ਸੋਨੀ ਗੋਇਲ ਧੂਰੀ

ਕੜਾਕੇ ਦੀ ਧੁੰਦ ਵਿੱਚ ਸਿਵਲ ਸਰਜਨ ਨੇ ਸਵੇਰੇ 9 ਵਜੇ ਧੂਰੀ ਹਸਪਤਾਲ ਦੀ ਕੀਤੀ ਅਚਾਨਕ ਚੈਕਿੰਗ

ਅੱਜ ਸਵੇਰੇ ਕਰੀਬ 9 ਵਜੇ ਸਿਵਲ ਸਰਜਨ ਸੰਗਰੂਰ ਡਾ. ਕਿਰਪਾਲ ਸਿੰਘ ਵੱਲੋਂ ਸਿਵਲ ਹਸਪਤਾਲ ਧੂਰੀ ਦੀ ਅਚਾਨਕ ਚੈਕਿੰਗ ਕਰਦਿਆਂ ਹਸਪਤਾਲ ਦੇ ਸਟਾਫ ਦੀ ਹਾਜਰੀ ਚੈੱਕ ਕੀਤੀ ਗਈ ਅਤੇ ਸਿਵਲ ਹਸਪਤਾਲ ਦੀਆਂ ਐਮਰਜੈਂਸੀ ਸੇਵਾਵਾਂ ਦਾ ਜਾਇਜਾ ਲੈਣ ਉਪਰੰਤ ਡਾਕਟਰਾਂ ਦੇ ਓ.ਪੀ.ਡੀ. ਕਮਰਿਆਂ ਦੇ ਬਾਹਰ ਬੈਠੇ ਮਰੀਜ਼ਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੂੰ ਹਸਪਤਾਲ ਵਿੱਚੋਂ ਮਿਲਣ ਵਾਲੀਆਂ ਸਿਹਤ ਸਹੂਲਤਾਂ ਅਤੇ ਦਵਾਈਆਂ ਆਦਿ ਬਾਰੇ ਪੁੱਛਿਆ ਗਿਆ।

ਇਸ ਮੌਕੇ ਸਿਵਲ ਹਸਪਤਾਲ ਧੂਰੀ ਦੇ ਪ੍ਰਬੰਧਾਂ ਅਤੇ ਸਟਾਫ ਦੀ ਹਾਜਰੀ ਨੂੰ ਲੈ ਕੇ ਤਸੱਲੀ ਪ੍ਰਗਟਾਉਂਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਹਸਪਤਾਲ ਦੇ ਸਟਾਫ ਦੀ ਹਾਜਰੀ ਨੂੰ ਸਮੇਂ ਸਿਰ ਯਕੀਨੀ ਬਨਾਉਣ ਲਈ ਉਹਨਾਂ ਵੱਲੋਂ ਇਹ ਅਚਾਨਕ ਚੈਕਿੰਗ ਕੀਤੀ ਗਈ ਹੈ।

ਉਹਨਾਂ ਕਿਹਾ ਕਿ ਨਕਲੀ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਬਨਾਉਣ ਅਤੇ ਵੇਚਣ ਵਾਲੇ ਲੋਕਾਂ ਦੇ ਨਾਲ-ਨਾਲ ਨਸ਼ੀਲੀਆਂ ਮੈਡੀਕਲ ਦਵਾਈਆਂ ਵੇਚਣ ਵਾਲੇ ਵਿਅਕਤੀਆਂ ਦੇ ਖਿਲਾਫ ਸਖਤ ਕਾਰਵਾਈ ਕਰਦਿਆਂ ਅਜਿਹੇ ਲੋਕਾਂ ਵਿਰੁੱਧ ਮੁਕੱਦਮੇ ਦਰਜ ਕਰਵਾਏ ਜਾਣਗੇ।

ਉਹਨਾਂ ਕਿਹਾ ਕਿ ਜੇਕਰ ਇਲਾਕੇ ਵਿੱਚ ਕੋਈ ਵਿਅਕਤੀ ਨਕਲੀ ਦੁੱਧ, ਪਨੀਰ, ਘਿਉ ਅਤੇ ਨਸ਼ੀਲੀਆਂ ਦਵਾਈਆਂ ਆਦਿ ਵੇਚਣ ਦਾ ਕਾਰੋਬਾਰ ਕਰਦਾ ਹੈ ਤਾਂ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ ਅਤੇ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ, ਪਤਾ ਗੁਪਤ ਰੱਖਣ ਦੇ ਨਾਲ-ਨਾਲ ਅਜਿਹੇ ਵਿਅਕਤੀਆਂ ਨੂੰ ਸਿਹਤ ਵਿਭਾਗ ਵੱਲੋਂ ਸਨਮਾਨਿਤ ਵੀ ਕੀਤਾ ਜਾਵੇਗਾ।

ਸਿਵਲ ਹਸਪਤਾਲ ਦੀ ਨਵੀਂ ਬਨਣ ਜਾ ਰਹੀ ਬਿਲਡਿੰਗ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਸ਼ਹਿਰ ਹੋਣ ਕਾਰਨ ਸਿਵਲ ਹਸਪਤਾਲ ਧੂਰੀ ਦੀ ਬਿਲਡਿੰਗ ਉੱਪਰ ਕਰੀਬ 18 ਕਰੋੜ ਰੁਪਏ ਪੰਜਾਬ ਸਰਕਾਰ ਵੱਲੋਂ ਖਰਚੇ ਜਾ ਰਹੇ ਹਨ ਜਿਸ ਨਾਲ ਸਿਵਲ ਹਸਪਤਾਲ ਦੀ ਨੁਹਾਰ ਬਦਲਣ ਜਾ ਰਹੀ ਹੈ।

ਇਸ ਮੌਕੇ ਕਾਰਜਕਾਰੀ ਐਸ.ਐਮ.ਓ. ਡਾ. ਰਚਿਤਾ, ਡਾ. ਕੰਵਰਪ੍ਰੀਤ ਸਰਾਂ, ਡਾ. ਮਨਿੰਦਰ ਸਿੰਘ, ਨਰਸਿੰਗ ਸਿਸਟਰ ਨਰਿੰਦਰ ਕੌਰ, ਲੈਬ ਇੰਚਾਰਜ ਪ੍ਰੇਮ ਕੁਮਾਰ, ਪ੍ਰਦੀਪ ਕੁਮਾਰ ਆਦਿ ਵੱਲੋਂ ਨਵ-ਨਿਯੁੱਕਤ ਸਿਵਲ ਸਰਜਨ ਡਾ. ਕਿਰਪਾਲ ਸਿੰਘ ਨੂੰ ਪਹਿਲੀ ਵਾਰ ਧੂਰੀ ਆਉਣ ਤੇ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਸਿਵਲ ਸਰਜਨ ਦਫਤਰ ਦੇ ਸਟੈਨੋ ਬੂਟਾ ਸਿੰਘ, ਅਸ਼ੋਕ ਕੁਮਾਰ ਅਤੇ ਲਖਵਿੰਦਰ ਕੁਮਾਰ ਆਦਿ ਵੀ ਹਾਜਰ ਸਨ।

Posted By SonyGoyal

Leave a Reply

Your email address will not be published. Required fields are marked *