ਤਪਾ/ ਧਨੌਲਾ, 1 ਸਤੰਬਰ ( ਸੋਨੀ ਗੋਇਲ )
ਲੋਕਾਂ ਨੂੰ ਅਣਸੁਰੱਖਿਅਤ ਇਮਾਰਤਾਂ ਵਿੱਚ ਨਾ ਰਹਿਣ ਦੀ ਅਪੀਲ
ਜ਼ਿਲ੍ਹਾ ਵਾਸੀਆਂ ਨੂੰ ਅਫ਼ਵਾਹਾਂ ਤੋਂ ਬਚਣ ਦੀ ਅਪੀਲ

ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਆਈ ਏ ਐੱਸ ਵਲੋਂ ਅੱਜ ਮੀਂਹ ਦੇ ਮੱਦੇਨਜ਼ਰ ਜਿੱਥੇ ਵੱਖ ਵੱਖ ਡਰੇਨਾਂ ਵਿਚ ਪਾਣੀ ਦੀ ਨਿਕਾਸੀ ਦਾ ਜਾਇਜ਼ਾ ਲਿਆ ਗਿਆ, ਓਥੇ ਪਿੰਡਾਂ ਦਾ ਦੌਰਾ ਕਰਕੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਗਈ।

ਡਿਪਟੀ ਕਮਿਸ਼ਨਰ ਵਲੋਂ ਅੱਜ ਧਨੌਲਾ ਡਰੇਨ ਅਤੇ ਘੁੰਨਸ ਡਰੇਨ ਵਿੱਚ ਪਾਣੀ ਦੇ ਪੱਧਰ ਅਤੇ ਪਾਣੀ ਦੀ ਨਿਕਾਸੀ ਦਾ ਜਾਇਜ਼ਾ ਲਿਆ ਗਿਆ। ਘੁੰਨਸ ਡਰੇਨ ਵਿੱਚ ਸਫ਼ਾਈ ਜਾਰੀ ਹੈ ਤਾਂ ਜੋ ਪਾਣੀ ਦੇ ਵਹਾਅ ਵਿਚ ਰੁਕਾਵਟ ਨਾ ਆਵੇ।

ਡਿਪਟੀ ਕਮਿਸ਼ਨਰ ਵਲੋਂ ਪਿੰਡ ਅਤਰਗੜ੍ਹ, ਤਾਜੋਕੇ, ਘੁੰਨਸ, ਧੌਲਾ ਆਦਿ ਦਾ ਦੌਰਾ ਕਰਕੇ ਵਸਨੀਕਾਂ ਨਾਲ ਮੁਲਾਕਾਤ ਕੀਤੀ ਗਈ, ਖਾਸ ਕਰਕੇ ਜਿਹੜੇ ਪਰਿਵਾਰ ਅਣਸੁਰੱਖਿਅਤ ਮਕਾਨਾਂ ਵਿੱਚ ਰਹਿ ਰਹੇ ਹਨ, ਓਨ੍ਹਾਂ ਨੂੰ ਅਪੀਲ ਕੀਤੀ ਗਈ ਕਿ ਪ੍ਰਸ਼ਾਸਨ ਵਲੋਂ ਨੇੜਲੀਆਂ ਧਰਮਸ਼ਾਲਾਵਾਂ ਅਤੇ ਹੋਰ ਢੁਕਵੇ ਸਥਾਨਾਂ ‘ਤੇ ਪ੍ਰਬੰਧ ਕੀਤੇ ਗਏ ਹਨ, ਉਹ ਓਥੇ ਆਰਜ਼ੀ ਤੌਰ ‘ਤੇ ਬਸੇਰਾ ਕਰ ਲੈਣ ਤਾਂ ਜੋ ਜ਼ਿਆਦਾ ਮੀਂਹ ਦੀ ਸਥਿਤੀ ਵਿਚ ਕੋਈ ਜਾਨੀ-ਮਾਲੀ ਨੁਕਸਾਨ ਨਾ ਹੋਵੇ।
ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਓਨ੍ਹਾਂ ਪਰਿਵਾਰਾਂ ਨਾਲ ਵੀ ਮੁਲਾਕਾਤ ਕੀਤੀ ਗਈ, ਜਿਨ੍ਹਾਂ ਦੇ ਮਕਾਨ ਨੁਕਸਾਨੇ ਜਾਣ ਕਾਰਨ ਘਟਨਾਵਾਂ ਵਾਪਰੀਆਂ ਹਨ ਓਨ੍ਹਾਂ ਨੂੰ ਮੁਆਇਨਾ (ਅਸੈਸਮੈਂਟ) ਕਰਨ ਮਗਰੋਂ ਮੁਆਵਜ਼ਾ ਜਾਰੀ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਹਿਰਾਂ ਵਿਚ ਪਾਣੀ ਦਾ ਵਹਾਅ ਕੰਟਰੋਲ ‘ਚ ਹੈ। ਓਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀ ਅਫ਼ਵਾਹਾਂ ਤੋਂ ਬਚਣ ਅਤੇ ਕਿਸੇ ਵੀ ਤਰ੍ਹਾਂ ਦੀ ਲੋੜ ਪੈਣ ‘ਤੇ ਕੰਟਰੋਲ ਰੂਮ ਨੰਬਰ 01679-233031 (ਬਰਨਾਲਾ), 01679-273201 (ਤਪਾ), 82641-93466 (ਮਹਿਲ ਕਲਾਂ) ‘ਤੇ ਸੰਪਰਕ ਕਰ ਸਕਦੇ ਹਨ।
Posted By Gaganjot Goyal