ਬਰਨਾਲਾ 06 ਅਪ੍ਰੈਲ (ਮਨਿੰਦਰ ਸਿੰਘ )
ਪਸ਼ੂ ਪਾਲਣ ਵਿਭਾਗ ਪਸ਼ੂਆਂ ਦਾ ਢੁੱਕਵਾਂ ਇਲਾਜ ਕਰੇ-ਬਾਬੂ ਸਿੰਘ ਖੁੱਡੀ ਕਲਾਂ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਬਲਾਕ ਬਰਨਾਲਾ ਨੇ ਅੱਜ ਪਿੰਡ ਧੂਰਕੋਟ ਵਿਖੇ ਮੂੰਹ ਖੁਰ ਦੀ ਬਿਮਾਰੀ ਕਾਰਨ ਮਰ ਰਹੇ ਦੁਧਾਰੂ ਪਸ਼ੂਆਂ ਦੀ ਜਾਣਕਾਰੀ ਹਾਸਿਲ ਕਰਨ ਦੇ ਲਈ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ।
ਬਲਾਕ ਬਰਨਾਲਾ ਦੇ ਪ੍ਰਧਾਨ ਬਾਬੂ ਸਿੰਘ ਖੁੱਡੀ ਕਲਾਂ ਅਤੇ ਜਰਨੈਲ ਸਿੰਘ ਖੁੱਡੀ ਕਲਾਂ ਨੇ ਦੱਸਿਆ ਕਿ ਪੂਰੇ ਬਰਨਾਲਾ ਜ਼ਿਲ੍ਹੇ ਖਾਸ ਕਰ ਇਸ ਪਿੰਡ ਵਿੱਚ ਹੁਣ ਤੱਕ ਸੈਂਕੜੇ ਪਸ਼ੂ ਮੂੰਹ ਖੁਰ ਦੀ ਬਿਮਾਰੀ ਕਾਰਨ ਮਰ ਚੁੱਕੇ ਹਨ।
ਕਿਸਾਨਾਂ ਦਾ ਸਹਾਇਕ ਤੇ ਵਜੋਂ ਪਸ਼ੂ ਪਾਲਣਾ ਵੱਡਾ ਧੰਦਾ ਹੈ।
ਪਰ ਮੂੰਹ ਖੁਰ ਦੀ ਪਈ ਬਿਮਾਰੀ ਪ੍ਰਤੀ ਪ੍ਰਸ਼ਾਸਨ ਅਤੇ ਪਸ਼ੂ ਪਾਲਣ ਵਿਭਾਗ ਕੁੰਭ ਕਰਨੀ ਨੀਂਦ ਸੁੱਤਾ ਪਿਆ ਹੈ।
ਇਸ ਕਾਰਨ ਪਿੰਡ ਦੇ ਲੋਕਾਂ ਵਿੱਚ ਪ੍ਰਸ਼ਾਸਨ ਅਤੇ ਪਸ਼ੂ ਪਾਲਣ ਵਿਭਾਗ ਪ੍ਰਤੀ ਗਹਿਰੀ ਨਿਰਾਸ਼ਾ ਪਾਈ ਜਾ ਰਹੀ ਹੈ।
ਆਗੂਆਂ ਦੱਸਿਆ ਕਿ ਬਹੁਤ ਸਾਰੇ ਕਿਸਾਨਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਜਾਕੇ ਮਿਲਣ ਤੋਂ ਉਪਰੰਤ ਪਤਾ ਲੱਗਾ ਹੈ ਕਿ ਅਜਿਹਾ ਕੁੱਝ ਵਾਪਰਦਿਆਂ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ।
ਪਰ ਪ੍ਰਸ਼ਾਸਨ ਅਤੇ ਪਸ਼ੂ ਪਾਲਣ ਵਿਭਾਗ ਇਸ ਬਿਪਤਾ ਦੀ ਘੜੀ ਦੇ ਵਿੱਚ ਖ਼ਾਨਾਪੂਰਤੀ ਹੀ ਕਰ ਰਿਹਾ ਹੈ।
ਜਦਕਿ ਪਿੰਡ ਦਾ ਕੋਈ ਹੀ ਘਰ ਹੋਵੇਗਾ ਜਿਸ ਘਰ ਦੇ ਵਿੱਚ ਪਸ਼ੂਆਂ ਦਾ ਨੁਕਸਾਨ ਨਾ ਹੋਇਆ ਹੋਵੇ।
ਖਾਸ ਕਰ ਦਧਾਰੂ ਪਸ਼ੂਆਂ ਦਾ ਬਹੁਤ ਜਿਆਦਾ ਨੁਕਸਾਨ ਹੋ ਗਿਆ ਹੈ।
ਪਸ਼ੂ ਵੀ ਨੁਕਸਾਨੇ ਗਏ ਹਨ ਅਤੇ ਪਸ਼ੂਆਂ ਦੇ ਇਲਾਜ ਕਰਾਉਣ ਲਈ ਹਜ਼ਾਰਾਂ ਰੁਪਏ ਕਿਸਾਨਾਂ ਨੂੰ ਪੱਲਿਓਂ ਖਰਚ ਕਰਨੇ ਪੈ ਰਹੇ ਹਨ।
ਪਿੰਡ ਦੇ ਲੋਕਾਂ ਨੇ ਆਗੂਆਂ ਨੂੰ ਦੱਸਿਆ ਕਿ ਸਾਡੀ ਇਸ ਬਿਪਤਾ ਦੀ ਘੜੀ ਦੇ ਵਿੱਚ ਪ੍ਰਸ਼ਾਸਨ ਅਤੇ ਸਰਕਾਰ ਦਾ ਕੋਈ ਨੁਮਾਇੰਦਾ ਬਾਂਹ ਫੜ ਨਹੀਂ ਆਇਆ।
ਕਿਸਾਨ ਆਗੂਆਂ ਨੇ ਪਿੰਡ ਨਿਵਾਸੀਆਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਅਤੇ ਜਲਦ ਹੀ ਪਸ਼ੂ ਪਾਲਣ ਵਿਭਾਗ ਨੂੰ ਹਰਕਤ ਵਿੱਚ ਆਕੇ ਪਸ਼ੂਆਂ ਦਾ ਮੁਫ਼ਤ ਕੈਂਪ ਲਗਾ ਕੇ ਇਲਾਜ ਕਰਨ ਦੀ ਮੰਗ ਕਰਨਗੇ।
ਆਗੂਆਂ ਕਿਹਾ ਮੂੰਹ ਖੁਰ ਦੀ ਬਿਮਾਰੀ ਦਾ ਇਲਾਜ ਅਤੇ ਵੈਕਸੀਨ ਕੀਤੀ ਜਾਵੇ।
ਕਿਉਂਕਿ ਸਮੇਂ ਸਿਰ ਵੈਕਸੀਨ ਨਾ ਕਰਨ ਕਰਕੇ ਹੀ ਇਹ ਬਿਮਾਰੀ ਲਗਾਤਾਰ ਫੈਲ ਰਹੀ ਹੈ।
ਜਿਸ ਦਾ ਨੁਕਸਾਨ ਕਿਸਾਨਾਂ-ਮਜ਼ਦੂਰਾਂ ਨੂੰ ਝੱਲਣਾ ਪੈ ਰਿਹਾ ਹੈ।
ਅਜਿਹੀ ਹਾਲਤ ਵਿੱਚ ਕਿਸਾਨ ਆਗੂਆਂ ਨੇ ਕਿਹਾ ਕਿ ਪਿੰਡ ਨਿਵਾਸੀਆਂ ਨੂੰ ਪ੍ਰਸ਼ਾਸਨ ਅਤੇ ਪਸ਼ੂ ਪਾਲਣ ਵਿਭਾਗ ਦੇ ਰਹਿਮੋ ਕਰਮ ਤੇ ਨਹੀਂ ਛੱਡਿਆ ਜਾਵੇਗਾ ਸਗੋਂ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆਂ ਜਲਦੀ ਹੀ ਜਥੇਬੰਦੀ ਦਾ ਵਫਦ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲ ਕੇ ਪਸ਼ੂਆਂ ਦਾ ਇਲਾਜ ਜਲਦ, ਮੁਫ਼ਤ ਅਤੇ ਸਹੀ ਢੰਗ ਨਾਲ ਕਰਾਉਣ ਦੀ ਮੰਗ ਕਰੇਗਾ।
ਕਿਸੇ ਵੀ ਹਾਲਤ ਵਿੱਚ ਪਿੰਡ ਨਿਵਾਸੀਆਂ ਨੂੰ ਇਕੱਲਿਆਂ ਨਹੀਂ ਛੱਡਿਆ ਜਾਵੇਗਾ।
ਜੇਕਰ ਜਲਦ ਇਸ ਸਮੱਸਿਆ ਦਾ ਹੱਲ ਜਲਦ ਨਹੀਂ ਕੀਤਾ ਜਾਂਦਾ ਤਾਂ ਜਥੇਬੰਦੀ ਪਿੰਡ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਨਾਲ ਲੈ ਕੇ ਸੰਘਰਸ਼ ਕਰੇਗੀ।
ਆਗੂਆਂ ਮੰਗ ਕੀਤੀ ਕਿ ਮੂੰਹ ਖੁਰ ਦੀ ਬਿਮਾਰੀ ਕਾਰਨ ਨੁਕਸਾਨੇ ਗਏ ਪਸ਼ੂਆਂ ਦਾ ਢੁੱਕਵਾਂ ਮੁਆਵਜ਼ਾ ਅਦਾ ਕੀਤਾ ਜਾਵੇ।
ਇਸ ਸਮੇਂ ਕਿਸਾਨ ਆਗੂ ਅੰਮ੍ਰਿਤ ਪਾਲ ਸਿੰਘ ਤੋਂ ਇਲਾਵਾ ਸੁਰਜੀਤ ਸਿੰਘ, ਗੁਰਨਾਮ ਸਿੰਘ, ਅਵਤਾਰ ਸਿੰਘ, ਗੁਰਦੇਵ ਸਿੰਘ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਿਸਾਨ ਹਾਜ਼ਰ ਸਨ।
Posted By SonyGoyal