੀ ਸਰਕਾਰ ਝੋਨਾ ਮੰਡੀਆਂ ‘ਚ ਆਉਣ ਮੌਕੇ ਵੱਡੀਆਂ ਵੱਡੀਆਂ ਟਾਹਰਾਂ ਮਾਰਦੀ ਸੀ ਕਿ ਕਿਸੇ ਵੀ ਕਿਸਾਨ ਨੂੰ ਆਪਣੀ ਫ਼ਸਲ ਵੇਚਣ ਲਈ 24 ਘੰਟਿਆਂ ਤੋਂ ਵੱਧ ਇੰਤਜ਼ਾਰ ਨਹੀਂ ਕਰਨਾ ਪਵੇਗਾ। ਕਿਸਾਨਾਂ ਵੱਲੋਂ ਵਾਰ-ਵਾਰ ਮੰਗ ਕੀਤੀ ਗਈ ਹੈ ਕਿ ਉਨ੍ਹਾਂ ਦੀ ਫ਼ਸਲ ਖ੍ਰੀਦਣ ਦੇ ਯੋਗ ਪ੍ਰਬੰਧ ਕੀਤੇ ਜਾਣ। ਖ੍ਰੀਦ ਏਜੰਸੀਆਂ ਸ਼ੈਲਰ ਮਾਲਕਾਂ ਨਾਲ ਰਲਕੇ ਕਿਸਾਨਾਂ ਨੂੰ ਕਾਟ (ਰਿਸ਼ਵਤ) ਦੇਣ ਲਈ ਮਜ਼ਬੂਰ ਕਰ ਰਹੇ ਹਨ। ਅਜਿਹਾ ਹੋਣ ਨਾਲ ਸਿਰਫ ਕਿਸਾਨਾਂ ਨੂੰ ਹੀ ਨਹੀਂ, ਮਜ਼ਦੂਰਾਂ ਨੂੰ ਵੀ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਪਹਿਲਾਂ ਹਫ਼ਤਾ ਭਰ ਝੋਨੇ ਦੀ ਸੁਕਾਉਂਦਾ ਹੈ, ਫਿਰ ਵੀ ਖ੍ਰੀਦ ਏਜੰਸੀਆਂ ਆਨਾਕਾਨੀ ਕਰਦੀਆਂ ਹਨ ਤਾਂ ਆਪਣੇ ਖਰਚੇ ਤੇ ਸ਼ਹਿਰੀ ਮੰਡੀਆਂ ਵਿੱਚ ਲਿਜਾਣ ਲਈ ਮਜ਼ਬੂਰ ਹੁੰਦਾ ਹੈ ਜਾਂ ਪ੍ਰਾਈਵੇਟ ਵਪਾਰੀਆਂ ਨੂੰ ਕੌਡੀਆਂ ਦੇ ਭਾਅ ਵੇਚਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਇਨ੍ਹਾਂ ਮੰਡੀਆ ਵਿੱਚ ਹਫ਼ਤਾ ਭਰ ਤੋਂ ਵੀ ਵੱਧ ਸਮੇਂ ਤੋਂ ਝੋਨਾ ਖ੍ਰੀਦੇ ਜਾਣ ਦੀ ਉਡੀਕ ਵਿੱਚ ਬੈਠੇ ਕਿਸਾਨਾਂ ਨੇ ਦੱਸਿਆ ਕਿ ਝੋਨੇ ਦੀ ਫ਼ਸਲ ਸਮੇਂ ਸਿਰ ਨਾਂ ਵਿਕਣ ਨਾਲ ਕਣਕ ਦੀ ਬਿਜਾਈ ਵੀ ਪ੍ਰਭਾਵਿਤ ਹੋ ਰਹੀ ਹੈ ਕਿਉਂਕਿ ਜੇਕਰ ਝੋਨੇ ਦੀ ਫ਼ਸਲ ਵਿਕੇਗੀ ਤਾਂ ਹੀ ਕਣਕ ਬੀਜਣ ਲਈ ਬੀਜ,ਰੇਹ, ਦਵਾਈ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਇਨ੍ਹਾਂ ਮੰਡੀਆ ਵਿੱਚ ਝੋਨੇ ਦੀ ਖਰੀਦ ਵੱਧ ਨਮੀ ਹੋਣ ਦਾ ਬਹਾਨਾ ਲਾਕੇ ਇਨਕਾਰ ਕੀਤਾ ਜਾਂਦਾ ਹੈ,ਇਹੀ ਝੋਨੇ ਦੀ ਫ਼ਸਲ ਫ਼ਸਲ ਬਾਹਰਲੀਆਂ ਮੰਡੀਆਂ ਵਿੱਚ ਜਾਕੇ ਖ੍ਰੀਦ ਲਈ ਜਾਂਦੀ ਹੈ। ਸਿੱਲ-ਨਮੀ ਦਾ ਤਾਂ ਬਹਾਨਾ ਹੈ, ਅਸਲ ਵਿੱਚ ਪਹਿਲਾਂ ਹੀ ਸੰਕਟ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਰਿਸ਼ਵਤ ਦੇਣ ਲਈ ਮਜ਼ਬੂਰ ਕਰਨਾ ਹੈ। ਕਿਸਾਨਾਂ-ਮਜਦੂਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਖ੍ਰੀਦ ਤੇਜ਼ ਕਰਨ ਦੀ ਮੰਗ ਕੀਤੀ। ਡਿਪਟੀ ਕਮਿਸ਼ਨਰ ਬਰਨਾਲਾ ਨੇ ਵਿਸ਼ਵਾਸ ਦਿਵਾਇਆ ਕਿ ਜਲਦੀ ਹੀ ਕਿਸਾਨਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਇਸ ਸਮੇਂ ਬਲਵੰਤ ਸਿੰਘ ਠੀਕਰੀਵਾਲਾ,ਜੱਗਾ ਸਿੰਘ ਮਹਿਲਕਲਾਂ, ਹਰਦੇਵ ਸਿੰਘ ਜੰਗੀਆਣਾ,ਗੁਰਮੀਤ ਸਿੰਘ ਬਰਨਾਲਾ, ਸਤਨਾਮ ਸਿੰਘ ਬਰਨਾਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਹਾਜ਼ਰ ਸਨ।
Posted By SonyGoyal