ਬਰਨਾਲਾ, 30 ਅਪ੍ਰੈਲ (ਮਨਿੰਦਰ ਸਿੰਘ)

ਵਰਲਡ ਕੈਂਸਰ ਕੇਅਰ ਸੁਸਾਇਟੀ ਦੇ 8 ਮਾਹਿਰ ਡਾਕਟਰਾਂ ਦੀ ਟੀਮ ਕਰ ਰਹੀ ਹੈ ਮਰੀਜ਼ਾਂ ਦਾ ਚੈਕਅੱਪ ਆਧੁਨਿਕ ਮੋਬਾਇਲ ਵੈਨਾਂ ਵਿਚ ਕੀਤੇ ਜਾ ਰਹੇ ਕੈਂਸਰ ਦੇ ਵੱਖ-ਵੱਖ ਟੈਸਟ ਤੇ ਅੱਖਾਂ ਦੀ ਜਾਂਚ ਕੈਂਸਰ ਵਰਗੀ ਨਾਮੁਰਾਦ ਅਤੇ ਭਿਆਨਕ ਬਿਮਾਰੀ ਤੋਂ ਜਿਲ੍ਹਾ ਬਰਨਾਲਾ, ਸੰਗਰੂਰ ਅਤੇ ਮਾਨਸਾ ਜ਼ਿਲਿ੍ਹਆਂ ਦੇ ਲੋਕਾਂ ਬਚਾਉਣ ਲਈ ਟਰਾਈਡੈਂਟ ਗਰੁੱਪ ਦੇ ਟਰਾਈਡੈਂਟ ਹਿਊਮੈਨਿਟੀ ਫਾਊਂਡੇਸ਼ਨ ਵਲੋਂ ਵਰਲਡ ਕੈਂਸਰ ਕੇਅਰ ਸੁਸਾਇਟੀ ਦੇ ਸਹਿਯੋਗ ਨਾਲ ਲਗਾਏ ਗਏ 10 ਦਿਨਾਂ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਦੇ 9ਵੇਂ ਦਿਨ ਇਲਾਕੇ ਦੇ ਲੋਕਾਂ ਵਿਚ ਚੈਕਅੱਪ ਕਰਵਾਉਣ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਟਰਾਈਡੈਂਟ ਗਰੁੱਪ ਦੇ ਸੰਸਥਾਪਕ ਪਦਮਸ੍ਰੀ ਰਾਜਿੰਦਰ ਗੁਪਤਾ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਲੜੀ ਤਹਿਤ ਲਗਾਏ ਗਏ ਇਸ ਕੈਂਪ ਦਾ ਰੋਜ਼ਾਨਾ ਹਜ਼ਾਰਾਂ ਲੋਕ ਲਾਹਾ ਲੈ ਰਹੇ ਹਨ। ਕੈਂਪ ਵਿਚ ਜਿੱਥੇ ਮਾਹਿਰ ਡਾਕਟਰਾਂ ਵਲੋਂ ਮਰੀਜ਼ਾਂ ਦਾ ਚੈਕਅੱਪ ਕੀਤਾ ਜਾ ਰਿਹਾ ਹੈ ਉਥੇ ਆਧੁਨਿਕ ਮੋਬਾਇਲ ਵੈਨਾਂ ਵਿਚ ਕੈਂਸਰ ਦੇ ਵੱਖ-ਵੱਖ ਟੈਸਟ ਕੀਤੇ ਜਾ ਰਹੇ ਹਨ। ਮਾਹਿਰ ਡਾਕਟਰਾਂ ਵਿਚ ਡਾ. ਧਰਮਿੰਦਰ ਢਿੱਲੋਂ, ਡਾ. ਜਸਪ੍ਰੀਤ ਸਿੰਘ, ਡਾ. ਅਭਿਸ਼ੇਕ ਕੁਮਾਰ, ਡਾ. ਅਮਨ, ਡਾ. ਸ਼ਰੂਤੀ, ਡਾ. ਪ੍ਰਭਜੋਤ, ਡਾ. ਸੁਖਦੇਵ ਅਤੇ ਡਾ. ਅਸਕਾਂਦ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਡਾਕਟਰੀ ਟੀਮ ਵਿਚ 70 ਦੇ ਕਰੀਬ ਸਟਾਫ਼ ਅਤੇ ਟਰਾਈਡੈਂਟ ਗਰੁੱਪ ਦੇ ਅਧਿਕਾਰੀਆਂ ਤੇ ਵਲੰਟੀਅਰਾਂ ਵਲੋਂ ਵੀ ਨਿਰਸਵਾਰਥ ਸੇਵਾ ਨਿਭਾਈ ਜਾ ਰਹੀ ਹੈ। ਵਰਲਡ ਕੈਂਸਰ ਕੇਅਰ ਸੁਸਾਇਟੀ ਦੀਆਂ 8 ਆਧੁਨਿਕ ਵੈਨਾਂ ਵਿਚ ਮੈਮੋਗਰਾਫੀ, ਮੂੰਹ ਦਾ ਕੈਂਸਰ, ਹੱਡੀਆਂ ਦੇ ਕੈਂਸਰ, ਵੱਖ-ਵੱਖ ਬਿਮਾਰੀਆਂ ਦੇ ਲੈਬਾਰਟਰੀ ਟੈਸਟ ਅਤੇ ਅੱਖਾਂ ਦੀ ਜਾਂਚ ਕਰ ਕੇ ਮੁਫ਼ਤ ਐਨਕਾਂ ਦਿੱਤੀਆਂ ਜਾ ਰਹੀਆਂ ਹਨ। ਟਰਾਈਡੈਂਟ ਗਰੁੱਪ ਦੇ ਅਧਿਕਾਰੀ ਰੁਪਿੰਦਰ ਗੁਪਤਾ ਅਤੇ ਦੀਪਕ ਗਰਗ ਨੇ ਦੱਸਿਆ ਕਿ ਅੱਜ 9ਵੇਂ ਦਿਨ ਤੱਕ 5 ਹਜ਼ਾਰ ਤੋਂ ਵੱਧ ਲੋਕਾਂ ਵਲੋਂ ਜਾਂਚ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਕੈਂਪ ਵਿਚ ਡਾਕਟਰੀ ਟੀਮਾਂ ਵਲੋਂ ਮਰੀਜ਼ਾਂ ਦੀ ਜਾਂਚ ਅਤੇ ਟੈਸਟਾਂ ਤੋਂ ਬਿਨਾਂ ਕੈਂਸਰ ਸਬੰਧੀ ਲੈਕਚਰਾਂ ਤੇ ਭਾਸ਼ਨਾਂ ਰਾਹੀਂ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਆਪਣੇ ਖਾਣ-ਪੀਣ ਦਾ ਪ੍ਰਹੇਜ਼ ਰੱਖਣ ਤੋਂ ਇਲਾਵਾ ਤੰਦਰੁਸਤ ਜੀਵਨ ਬਤੀਤ ਕਰ ਸਕਣ। ਇਸ ਤੋਂ ਇਲਾਵਾ ਕੈਂਪ ਵਿਚ ਇਲਾਵਾ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ, ਹੱਡੀਆਂ ਦੀ ਘਣਤਾ ਦਾ ਟੈਸਟ ਕਰ ਕੇ ਜਨਰਲ ਦਵਾਈਆਂ ਮੁਫ਼ਤ ਵਿਚ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ 30 ਅਪ੍ਰੈਲ ਇਸ ਕੈਂਪ ਦਾ ਆਖਰੀ ਦਿਨ ਹੈ, ਇਸ ਲਈ ਕੈਂਸਰ ਵਰਗੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਇੱਕ ਵਾਰ ਜਰੂਰ ਇਸ ਕੈਂਪ ਵਿਚ ਆ ਕੇ ਆਪਣਾ ਚੈਕਅੱਪ ਕਰਵਾਉਣ ਕਿਉਂਕਿ ਜੇਕਰ ਕੈਂਸਰ ਦੀ ਸਹੀ ਜਾਂਚ ਹੋਣ ’ਤੇ ਲੱਛਣਾਂ ਨੂੰ ਪਹਿਲਾਂ ਹੀ ਪਛਾਣ ਲਿਆ ਜਾਂਦਾ ਹੈ ਤਾਂ ਉਸ ਨੂੰ ਅੱਗੇ ਵੱਧਣ ਤੋਂ ਰੋਕਿਆ ਜਾ ਸਕਦਾ ਹੈ।

Posted By SonyGoyal

Leave a Reply

Your email address will not be published. Required fields are marked *