ਯੂਨੀਵਿਸੀਜਨ ਨਿਊਜ਼ ਇੰਡੀਆ ਸੰਗਰੂਰ

ਅਗਲੇ ਡੇਢ ਮਹੀਨਿਆਂ ’ਚ ਕੀਤੀ ਜਾਣ ਵਾਲੀ ਮਿਹਨਤ
ਵਿਦਿਆਰਥੀਆਂ ਦੇ ਭਵਿੱਖ ਨੂੰ ਸੁਨਹਿਰੀ ਬਣਾਏਗੀ: ਜਤਿੰਦਰ ਜੋਰਵਾਲ

ਡਿਪਟੀ ਕਮਿਸ਼ਨਰ ਨੇ ਨਵੇਂ ਸਾਲ ਦੇ ਮੌਕੇ ’ਤੇ ਮਿਸ਼ਨ ਐਕਸੀਲੈਂਸ ਦੇ ਵਿਦਿਆਰਥੀਆਂ ਨੂੰ ਸਿਖਾਏ ਮਿਹਨਤ ਨਾਲ ਸਫ਼ਲਤਾ ਹਾਸਲ ਕਰਨ ਦੇ ਗੁਰ

ਵਿਦਿਆਰਥੀਆਂ ਤੇ ਅਧਿਆਪਕਾਂ ਤੋਂ ‘ਮਿਸ਼ਨ ਐਕਸੀਲੈਂਸ’ ਬਾਰੇ ਹਾਸਲ ਕੀਤੀ ਫੀਡਬੈਕ

ਬੋਰਡ ਪ੍ਰੀਖਿਆਵਾਂ ’ਚ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਮਿਹਨਤ ਤੇ ਲਗਨ ਨਾਲ ਮੈਰਿਟ ਵਿੱਚ ਆਪਣਾ ਨਾਮ ਦਰਜ ਕਰਾਉਣ ਲਈ ਹੱਲਾਸ਼ੇਰੀ ਦਿੱਤੀ

ਜ਼ਿਲ੍ਹਾ ਸੰਗਰੂਰ ਦੇ ਸਰਕਾਰੀ ਸਕੂਲਾਂ ਵਿੱਚ ‘ਮਿਸ਼ਨ ਐਕਸੀਲੈਂਸ’ ਤਹਿਤ ਤਰਾਸ਼ੇ ਜਾ ਰਹੇ ਵਿਦਿਆਰਥੀਆਂ ਨਾਲ ਅੱਜ ਨਵੇਂ ਸਾਲ ਦੇ ਮੌਕੇ ’ਤੇ ਖੁਸ਼ਗਵਾਰ ਮਾਹੌਲ ਵਿੱਚ ਵਿਚਾਰ ਵਟਾਂਦਰਾ ਕਰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਕਰੀਬ ਡੇਢ ਮਹੀਨਿਆਂ ਬਾਅਦ ਹੋਣ ਵਾਲੀਆਂ ਬੋਰਡ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵਜੋਂ ਮਿਹਨਤ ਦਾ ਇਹ ਸਮਾਂ ਵਿਦਿਆਰਥੀਆਂ ਦੇ ਸੁਨਿਹਰੀ ਭਵਿੱਖ ਨੂੰ ਰਚਣ ਵਿੱਚ ਮਦਦਗਾਰ ਸਾਬਤ ਹੋਵੇਗਾ।

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 8ਵੀਂ, 10ਵੀਂ ਤੇ 12ਵੀਂ ਦੇ ਵੱਡੀ ਗਿਣਤੀ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਇਹ ਆਪਣੇ ਸੁਪਨਿਆਂ ਨੂੰ ਖੰਭ ਲਗਾਉਣ ਦਾ ਸਹੀ ਵੇਲਾ ਹੈ ਅਤੇ ਇਨ੍ਹਾਂ ਡੇਢ ਮਹੀਨਿਆਂ ਵਿੱਚ ਪੂਰੇ ਲਗਨ, ਉਤਸ਼ਾਹ ਤੇ ਦ੍ਰਿੜਤਾ ਨਾਲ ਕੀਤੀ ਜਾਣ ਵਾਲੀ ਮਿਹਨਤ ਸਦਕਾ ਸਾਡੇ ਵੱਡੀ ਗਿਣਤੀ ਵਿਦਿਆਰਥੀ ਮੈਰਿਟ ਵਿੱਚ ਆਪਣਾ ਨਾਮ ਦਰਜ ਕਰਾਉਣ ਦੇ ਸਮਰੱਥ ਬਣਨਗੇ।

ਉਨ੍ਹਾਂ ਨੇ ਇਸ ਮੌਕੇ ਬੋਰਡ ਪ੍ਰੀਖਿਆਵਾਂ ਲਈ ਬਿਹਤਰ ਤਿਆਰੀ ਵਜੋਂ ਵਿਸ਼ੇਸ਼ ਤੌਰ ’ਤੇ ਤਿਆਰ ਕਰਵਾਈ ਪੜ੍ਹਨ ਸਹਾਇਕ ਸਮੱਗਰੀ, ਕਿੱਟਾਂ, ਬੈਗ, ਨਕਸ਼ੇ, ਸਟੇਸ਼ਨਰੀ ਦਾ ਸਮਾਨ ਵਿਦਿਆਰਥੀਆਂ ਨੂੰ ਵੰਡਿਆ ਅਤੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਵੱਡੇ ਸੁਧਾਰਾਂ ਨੂੰ ਯਕੀਨੀ ਬਣਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਸਰਕਾਰ ਦੇ ਇਸੇ ਟੀਚੇ ਨੂੰ ਸਾਕਾਰ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ‘ਮਿਸ਼ਨ ਐਕਸੀਲੈਂਸ’ ਤਹਿਤ ਜ਼ਿਲ੍ਹਾ ਸੰਗਰੂਰ ਦੇ 91 ਸਰਕਾਰੀ ਸਕੂਲਾਂ ਦੇ 1145 ਵਿਦਿਆਰਥੀਆਂ ਨੂੰ ਨਿਯਮਤ ਤੌਰ ’ਤੇ ਮੋਕ ਟੈਸਟਾਂ, ਸਮਾਂ ਪ੍ਰਬੰਧਨ, ਸਰੀਰਕ ਤੇ ਮਾਨਸਿਕ ਵਿਕਾਸ, ਵਿਅਕਤੀਤਵ ਨਿਖ਼ਾਰ, ਧਿਆਨ ਕੇਂਦਰਿਤ ਕਰਨ ਸਬੰਧੀ ਸਿਖਲਾਈ, ਸਵੇਰ ਤੇ ਸ਼ਾਮ ਦੇ ਸਮੇਂ ਦੀਆਂ ਵਾਧੂ ਸਿਖਲਾਈ ਕਲਾਸਾਂ, ਆਨਲਾਈਨ ਪੜ੍ਹਨ ਸਮੱਗਰੀ ਆਦਿ ਨਾਲ ਨਿਖ਼ਾਰ ਲਿਆਂਦਾ ਜਾ ਰਿਹਾ ਹੈ ਤਾਂ ਜੋ ਇਹ ਬੱਚੇ ਹੋਰਨਾਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਵੀ ਮੱਲਾਂ ਮਾਰਨ ਦੇ ਯੋਗ ਬਣ ਸਕਣ।

ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੀਤਇੰਦਰ ਘਈ ਨੇ ਦੱਸਿਆ ਕਿ ਪਿਛਲੇ ਦਿਨਾਂ ਵਿੱਚ ‘ਮਿਸ਼ਨ ਐਕਸੀਲੈਂਸ’ ਤਹਿਤ ਸਿੱਖਿਆ ਮਾਹਿਰਾਂ ਦੀ ਨਿਗਰਾਨੀ ਹੇਠ ਸਰਕਾਰੀ ਸਕੂਲਾਂ ਵਿੱਚ ਕਰਵਾਏ ਗਏ 3 ਮੋਕ ਟੈਸਟ ਅਤੇ ਇੱਕ ਟੈਸਟ ਸੀਰੀਜ਼ ਵਿੱਚ ਜਿਹੜੇ ਵਿਦਿਆਰਥੀਆਂ ਨੇ ਪਹਿਲੀਆਂ 20 ਪੁਜੀਸ਼ਨਾਂ ਹਾਸਲ ਕੀਤੀਆਂ ਉਨ੍ਹਾਂ ਨੂੰ ਬੁਲਾ ਕੇ ਵਿਸ਼ੇਸ ਤੌਰ ’ਤੇ ਹੱਲਾਸ਼ੇਰੀ ਦਿੱਤੀ ਗਈ ਹੈ। ‘

ਮਿਸ਼ਨ ਐਕਸੀਲੈਂਸ’ ਦੇ ਕੋਆਰਡੀਨੇਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲਾਂ ’ਚ ਹੋਈਆਂ ਬੋਰਡ ਪ੍ਰੀਖਿਆਵਾਂ ਵਿੱਚ ਸੰਗਰੂਰ ਦੇ ਸਰਕਾਰੀ ਸਕੂਲਾਂ ਦੇ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਘੱਟ ਸੀ ਜਿਸ ਨੂੰ ਇਸ ਸਾਲ ਵਧਾਉਣ ਦਾ ਟੀਚਾ ਮਿੱਥਦੇ ਹੋਏ ਇਸ ਪ੍ਰੋਜੈਕਟ ਤਹਿਤ ਵਿਦਿਆਰਥੀਆਂ ਦੇ ਹੁਨਰ ਨੂੰ ਸੁਧਾਰਨ ਦਾ ਟੀਚਾ ਮਿਥਿਆ ਗਿਆ ਹੈ।

ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਸਮੇਤ ਹੋਰ ਅਧਿਕਾਰੀਆਂ ਵੱਲੋਂ ਨਵੇਂ ਸਾਲ ਦੇ ਮੌਕੇ ’ਤੇ ਦਿੱਤੀ ਪ੍ਰੇਰਨਾ ਤੋਂ ਪ੍ਰਭਾਵਿਤ ਵਿਦਿਆਰਥਣਾਂ ਨਿਸ਼ਾ, ਰੀਆ ਸ਼ਰਮਾ, ਪ੍ਰਭਜੋਤ ਕੌਰ ਆਦਿ ਨੇ ਕਿਹਾ ਕਿ ‘ਮਿਸ਼ਨ ਐਕਸੀਲੈਂਸ’ ਉਨ੍ਹਾਂ ਦੀ ਪੜ੍ਹਾਈ ਵਿੱਚ ਤਬਦੀਲੀ ਲਿਆ ਰਿਹਾ ਹੈ ਅਤੇ ਉਹ ਯਕੀਨੀ ਤੌਰ ’ਤੇ ਬੋਰਡ ਪ੍ਰੀਖਿਆਵਾਂ ਵਿੱਚ ਮੱਲਾਂ ਮਾਰਨ ਦੇ ਸੁਪਨੇ ਨੂੰ ਸਾਕਾਰ ਕਰਨਗੀਆਂ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ ਅਤੇ ਸਹਾਇਕ ਕਮਿਸ਼ਨਰ ਜਸਪਿੰਦਰ ਸਿੰਘ ਵੀ ਹਾਜ਼ਰ ਸਨ।

Posted By SonyGoyal

Leave a Reply

Your email address will not be published. Required fields are marked *