ਯੂਨੀਵਿਸੀਜਨ ਨਿਊਜ਼ ਇੰਡੀਆ ਸ਼੍ਰੀ ਅੰਮ੍ਰਿਤਸਰ

ਲੜਕੀਆਂ ਨੂੰ ਡਰਾਈਵਿੰਗ ਸਿਖਾਉਣ ਦਾ ਵੀ ਕੀਤੀ ਜਾਵੇਗਾ ਉਪਰਾਲਾ-ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਸ੍ਰੀ ਘਣਸ਼ਾਮ ਥੋਰੀ ਨੇ ਸਮੇਂ ਦੀਆਂ ਚੁਣੌਤੀਆਂ ਨੂੰ ਟੱਕਰ ਦੇਣ ਲਈ ਲੜਕੀਆਂ ਨੂੰ ਸਿੱਖਿਆ ਦੇ ਖੇਤਰ ਵਿਚ ਹਰ ਮੌਕੇ ਦਾ ਲਾਹਾ ਲੈਣ ਦਾ ਸੱਦਾ ਦਿੰਦੇ ਕਿਹਾ ਕਿ ਮੌਜੂਦਾ ਯੁੱਗ ਵਿਚ ਕਿਸੇ ਵੀ ਖੇਤਰ ਵਿਚ ਲੜਕੀਆਂ ਲੜਕਿਆਂ ਨਾਲੋਂ ਪਿੱਛੇ ਨਹੀਂ ਰਹੀਆਂ, ਚਾਹੇ ਇਹ ਸਿੱਖਿਆ ਦਾ ਖੇਤਰ ਹੈ, ਖੇਡਾਂ ਦਾ, ਨੌਕਰੀ ਲੈਣ ਦੇ ਮੌਕਿਆਂ ਦਾ ਜਾਂ ਉਦਮੀ ਬਣ ਕੇ ਰੋਜ਼ਗਾਰ ਦਾਤਾ ਬਣਨ ਦਾ ਹਰ ਥਾਂ, ਜਿੱਥੇ ਵੀ ਔਰਤ ਨੂੰ ਮੌਕਾ ਦਿੱਤਾ ਗਿਆ ਹੈ, ਉਸਨੇ ਆਪਣੀ ਸਮਰੱਥਾ, ਤਾਕਤ ਤੇ ਨਿਪੁੰਨਤਾ ਦਾ ਲੋਹਾ ਮਨਵਾਇਆ ਹੈ।

ਸਵੈ ਰੱਖਿਆ ਲਈ ਲੜਕੀਆਂ ਨੂੰ ਮਾਰਸ਼ਲ ਆਰਟ ਦੀ ਸਿੱਖਿਆ ਦੇਣ ਦੀ ਸ਼ੁਰੂਆਤ ਕਰਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਫਲਤਾ ਲਈ ਜ਼ਰੂਰੀ ਹੈ ਕਿ ਸਾਡੀ ਬੱਚੀਆਂ ਚੰਗੇ ਭਵਿੱਖ ਲਈ ਸਰਕਾਰ, ਸਮਾਜ ਜਾਂ ਪਰਿਵਾਰ ਵੱਲੋਂ ਦਿੱਤੇ ਕਿਸੇ ਵੀ ਮੌਕੇ ਨੂੰ ਖੁੰਝਣ ਨਾ, ਸਗੋਂ ਇਕ ਨਿਸ਼ਾਨਾ ਸਾਧ ਕੇ ਭਵਿੱਖ ਵਿਚ ਅੱਗੇ ਵਧਣ।

ਉਨਾਂ ਕਿਹਾ ਕਿ ਜੇਕਰ ਤੁਸੀਂ ਆਪਣੇ ਮਿੱਥੇ ਨਿਸ਼ਾਨੇ ਦੀ ਪ੍ਰਾਪਤੀ ਉਤੇ ਕੇਂਦਰਿਤ ਰਹਿੰਦੇ ਹੋਏ ਤਾਂ ਦੁਨੀਆਂ ਦੀ ਕੋਈ ਤਾਕਤ ਤਹਾਡੀ ਸਫਲਤਾ ਵਿਚ ਰੋੜਾ ਨਹੀਂ ਬਣ ਸਕਦੀ।

ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਤਹਿਤ ਸਵੈ ਰੱਖਿਆ ਦੀਆਂ ਸ਼ੁਰੂ ਕੀਤੀਆਂ ਕਲਾਸਾਂ ਲਈ ਸਥਾਨਕ ਮਾਲ ਰੋਡ ਸਕੂਲ ਵਿਚ ਕਰਵਾਏ ਸਮਾਗਮ ਨੂੰ ਸੰਬੋਧਨ ਕਰਦੇ ਸ੍ਰੀ ਥੋਰੀ ਨੇ ਐਲਾਨ ਕੀਤਾ ਕਿ ਭਵਿੱਖ ਵਿਚ ਛੇਤੀ ਹੀ ਬੱਚੀਆਂ ਨੂੰ ਡਰਾਈਵਿੰਗ ਸਿੱਖਿਆ ਦੇਣ ਦੀ ਸ਼ੁਰੂਆਤ ਵੀ ਕੀਤੀ ਜਾਵੇਗੀ।

ਸ੍ਰੀ ਥੋਰੀ ਨੇ ਦੱਸਿਆ ਕਿ ਸਕੂਲ ਆਫ ਐਮੀਨੈਸ ਮਾਲ ਰੋਡ, ਸਰਕਾਰੀ ਕੰਨਿਆ ਸਕੂਲ ਮਹਾਂ ਸਿੰਘ ਗੇਟ ਅਤੇ ਸਰਕਾਰੀ ਕੰਨਿਆ ਸਕੂਲ ਮਾਹਣਾ ਸਿੰਘ ਰੋਡ ਵਿਖੇ ਬੱਚੀਆਂ ਨੂੰ ਸਵੈ ਰੱਖਿਆ ਲਈ ਸਿਖਲਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪਹਿਲੇ ਬੈਚ ਵਿਚ 350 ਬੱਚੀਆਂ ਇਹ ਸਿੱਖਿਆ ਲੈਣਗੀਆਂ।

ਉਨਾਂ ਦੱਸਿਆ ਕਿ ਇਸ ਕੰਮ ਲਈ 7 ਕੋਚ 50-50 ਬੱਚੀਆਂ ਦੇ ਬੈਚ ਨੂੰ ਰੋਜ਼ਾਨਾ ਇਕ ਘੰਟਾ ਇਕ ਮਹੀਨਾ ਇਹ ਸਿਖਲਾਈ ਦੇਣਗੇ।

ਉਨਾਂ ਇਸ ਕੰਮ ਲਈ ਬਾਲ ਵਿਕਾਸ ਤੇ ਇਸਤਰੀ ਭਲਾਈ ਵਿਭਾਗ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਅਤੇ ਮਿਹਨਤ ਦੀ ਸਰਾਹਨਾ ਕੀਤੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਸ੍ਰੀ ਵਿਵੇਕ ਮੋਦੀ, ਪਿ੍ਰੰਸੀਪਲ ਮਨਦੀਪ ਕੌਰ, ਜਿਲ੍ਹਾ ਪ੍ਰੋਗਰਾਮ ਅਫਸਰ ਸ੍ਰੀਮਤੀ ਕੁਲਦੀਪ ਕੌਰ, ਬਾਲ ਵਿਕਾਸ ਪ੍ਰੋਜੈਕਟ ਅਧਿਕਾਰੀ ਸ੍ਰੀ ਗਗਨਦੀਪ ਸਿੰਘ, ਸ੍ਰੀਮਤੀ ਮੀਨਾ ਦੇਵੀ, ਗਾਇਡੈਂਸ ਕੌਂਸ਼ਲਰ ਸ. ਜਸਬੀਰ ਸਿੰਘ ਅਤੇ ਜਿਲ੍ਹੇ ਦੇ ਸਾਰੇ ਸੀ ਡੀ ਪੀ ਓ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Posted By SonyGoyal

Leave a Reply

Your email address will not be published. Required fields are marked *