ਬਰਨਾਲਾ, 30 ਅਗਸਤ ( ਸੋਨੀ ਗੋਇਲ )
ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਫੀਲਡ ਵਿੱਚ ਰਹਿਣ ਦੇ ਆਦੇਸ਼ ਪਿੰਡਾਂ ਵਿਚ ਪਾਣੀ ਦੀ ਟੈਸਟਿੰਗ ਜਾਰੀ, ਸਿਹਤ ਗਤੀਵਿਧੀਆਂ ਦਾ ਵੀ ਲਿਆ ਜਾਇਜ਼ਾ
ਜ਼ਿਲ੍ਹੇ ਵਾਸੀਆਂ ਨੂੰ ਅਣਸੁਰੱਖਿਅਤ ਇਮਾਰਤਾਂ ਵਿੱਚ ਨਾ ਰਹਿਣ ਦੀ ਅਪੀਲ ਕਿਸੇ ਵੀ ਐਮਰਜੈਂਸੀ ਵੇਲੇ ਕੰਟਰੋਲ ਰੂਮ ਨੰਬਰਾਂ ‘ਤੇ ਕੀਤਾ ਜਾਵੇ ਸੰਪਰਕ
ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਆਈ ਏ ਐੱਸ ਵਲੋਂ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਜ਼ਿਲ੍ਹੇ ਦੇ ਅਹਿਮ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਪਿਛਲੇ ਦਿਨੀਂ ਮੀਂਹ ਕਰਨ ਖੜ੍ਹੇ ਪਾਣੀ ਦੀ ਨਿਕਾਸੀ ਅਤੇ ਆਗਾਮੀ ਪ੍ਰਬੰਧਾਂ ਦਾ ਜਾਇਜ਼ਾ ਲਿਆ। ਓਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਫੀਲਡ ਵਿਚ ਸਰਗਰਮ ਰਹਿਣ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਦੇ ਨਿਰਦੇਸ਼ ਦਿੱਤੇ। ਓਨ੍ਹਾਂ ਡਰੇਨੇਜ ਵਿਭਾਗ ਤੋਂ ਜ਼ਿਲ੍ਹੇ ਵਿਚਲੀਆਂ ਡਰੇਨਾਂ ਹਰੀਗੜ੍ਹ ਡਰੇਨ, ਧਨੌਲਾ ਡਰੇਨ, ਅਪਰ ਲਸਾੜਾ ਡਰੇਨ, ਕੁਰੜ ਡਰੇਨ, ਸ਼ਹਿਣਾ ਡਰੇਨ ਤੇ ਟੱਲੇਵਾਲ ਡਰੇਨ ਵਿੱਚ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ ਜਿਸ ‘ਤੇ ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਡਰੇਨਾਂ ਵਿੱਚ ਪਾਣੀ ਦਾ ਪੱਧਰ ਘਟਿਆ ਹੈ ਅਤੇ ਖੇਤਾਂ ਦਾ ਪਾਣੀ ਡਰੇਨਾਂ ਵਿਚ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਨਰੇਗਾ ਦੀ ਮਦਦ ਨਾਲ ਡਰੇਨਾਂ ਵਿਚ ਘਾਹ – ਬੂਟੀ ਸਾਫ਼ ਕਰਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਪਾਣੀ ਦੇ ਵਹਾਅ ਵਿਚ ਰੁਕਾਵਟ ਨਾ ਆਵੇ। ਓਨ੍ਹਾਂ ਲੋਕ ਨਿਰਮਾਣ ਵਿਭਾਗ ਤੋਂ ਸੜਕਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਜਿਸ ‘ਤੇ ਐਕਸੀਅਨ ਵਲੋਂ ਦੱਸਿਆ ਗਿਆ ਕਿ 15 ਦੇ ਕਰੀਬ ਸੜਕਾਂ ਨੁਕਸਾਨੀਆਂ ਗਈਆਂ ਹਨ ਅਤੇ ਪਾਣੀ ਘਟਣ ‘ਤੇ ਸੜਕਾਂ ‘ਤੇ ਮਿੱਟੀ ਪਵਾਉਣ ਦਾ ਕੰਮ ਚੱਲ ਰਿਹਾ ਹੈ। ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਧੌਲਾ ਗਰਿੱਡ ਵਿਚ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਘਟਿਆ ਹੈ। ਓਨ੍ਹਾਂ ਵੱਖ ਵੱਖ ਅੰਡਰਬ੍ਰਿਜਾਂ ਵਿੱਚ ਪਾਣੀ ਦੇ ਪੱਧਰ ਦਾ ਵੀ ਜਾਇਜ਼ਾ ਲਿਆ ਜਿੱਥੇ ਪਾਣੀ ਕੱਢਣ ਦਾ ਕੰਮ ਜਾਰੀ ਹੈ।ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿੰਡਾਂ ਵਿਚ ਪਾਣੀ ਦੇ ਨਮੂਨੇ ਲੈ ਕੇ ਟੈਸਟਿੰਗ ਕੀਤੀ ਜਾ ਰਹੀ ਹੈ ਤੇ ਹੁਣ ਤਕ ਦੇ ਨਮੂਨੇ ਪਾਸ ਹਨ। ਇਸ ਤੇ ਡਿਪਟੀ ਕਮਿਸ਼ਨਰ ਨੇ ਪਾਣੀ ਖੜ੍ਹਨ ਵਾਲੇ 2 ਦਰਜਨ ਦੇ ਕਰੀਬ ਪਿੰਡਾਂ ਵਿਚ ਸੈਂਪਲਿੰਗ ਪਹਿਲ ਦੇ ਆਧਾਰ ਤੇ ਕਰਾਉਣ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਸ਼ਹਿਰੀ ਖੇਤਰਾਂ ਬਰਨਾਲਾ, ਤਪਾ, ਭਦੌੜ, ਧਨੌਲਾ ਆਦਿ ਵਿੱਚ ਪਾਣੀ ਦੀ ਨਿਕਾਸੀ ਦਾ ਜਾਇਜ਼ਾ ਲਿਆ ਅਤੇ ਨੈਸ਼ਨਲ ਹਾਈਵੇਅ ਅਧਿਕਾਰੀਆਂ ਨੂੰ ਸਰਵਿਸ ਰੋਡ ‘ਤੇ ਖੜ੍ਹੇ ਪਾਣੀ ਦੀ ਨਿਕਾਸੀ ਦੇ ਨਿਰਦੇਸ਼ ਦਿੱਤੇ। ਓਨ੍ਹਾਂ ਐੱਸ ਡੀ ਐਮਜ਼ ਨੂੰ ਨਿਰਦੇਸ਼ ਦਿੱਤੇ ਕਿ ਜੇਕਰ ਕੋਈ ਪਰਿਵਾਰ ਅਣਸੁਰੱਖਿਅਤ ਇਮਾਰਤਾਂ ਵਿੱਚ ਰਹਿ ਰਹੇ ਹਨ ਤਾਂ ਓਨ੍ਹਾਂ ਨੂੰ ਹੋਰ ਥਾਵਾਂ ‘ਤੇ ਲਿਆਂਦਾ ਜਾਵੇ ਅਤੇ ਲੋੜਵੰਦਾਂ ਲਈ ਸਹੂਲਤਾਂ ਮੁਹਈਆ ਕਰਾਈਆਂ ਜਾਣ। ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਨੂੰ ਸਿਹਤ ਸਰਵੇਖਣ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਕਿਸੇ ਵੀ ਇਨਫੈਕਸ਼ਨ ਆਦਿ ਦੇ ਖਤਰੇ ਬਾਰੇ ਪਤਾ ਲੱਗ ਸਕੇ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਓਨ੍ਹਾਂ ਕਿਹਾ ਕਿ ਕਿਸੇ ਵੀ ਐਮਰਜੈਂਸੀ ਵਿਚ ਜ਼ਿਲ੍ਹਾ ਵਾਸੀ ਕੰਟਰੋਲ ਰੂਮ ਨੰਬਰਾਂ :ਤੇ ਸੰਪਰਕ ਕਰ ਸਕਦੇ ਹਨ ਜੋ ਕਿ 01679-233031 (ਬਰਨਾਲਾ), 01679-273201 (ਤਪਾ), 82641-93466 (ਮਹਿਲ ਕਲਾਂ) ਲਗਾਤਾਰ ਚਾਲੂ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪ੍ਰਿਤਾ ਜੌਹਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਤਵੰਤ ਸਿੰਘ, ਐੱਸ ਡੀ ਐਮ ਬਰਨਾਲਾ/ ਤਪਾ ਮੈਡਮ ਸੋਨਮ, ਐੱਸ ਡੀ ਐਮ ਮਹਿਲ ਕਲਾਂ ਜੁਗਰਾਜ ਸਿੰਘ ਕਾਹਲੋਂ ਸਮੇਤ ਵੱਖ ਵੱਖ ਵਿਭਾਗਾਂ ਦੇ ਮੁਖੀ ਹਾਜ਼ਰ ਸਨ।
Posted By Gaganjot Goyal