ਮਨਿੰਦਰ ਸਿੰਘ, ਬਰਨਾਲਾ / ਭਦੌੜ

ਜੇਕਰ ਭਾਨੇ ਸਿੱਧੂ ਨੂੰ ਰਿਹਾਅ ਨਾ ਕੀਤਾ ਤਾਂ ਸੀਐਮ ਦੇ ਹਲਕੇ ਧੂਰੀ ਵਿੱਚ 31 ਨੂੰ ਕੀਤਾ ਜਾਵੇਗਾ ਵੱਡਾ ਇਕੱਠ ।

ਪਿੰਡ ਕੋਟਦੁਨਾ ਵਿਖੇ ਭਾਨਾ ਸਿੱਧੂ ਦੇ ਹੱਕ ਵਿੱਚ ਆਵਾਜ ਬੁਲੰਦ ਕਰਨ ਪਹੁੰਚ ਐਮ.ਪੀ. ਸਿਮਰਨਜੀਤ ਸਿੰਘ ਮਾਨ

29 ਜਨਵਰੀ ਆਪਣੇ ਢੰਗ ਨਾਲ ਸਮਾਜ ਭਲਾਈ ਦੇ ਕੰਮ ਕਰਕੇ ਅਤੇ ਠੱਗ ਏਜੰਟਾਂ ਤੋਂ ਪੀੜਿਤਾਂ ਦੇ ਪੈਸੇ ਦਿਵਾਉਣ ਕਰਕੇ ਸੋਸ਼ਲ ਮੀਡੀਆ ‘ਤੇ ਹਮੇਸ਼ਾ ਚਰਚਾ ਵਿੱਚ ਰਹਿਣ ਵਾਲੇ ਨੌਜਵਾਨ ਆਗੂ ਭਾਨਾ ਸਿੱਧੂ ਨੂੰ ਪੁਲਿਸ ਵੱਲੋਂ ਗਿ੍ਫਤਾਰ ਕਰਨ ਅਤੇ ਉਸ ਵਿਰੁੱਧ ਕਥਿਤ ਤੌਰ ‘ਤੇ ਇੱਕ ਤੋਂ ਬਾਅਦ ਇੱਕ ਪਰਚੇ ਦਰਜ ਕਰਨ ਦੇ ਰੋਸ ਵਜੋਂ ਅੱਜ ਹਲਕੇ ਦੇ ਪਿੰਡ ਕੋਟਦੂਨਾ ਦੀ ਅਨਾਜ ਮੰਡੀ ਵਿਖੇ ਵੱਡਾ ਇਕੱਠਾ ਕੀਤਾ ਗਿਆ ।

ਇਸ ਇਕੱਠ ਵਿੱਚ ਜਿੱਥੇ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਪਾਰਟੀ ਦੇ ਵੱਡੀ ਗਿਣਤੀ ਆਗੂਆਂ ਦੇ ਨਾਲ ਭਾਨਾ ਸਿੱਧੂ ਦੇ ਹੱਕ ਵਿੱਚ ਆਵਾਜ ਬੁਲੰਦ ਕਰਨ ਲਈ ਪਹੁੰਚੇ ।

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਲੋਕ ਹਿੱਤਾਂ ਲਈ ਕੰਮ ਕਰਨ ਵਾਲੇ ਨੌਜਵਾਨ ਆਗੂਆਂ ਦੀ ਆਵਾਜ ਦਬਾਉਣ ਲਈ ਪੰਜਾਬ ਸਰਕਾਰ ਝੂਠੇ ਪਰਚੇ ਦਰਜ ਕਰਨਾ ਬੰਦ ਕਰੇ ।

ਸ. ਮਾਨ ਨੇ ਕਿਹਾ ਕਿ ਭਾਨਾ ਸਿੱਧੂ ਜੋ ਕਿ ਇੱਕ ਸਮਾਜ ਸੇਵਕ ਹੈ ਅਤੇ ਠੱਗ ਏਜੰਟਾਂ ਤੋਂ ਪੀੜਿਤ ਲੋਕਾਂ ਦੇ ਪੈਸੇ ਵਾਪਸ ਕਰਵਾਉਣ ਲਈ ਲਗਾਤਾਰ ਸੇਵਾ ਭਾਵਨਾ ਨਾਲ ਕੰਮ ਕਰ ਰਿਹਾ ਹੈ ।

ਇਸ ਸੇਵਾ ਭਾਵਨਾ ਦੇ ਨਾਲ-ਨਾਲ ਉਸ ਵੱਲੋਂ ਅਕਸਰ ਸਰਕਾਰ ਵੱਲੋਂ ਕੀਤੀਆਂ ਜਾਂਦੀਆਂ ਵਾਅਦਾਖਿਲਾਫੀਆਂ ਅਤੇ ਸਰਕਾਰ ਦੀਆਂ ਨਾਕਾਮੀਆਂ ‘ਤੇ ਵੀ ਸਵਾਲ ਉਠਾਏ ਜਾਂਦੇ ਰਹੇ ਹਨ ।

ਇਸੇ ਕਰਕੇ ਭਾਨਾ ਸਿੱਧੂ ਕਾਫੀ ਸਮੇਂ ਤੋਂ ਸਰਕਾਰ ਦੀਆਂ ਅੱਖਾਂ ਵਿੱਚ ਰੜਕ ਰਿਹਾ ਸੀ ।

ਭਾਨਾ ਸਿੱਧੂ ਵਾਂਗ ਕੋਈ ਹੋਰ ਨੌਜਵਾਨ ਸਰਕਾਰ ਨੂੰ ਉਸਦੀ ਕਾਰਗੁਜਾਰੀ ਪ੍ਰਤੀ ਸਵਾਲ ਨਾ ਕਰੇ, ਇਸ ਕਰਕੇ ਉਸਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਇਸ਼ਾਰੇ ‘ਤੇ ਟਾਰਗੇਟ ਕੀਤਾ ਜਾ ਰਿਹਾ ਹੈ ।

ਪਹਿਲਾਂ ਉਸ ਉਪਰ ਬਲੈਕਮੀਲਿੰਗ ਦਾ ਕੇਸ ਪਾਇਆ ਗਿਆ, ਜਦੋਂ ਉਸ ਵਿੱਚੋਂ ਜਮਾਨਤ ਮਿਲ ਗਈ ਤਾਂ ਸਾਜਿਸ਼ ਤਹਿਤ ਉਸਦੇ ਅਕਸ਼ ਨੂੰ ਖਰਾਬ ਕਰਨ ਲਈ ਪਟਿਆਲਾ ਵਿਖੇ ਚੈਨ ਸਨੈਚਿੰਗ ਦਾ ਕੇਸ ਦਰਜ ਕਰਵਾ ਦਿੱਤਾ, ਤਾਂ ਜੋ ਉਹ ਬਾਹਰ ਨਾ ਆ ਸਕੇ ।

ਸ. ਮਾਨ ਨੇ ਕਿਹਾ ਕਿ ਮੌਜੂਦਾ ਸਰਕਾਰ ਦੀ ਇਹ ਕਾਰਗੁਜਾਰੀ ਬੇਹੱਦ ਨਿੰਦਣਯੋਗ ਹੈ ।

ਪਹਿਲਾਂ ਲੋਕ ਹਿੱਤਾਂ ਦੀ ਗੱਲ ਕਰਨ ਵਾਲੇ ਸਿੱਖ ਨੌਜਵਾਨ ਆਗੂ ਭਾਈ ਅੰਮਿ੍ਤਪਾਲ ਸਿੰਘ ਨੂੰ ਝੂਠੇ ਕੇਸ ਪਾ ਕੇ ਡਿਬਰੂਗੜ੍ਹ ਜੇਲ ਅੰਦਰ ਬੰਦ ਕਰ ਦਿੱਤਾ ।

ਹੁਣ ਭਾਨਾ ਸਿੱਧੂ ਦੀ ਆਵਾਜ ਨੂੰ ਦਬਾਉਣ ਲਈ ਉਸ ਉਪਰ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ ।

ਸ. ਮਾਨ ਨੇ ਕਿਹਾ ਕਿ ਉਨ੍ਹਾਂ ਦੇ ਐਮ.ਪੀ. ਹਲਕੇ ਅਧੀਨ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।

ਭਾਨਾ ਸਿੱਧੂ ਦੀ ਗਿ੍ਫਤਾਰੀ ਤੋਂ ਬਾਅਦ ਲੋਕਾਂ ਵਿੱਚ ਸਰਕਾਰ ਵਿਰੁੱਧ ਰੋਹ ਪੂਰਾ ਭਖ ਚੁੱਕਿਆ ਹੈ ।

ਜੇਕਰ ਪੰਜਾਬ ਸਰਕਾਰ ਨੇ ਭਾਨਾ ਸਿੱਧੂ ਵਿਰੁੱਧ ਦਰਜ ਕੀਤੇ ਝੂਠੇ ਕੇਸ ਵਾਪਸ ਲੈ ਕੇ ਉਸ ਨੂੰ ਤੁਰੰਤ ਰਿਹਾਅ ਨਾ ਕੀਤਾ ਤਾਂ ਮੁੱਖ ਮੰਤਰੀ ਪੰਜਾਬ ਦੇ ਵਿਧਾਨ ਸਭਾ ਹਲਕਾ ਧੂਰੀ ਵਿਖੇ 31 ਜਨਵਰੀ ਨੂੰ ਵੱਡਾ ਇਕੱਠ ਕਰਕੇ ਸਰਕਾਰ ਦੇ ਲੋਕ ਵਿਰੋਧੀ ਚਿਹਰੇ ਤੋਂ ਨਕਾਬ ਹਟਾਇਆ ਜਾਵੇਗਾ ।

ਸ. ਮਾਨ ਨੇ ਕਿਹਾ ਕਿ ਬੇਸ਼ੱਕ 3-4 ਦਿਨਾਂ ਦੇ ਅੰਦਰ ਭਾਨਾ ਸਿੱਧੂ ਨੂੰ ਅਦਾਲਤ ਵੱਲੋਂ ਆਪੇ ਹੀ ਜਮਾਨਤ ‘ਤੇ ਰਿਹਾਅ ਕਰ ਦਿੱਤਾ ਜਾਵੇਗਾ ਪਰ ਇਸ ਤੋਂ ਚੰਗਾ ਹੈ ਕਿ ਪੰਜਾਬ ਸਰਕਾਰ ਆਪ ਮੁਹਾਰੇ ਭਾਨਾ ਸਿੱਧੂ ਵਿਰੁੱਧ ਦਰਜ ਕੀਤੇ ਝੂਠੇ ਪਰਚੇ ਰੱਦ ਕਰਕੇ ਉਸ ਨੂੰ ਰਿਹਾਅ ਕਰਕੇ ਆਪਣੇ ਅਕਸ਼ ਨੂੰ ਬਚਾ ਲਵੇ ।

ਉਨ੍ਹਾਂ ਹਾਜਰ ਸੰਗਤ ਨੂੰ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਇੱਕਜੁਟ ਹੋਣ ਦੀ ਅਪੀਲ ਵੀ ਕੀਤੀ ।

ਇਸ ਮੌਕੇ ਜਥੇਬੰਦਕ ਸਕੱਤਰ ਗੋਵਿੰਦ ਸਿੰਘ ਸੰਧੂ, ਪੀਏਸੀ ਮੈਂਬਰ ਬਹਾਦਰ ਸਿੰਘ ਭਸੌੜ, ਬਠਿੰਡਾ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਬਾਲਿਆਂਵਾਲੀ, ਸੰਗਰੂਰ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਜੂਮਾਂ, ਸੰਗਰੂਰ ਤੋਂ ਜਥੇਬੰਦਕ ਸਕੱਤਰ ਗੁਰਨੈਬ ਸਿੰਘ ਰਾਮਪੁਰਾ, ਫਿਰੋਜਪੁਰ ਤੋਂ ਜਤਿੰਦਰ ਸਿੰਘ ਥਿੰਦ, ਬਰਨਾਲਾ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਹਰਬੰਸ ਸਿੰਘ ਸਲੇਮਪੁਰ, ਗੁਰਤੇਜ ਸਿੰਘ ਅਸਪਾਲ ਕਲਾਂ, ਯੂਥ ਆਗੂ ਗੁਰਪ੍ਰੀਤ ਸਿੰਘ ਖੁੱਡੀ, ਓਕਾਂਰ ਸਿੰਘ ਬਰਾੜ, ਗੁਰਦਿੱਤ ਸਿੰਘ ਭਦੌੜ, ਗੁਰਜੀਤ ਸਿੰਘ ਸ਼ਹਿਣਾ, ਹਰਮਿੰਦਰ ਸਿੰਘ ਟੱਲੇਵਾਲ, ਸਮਸ਼ੇਰ ਸਿੰਘ ਟੱਲੇਵਾਲ, ਜੱਸਾ ਸਿੰਘ ਮਾਣਕੀ, ਬੀਬੀ ਮਨਵੀਰ ਕੌਰ ਰਾਹੀ, ਜੀਤ ਸਿੰਘ ਮਾਂਗੇਵਾਲ, ਮਨਜੀਤ ਸਿੰਘ ਸੰਘੇੜਾ, ਜਰਨੈਲ ਸਿੰਘ ਉਪਲੀ, ਸੁਖਪਾਲ ਸਿੰਘ ਛੰਨਾ, ਅਜੈਬ ਸਿੰਘ ਭੈਣੀ ਫੱਤਾ, ਕੁਲਵਿੰਦਰ ਸਿੰਘ ਕਾਹਨੇਕੇ, ਗੁਰਮੇਲ ਸਿੰਘ ਬਾਠ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਦੇ ਆਗੂ ਅਤੇ ਵਰਕਰ ਹਾਜਰ ਸਨ ।

Posted By SonyGoyal

Leave a Reply

Your email address will not be published. Required fields are marked *