ਮਨਿੰਦਰ / ਤਜਿੰਦਰ, ਤਪਾ

24 ਘੰਟੇ ਟੋਲ਼ ਫ੍ਰੀ ਹੈਲਪਲਾਈਨ ਨੰਬਰ ‘ਤੇ ਕਾਲ ਕਰ ਕੇ ਮਾਨਸਿਕ ਸਿਹਤ ਬਾਰੇ ਲਏ ਜਾ ਸਕਦੈ ਸੁਝਾਅ

ਐਸ.ਡੀ.ਐਚ. ਤਪਾ ਵਿਖੇ ਟੈਲੀ ਮਾਨਸ ਸਬੰਧੀ ਜਾਗਰੂਕਤਾ ਪੋਸਟਰ ਜਾਰੀ

22 ਦਸੰਬਰ ਸਿਵਲ ਸਰਜਨ ਡਾ. ਹਰਿੰਦਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਬ ਡਵੀਜਨਲ ਹਸਪਤਾਲ ਤਪਾ ਵਿਖੇ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾ. ਕੰਵਲਜੀਤ ਸਿੰਘ ਬਾਜਵਾ ਸਮੇਤ ਹੋਰਾਂ ਵੱਲੋਂ ਟੈਲੀ ਮਾਨਸ ਸੇਵਾ ਸਬੰਧੀ ਜਾਗਰੂਕਤਾ ਪੋਸਟਰ ਜਾਰੀ ਕੀਤੇ ਗਏ।

ਜਾਣਕਾਰੀ ਦਿੰਦਿਆਂ ਦਿਮਾਗੀ ਤੇ ਮਾਨਸਿਕ ਰੋਗਾਂ ਦੇ ਮਾਹਰ ਡਾਕਟਰ ਤਨੂੰ ਸਿੰਗਲਾ ਨੇ ਕਿਹਾ ਕਿ ਅੱਜ ਕੱਲ ਮਾਨਸਿਕ ਸਿਹਤ ਸਮੱਸਿਆਵਾਂ ਲਗਾਤਾਰ ਭਿਆਨਕ ਰੂਪ ਧਾਰਨ ਕਰ ਰਹੀਆਂ ਹਨ।

ਖਾਸ ਕਰਕੇ ਕੋਰੋਨਾ ਤੋਂ ਬਾਅਦ ਲੋਕਾਂ ਦੀਆਂ ਮਾਨਸਿਕ ਸਿਹਤ ਸਮੱਸਿਆਵਾਂ ਬਹੁਤ ਵਧ ਗਈਆਂ ਹਨ।

ਅਜਿਹੀ ਸਥਿਤੀ ਵਿੱਚ ਵਿਅਕਤੀ ਦਾ ਬਿਨਾ ਝਿਜਕ ਮਾਹਿਰ ਡਾਕਟਰ ਦੇ ਸੁਝਾਅ ਲੈਣੇ ਬਹੁਤ ਜ਼ਰੂਰੀ ਹੋ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਸਰਕਾਰ ਵੱਲੋਂ ਮਾਨਸਿਕ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਸਿਹਤ ਸੰਸਥਾਵਾਂ ਦੇ ਸਹਿਯੋਗ ਨਾਲ ਟੈਲੀ ਮਾਨਸ ਸੇਵਾ ਸ਼ੁਰੂ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਟੈਲੀ ਮਾਨਸ ਸੇਵਾ ਇੱਕ ਹੈਲਪਲਾਈਨ ਨੰਬਰ ਦੁਆਰਾ ਪ੍ਰਦਾਨ ਕੀਤੀ ਗਈ ਸੇਵਾ ਹੈ, ਜਿਸ ਵਿੱਚ ਤੁਸੀਂ 14416 ਜਾਂ 1-800-891-4416 ‘ਤੇ ਕਾਲ ਕਰ ਸਕਦੇ ਹੋ ਅਤੇ ਮਾਨਸਿਕ ਸਿਹਤ ਮਾਹਿਰਾਂ ਨਾਲ ਆਪਣੀ ਸਮੱਸਿਆ ਸਾਂਝੀ ਕਰ ਸਕਦੇ ਹੋ।

ਉਨ੍ਹਾਂ ਕਿਹਾ ਕਿ ਫ਼ੋਨ ਰਾਹੀਂ ਮਾਹਿਰ ਸਮੱਸਿਆਵਾਂ ਸੁਣਨਗੇ ਅਤੇ ਕਾਉਂਸਲਿੰਗ ਰਾਹੀਂ ਤੁਰੰਤ ਰਾਹਤ ਦੇਣ ਦੀ ਕੋਸ਼ਿਸ਼ ਕਰਨਗੇ।

ਉਨ੍ਹਾਂ ਦੱਸਿਆ ਕਿ ਕੋਈ ਵੀ ਵਿਅਕਤੀ ਜੋ ਕਿਸੇ ਮਾਨਸਿਕ ਸਮੱਸਿਆ ਜਿਵੇਂ ਚਿੰਤਾ, ਉਦਾਸੀ, ਨਕਾਰਾਤਮਕ ਵਿਚਾਰ, ਆਤਮ ਹੱਤਿਆ ਦੇ ਵਿਚਾਰ ਆਦਿ ਤੋਂ ਪੀੜਤ ਜਾਂ ਆਪਣੇ ਸਮਾਜਿਕ ਅਤੇ ਪਰਿਵਾਰਕ ਹਾਲਾਤਾਂ ਤੋ ਪ੍ਰੇਸ਼ਾਨ ਹੋ ਕੇ ਮਨ ਵਿੱਚ ਵਾਰ-ਵਾਰ ਖੁਦਕੁਸ਼ੀ ਦਾ ਖਿਆਲ ਆਉਣਾ ਜਾਂ ਪੜਾਈ ਦਾ ਤਣਾਅ ਹੋਣਾ, ਸ਼ੱਕ ਜਾਂ ਵਹਿਮ ਦੀ ਬਿਮਾਰੀ ਤੇ ਨਸ਼ਿਆਂ ਤੋਂ ਪੀੜਤ ਮਰੀਜ਼ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਆਦਿ ਇਸ ਟੋਲ਼ ਫ੍ਰੀ ਹੈਲਪਲਾਈਨ ਨੰਬਰ ‘ਤੇ ਕਾਲ ਕਰ ਕੇ ਮਦਦ ਲੈ ਸਕਦੇ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਆਸ਼ਾ ਜਾਂ ਏ.ਐਨ.ਐਮ. ਵੀ ਇਸ ਨੰਬਰ ‘ਤੇ ਕਾਲ ਕਰ ਕੇ ਆਪਣੇ ਏਰੀਏ ਦੇ ਅਜਿਹੇ ਲੋਕਾਂ ਨੂੰ ਜਾਣਕਾਰੀ ਜਾਂ ਗਾਈਡ ਕਰ ਸਕਦੇ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਸ਼ਿਖਾ ਅਗਰਵਾਲ, ਬਲਾਕ ਐਜੂਕੇਟਰ ਜਸਪਾਲ ਸਿੰਘ ਜਟਾਣਾ, ਫਾਰਮੇਸੀ ਅਫਸਰ ਹਰਪਾਲ ਸਿੰਘ ਮੌਜੂਦ ਸਨ।

Posted By SonyGoyal

Leave a Reply

Your email address will not be published. Required fields are marked *