ਬਰਨਾਲਾ, 22 ਮਈ (ਮਨਿੰਦਰ ਸਿੰਘ)

ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਗਰਮੀ ਤੇ ਲੂ ਤੋਂ ਬਚਾਅ ਲਈ ਸਾਵਧਾਨੀਆਂ ਸਬੰਧੀ ਐਡਵਾਈਜ਼ਰੀ ਜਾਰੀ   

ਮੌਸਮ ਵਿਭਾਗ ਅਨੁਸਾਰ ਦਿਨ ਸਮੇਂ 12 ਵਜੇ ਤੋਂ 4 ਵਜੇ ਦਰਮਿਆਨ ਤਾਪਮਾਨ 42 ਡਿਗਰੀ ਤੋਂ ਜਿਆਦਾ ਹੋ ਜਾਂਦਾ ਹੈ ਇਹ ਉੱਚ ਤਾਪਮਾਨ ਸਰੀਰ ਦੇ ਤਾਪਮਾਨ ਨਿਯੰਤਰਣ ਪ੍ਰਣਾਲੀ ਨੂੰ ਵਿਗਾੜਦਾ ਹੈ ਅਤੇ ਗਰਮੀ ਨਾਲ ਸਬੰਧਤ ਬਿਮਾਰੀਆਂ ਦਾ ਕਾਰਨ ਬਣਦਾ ਹੈ।

ਇਨ੍ਹਾਂ ਸਬਦਾਂ ਦਾ ਪ੍ਰਗਟਾਵਾਂ ਕਰਦੇ ਹੋਏ ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸ਼ਰਮਾ ਨੇ ਦੱਸਿਆ ਕਿ ਮਈ ਅਤੇ ਜੂਨ ਦੇ ਮਹੀਨਿਆਂ ਦੌਰਾਨ ਗਰਮ ਲੂ ਚੱਲਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਅਤੇ ਇਸ ਸਮੇਂ ਦੌਰਾਨ ਆਮ ਲੋਕਾਂ ਦੇ ਨਾਲ-ਨਾਲ ਖਾਸ ਕਰਕੇ ਉਨ੍ਹਾਂ ਲੋਕਾਂ, ਜਿਹੜੇ ਜੋਖਮ ਸ਼੍ਰੇਣੀ ਵਿੱਚ ਆਉਂਦੇ ਹਨ, ਨੂੰ ਚੌਕਸ ਰਹਿਣ ਦੀ ਲੋੜ ਹੈ ਕਿ ਦੁਪਹਿਰ ਸਮੇਂ ਬਾਹਰ ਜਾਣ ਤੋਂ ਪ੍ਰਹੇਜ ਕੀਤਾ ਜਾਵੇ।

 ਡਾ. ਮੁਨੀਸ ਕੁਮਾਰ ਜ਼ਿਲ੍ਹਾ ਐਪੀਡਿਮਾਲੋਜਿਸਟ ਨੇ ਦੱਸਿਆ ਕਿ ਗਰਮ ਲੂ ਸਮੇਂ ਨਵਜੰਮੇ ਬੱਚੇ, ਛੋਟੇ ਬੱਚੇ, ਗਰਭਵਤੀ ਔਰਤਾਂ, 65 ਸਾਲ ਜਾਂ ਵੱਧ ਉਮਰ ਦੇ ਬਜ਼ੁਰਗ,ਕਿਸੇ ਗੰਭੀਰ ਬਿਮਾਰੀ ਤੋਂ ਪੀੜਤ, ਮਜ਼ਦੂਰ, ਖੇਤਾਂ ‘ਚ ਕੰਮ ਕਰਨ ਵਾਲੇ ਵਿਅਕਤੀ ਵਧੇਰੇ ਜ਼ੋਖਮ ’ਤੇ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਘਰ ਤੋਂ ਬਾਹਰ ਦੇ ਕੰਮ ਦਿਨ ਦੇ ਠੰਡੇ ਸਮੇਂ ਜਿਵੇਂ ਕਿ ਸਵੇਰ ਅਤੇ ਸ਼ਾਮ ਵਿੱਚ ਕੀਤੇ ਜਾਣੇ ਚਾਹੀਦੇ ਹਨ।

ਪਿਆਸ ਨਾ ਲੱਗਣ ‘ਤੇ ਵੀ ਸਮੇਂ ਸਮੇਂ ‘ਤੇ ਪਾਣੀ ਪੀਣਾ ਚਾਹੀਦਾ ਹੈ।ਬਾਹਰ ਕੰਮ ਕਰਦੇ ਸਮੇਂ ਹਲਕੇ ਰੰਗ ਦੇ ਪੂਰੀ ਬਾਹਾਂ ਵਾਲੇ ਸੂਤੀ ਕੱਪੜੇ ਪਹਿਨਣੇ ਚਾਹੀਦੇ ਹਨ।

ਕੁਲਦੀਪ ਸਿੰਘ ਮਾਨ, ਹਰਜੀਤ ਸਿੰਘ ਅਤੇ ਸਿਵਾਨੀ ਅਰੋੜਾ ਜ਼ਿਲ੍ਹਾ ਮਾਸ ਮੀਡੀਆ ਵਿੰਗ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸਿੱਧੀ ਧੁੱਪ ਤੋਂ ਆਪਣੇ ਸਿਰ ਨੂੰ ਢੱਕਣ ਲਈ ਛੱਤਰੀ, ਟੋਪੀ, ਤੌਲੀਆ, ਪੱਗ ਜਾਂ ਦੁਪੱਟੇ ਦੀ ਵਰਤੋਂ ਕਰਨੀ ਚਾਹੀਦੀ ਹੈ।

ਨੰਗੇ ਪੈਰ ਬਾਹਰ ਨਹੀਂ ਜਾਣਾ ਚਾਹੀਦਾ, ਧੁੱਪ ਵਿਚ ਬਾਹਰ ਜਾਣ ਵੇਲੇ ਹਮੇਸ਼ਾ ਜੁੱਤੀ ਜਾਂ ਚੱਪਲਾਂ ਪਾਓ।

ਧੁੱਪ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਸਰੀਰ ਦਾ ਤਾਪਮਾਨ ਸਹੀ ਬਰਕਰਾਰ ਰੱਖਣ ਲਈ ਛਾਂ ਵਿਚ ਆਰਾਮ ਕਰਨਾ ਚਾਹੀਦਾ ਹੈ ਜਾਂ ਸਿਰ ’ਤੇ ਗਿੱਲਾ ਕੱਪੜਾ ਰੱਖਣਾ ਚਾਹੀਦਾ ਹੈ।

ਧੁੱਪ ਵਿਚ ਨਿਕਲਦੇ ਸਮੇਂ ਹਮੇਸ਼ਾ ਪਾਣੀ ਨਾਲ ਰੱਖਣਾ ਚਾਹੀਦਾ ਹੈ।

ਨਿੰਬੂ ਪਾਣੀ, ਓ.ਆਰ.ਐਸ. ਘੋਲ,ਲੱਸੀ ਅਤੇ ਚਾਵਲ ਪਾਣੀ ਪੀਣਾ ਚਾਹੀਦਾ ਹੈ।

ਮੌਸਮੀ ਫਲ ਅਤੇ ਸਬਜ਼ੀਆਂ ਜਿਵੇਂ ਕਿ ਨਿੰਬੂ,ਤਰਬੂਜ, ਸੰਤਰਾ, ਅੰਗੂਰ, ਖੀਰੇ ਅਤੇ ਟਮਾਟਰ ਦਾ ਸੇਵਨ ਕਰਨਾ ਚਾਹੀਦਾ ਹੈ, ਕਿਉਂਕਿ ਇੰਨ੍ਹਾਂ ਵਿਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ।

Posted By SonyGoyal

Leave a Reply

Your email address will not be published. Required fields are marked *