ਬਰਨਾਲਾ, 01 ਮਈ (ਸੋਨੀ ਗੋਇਲ)

ਮਈ ਦਿਵਸ ਦੀ ਸ਼ਹੀਦਾਂ ਦੀ ਵਿਰਾਸਤ ਕਿਰਤੀ ਲੋਕਾਂ ਲਈ ਪ੍ਰੇਰਨਾ ਸਰੋਤ-ਸ਼ਿੰਦਰ ਧੌਲਾ ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਸ਼ਹਿਰੀ ਅਤੇ ਦਿਹਾਤੀ ਮੰਡਲ ਬਰਨਾਲਾ ਵੱਲੋਂ ਮੁੱਖ ਦਫਤਰ ਧਨੌਲਾ ਰੋਡ ਬਰਨਾਲਾ ਵਿਖੇ ਜਥੇਬੰਦੀ ਦੇ ਦਫ਼ਤਰ ਅੱਗੇ ਲਾਲ ਸੁਰਖ਼ ਫਰੇਰਾ ਲਹਿਰਾ ਕੇ 1 ਮਈ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਝੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਸੰਬੋਧਨ ਕਰਦਿਆਂ ਸਰਕਲ ਸਕੱਤਰ ਸ਼ਿੰਦਰ ਧੌਲਾ, ਰੂਪ ਚੰਦ, ਜੱਗਾ ਸਿੰਘ ਧਨੌਲਾ, ਗੁਰਚਰਨ ਸਿੰਘ, ਮੋਹਣ ਸਿੰਘ ਛੰਨਾਂ, ਗੌਰੀ ਸ਼ੰਕਰ, ਸਿਕੰਦਰ ਸਿੰਘ ਤਪਾ, ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ ਨੇ ਹਾਜ਼ਰੀਨ ਨੂੰ 1 ਮਈ ਦੀ ਜੂਝ ਮਰਨ ਦੀ ਵਿਰਾਸਤ ਤੋਂ ਜਾਣੂ ਕਰਵਾਇਆ। ਆਗੂਆਂ ਕਿਹਾ ਕਿ ਪਹਿਲੀ ਮਈ ਦਾ ਇਤਿਹਾਸ ਸਦੀਆਂ ਪੁਰਾਣਾ ਹੈ। ਇਹ ਦਿਨ ਸਾਨੂੰ ਉਹਨਾਂ ਸਮਿਆਂ ਦੀ ਯਾਦ ਦਿਵਾਉਂਦਾ ਹੈ ਜਦੋਂ ਮਜਦੂਰਾਂ ਕੋਲੋਂ 16-16 ਘੰਟੇ ਕੰਮ ਲਿਆ ਜਾਂਦਾ ਸੀ। ਹੱਡ ਤੋੜਵੇਂ ਕੰਮ ਤੋਂ ਬਾਅਦ ਮਜਦੂਰਾਂ ਕੋਲ ਜੱਜ ਨਾਲ ਆਰਾਮ ਕਰਨ ਦਾ ਸਮਾਂ ਵੀ ਨਹੀਂ ਸੀ ਬਚਦਾ, ਪਰਿਵਾਰ ਵੱਲ ਧਿਆਨ ਦੇਣ ਜਾਂ ਮਨੋਰੰਜਨ ਕਰਨ ਦੀ ਤਾਂ ਗੱਲ ਹੀ ਛੱਡੋ। ਸੋ ਵੱਖ ਵੱਖ ਦੇਸ਼ਾਂ ਦੇ ਮਜਦੂਰਾਂ ਨੇ ਅੱਠ ਘੰਟੇ ਕੰਮ ਦਿਹਾੜੀ ਦੀ ਮੰਗ ਉਠਾਉਣੀ ਸ਼ੁਰੂ ਕੀਤੀ ਤਾਂ ਕਿ ਉਹ ਅੱਠ ਘੰਟੇ ਆਰਾਮ ਕਰ ਸਕਣ ਅਤੇ ਬਾਕੀ ਅੱਠ ਘੰਟੇ ਪਰਿਵਾਰ ਲਈ ਜਾਂ ਮਨੋਰੰਜਨ ਦੇ ਤੌਰ ‘ਤੇ ਹੋਰ ਸੋਚ ਵਿਚਾਰ ਲਈ ਸਮਾਂ ਬਿਤਾ ਸਕਣ। ਅਮਰੀਕਾ ਦੇ ਮਜਦੂਰਾਂ ਦੀ ਜਥੇਬੰਦੀ ‘ਅਮਰੀਕਨ ਫੈਡਰੇਸ਼ਨ ਆਫ ਲੇਬਰ’ ਨੇ ਮੰਗ ਕੀਤੀ ਕਿ 7 ਮਈ 1886 ਤੋਂ ਕਾਨੂੰਨੀ ਤੌਰ ‘ਤੇ ਅੱਠ ਘੰਟੇ ਦੀ ਕੰਮ ਦਿਹਾੜੀ ਕੀਤੀ ਜਾਵੇ। ਇਸ ਮੰਗ ਨੂੰ ਪੂਰਾ ਕਰਵਾਉਣ ਲਈ 1 ਮਈ 1886 ਨੂੰ ਮਜ਼ਦੂਰਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਆਪਣਾ ਸੰਘਰਸ਼ ਤੇਜ ਕਰਨ। ਇਸ ਸੱਦੇ ਨੂੰ ਭਰਪੂਰ ਹੁੰਗਾਰਾ ਦਿੰਦਿਆਂ ਅਮਰੀਕਾ ਦੇ ਸਨਅਤੀ ਸ਼ਹਿਰ ਸ਼ਿਕਾਗੋ ਵਿਖੇ ਹਜਾਰਾਂ ਮਜ਼ਦੂਰਾਂ ਨੇ ਹੜਤਾਲ ਕੀਤੀ। ਜਿਸ ਤੋਂ ਚਿੜ ਕੇ ਮੈਕੋਰਮਿਕ ਹਰਵੈਸਟਰ ਪਲਾਂਟ ਨਾਂ ਦੇ ਕਾਰਖਾਨੇ ਦੇ ਮਜਦੂਰਾਂ ਉੱਪਰ ਦਹਿਸ਼ਤ ਪਾਉਣ ਲਈ 6 ਮਜਦੂਰਾਂ ਨੂੰ ਬੜੇ ਵਹਿਸ਼ੀ ਢੰਗ ਨਾਲ ਕਤਲ ਕਰ ਦਿੱਤਾ ਗਿਆ। ਇਹਨਾਂ ਕਤਲਾਂ ਖਿਲਾਫ਼ ਰੋਹਲੀ ਆਵਾਜ ਬੁਲੰਦ ਕਰਨ ਲਈ ਮਜਦੂਰਾਂ ਨੇ 4 ਮਈ 1886 ਨੂੰ ਸ਼ਿਕਾਗੋ ਸ਼ਹਿਰ ਦੀ ਹੇਅ ਮਾਰਕੀਟ ਵਿੱਚ ਮੀਟਿੰਗ ਦਾ ਐਲਾਨ ਕਰ ਦਿੱਤਾ। ਇਸ ਮੀਟਿੰਗ ਨੂੰ ਰੋਹ ਨਾਲ ਖੌਲਦੇ ਹਜ਼ਾਰਾਂ ਮਜਦੂਰਾਂ ਨੇ ਹੁੰਗਾਰਾ ਦਿੱਤਾ। ਮਜ਼ਦੂਰ ਲਹਿਰ ਨੂੰ ਕੁਚਲਣ ਅਤੇ ਇਸ ਨੂੰ ਦਹਿਸ਼ਤਜਦਾ ਕਰਨ ਦੇ ਇਰਾਦੇ ਨਾਲ ਮੀਟਿੰਗ ‘ਚ ਭਾਗ ਲੈ ਰਹੇ ਮਜ਼ਦੂਰਾਂ ਤੇ ਬੰਬ ਸੁੱਟਿਆ ਗਿਆ। ਜਿਸ ਕਰਕੇ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ। ਇਸ ਘਟਨਾ ਦੀ ਜਿੰਮੇਵਾਰੀ ਮਜ਼ਦੂਰ ਆਗੂਆਂ ‘ਤੇ ਸੁੱਟਦੇ ਹੋਏ ਪੁਲਿਸ ਵੱਲੋਂ ਬਹੁਤ ਸਾਰੇ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਮੁਕੱਦਮੇ ਚਲਾਏ ਗਏ। ਜਿਨ੍ਹਾਂ ‘ਚੋਂ ਚਾਰ ਮਜ਼ਦੂਰਾਂ ਨੂੰ ਫਾਂਸੀ ਦੇ ਤਖਤੇ ਆਗੂਆਂ ਨੂੰ ਉਮਰ ਜਾਂ ਲੰਬੀ ਕੈਦ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ।ਅਮਰੀਕਾ ਦੇ ਸ਼ਹਿਰ ਸ਼ਿਕਾਗੋ ਅੰਦਰ ਮਜ਼ਦੂਰ ਲਹਿਰ ਨੂੰ ਦਬਾਉਣ ਲਈ ਕੀਤੀਆਂ ਗਈਆਂ ਇਹਨਾਂ ਕਾਰਵਾਈਆਂ ਤੋਂ ਦੁਨੀਆਂ ਭਰ ਦੇ ਮਜ਼ਦੂਰਾਂ ਅੰਦਰ ਗੁੱਸੇ ਦੀ ਲਹਿਰ ਫੈਲ ਗਈ। ਇਸ ਨੂੰ ਦੇਖਦੇ ਹੋਏ ਮਜ਼ਦੂਰ ਜਮਾਤ ਦੇ ਮਹਾਨ ਉਸਤਾਦ ਏਂਗਲਜ ਦੀ ਅਗਵਾਈ ਵਿੱਚ ‘ਦੂਸਰੀ ਕੌਮਾਂਤਰੀ’ ਵੱਲੋਂ 1889 ‘ਚ ਇੱਕ ਮਤਾ ਪਾਸ ਕਰਕੇ ਫੈਸਲਾ ਕੀਤਾ ਕਿ 1890 ਵਿੱਚ 1 ਮਈ ਦਾ ਦਿਹਾੜਾ ਕੌਮਾਂਤਰੀ ਮਜ਼ਦੂਰ ਦਿਹਾੜੇ ਦੇ ਤੌਰ ‘ਤੇ ਮਨਾਇਆ ਜਾਵੇ। ਆਗੂਆਂ ਕਿਹਾ ਕਿ ਅੱਜ ਵੀ ਭਾਰਤ ਅੰਦਰ ਸਾਮਰਾਜੀ ਦਿਸ਼ਾ ਨਿਰਦੇਸ਼ਤ ਨਿੱਜੀਕਰਨ, ਉਦਾਰੀਕਰਨ, ਸੰਸਾਰੀਕਰਨ ਦੀਆਂ ਨੀਤੀਆਂ ਲਾਗੂ ਕਰਕੇ ਜਾਨਹੂਲਵੇਂ ਸੰਘਰਸ਼ਾਂ ਰਾਹੀਂ ਹਾਸਲ ਕੀਤੇ 44 ਕਿਰਤ ਕਾਨੂੰਨਾਂ ਦਾ ਭੋਗ ਪਾਕੇ 4 ਕੋਡਾਂ ਵਿੱਚ ਤਬਦੀਲ ਕਰ ਦਿੱਤਾ ਹੈ। ਅਜਿਹਾ ਹੋਣ ਨਾਲ ਬਿਜਲੀ ਬੋਰਡ ਵਰਗੇ ਜਨਤਕ ਖੇਤਰ ਦੇ ਅਦਾਰਿਆਂ ਦਾ ਭੋਗ ਪਾਕੇ ਠੇਕੇਦਾਰੀ, ਆਊਟਸੋਰਸ ਨੀਤੀ ਰਾਹੀਂ ਕਿਰਤੀਆਂ ਦੀ ਤਿੱਖੀ ਰੱਤ ਨਿਚੋੜਨ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਨਰਾਇਣ ਮੂਰਤੀ ਵਰਗੇ ਕਾਰਪੋਰੇਟ ਘਰਾਣਿਆਂ ਦੇ ਮਾਲਕ 90-90 ਘੰਟੇ ਹਰ ਹਫ਼ਤੇ ਕੰਮ ਕਰਨ ਦੀਆਂ ਸਰਕਾਰਾਂ ਨੂੰ ਨਸੀਹਤਾਂ ਦੇ ਰਹੇ ਹਨ। ਬੁਲਾਰਿਆਂ ਹਰਨੇਕ ਸਿੰਘ ਸੰਘੇੜਾ, ਬਲਵੰਤ ਸਿੰਘ ਬਰਨਾਲਾ, ਮੇਲਾ ਸਿੰਘ ਕੱਟੂ, ਬਹਾਦਰ ਸਿੰਘ ਸੰਘੇੜਾ, ਤੀਰਥ ਦਾਸ, ਹੇਮ ਰਾਜ, ਮਲਕੀਤ ਸਿੰਘ, ਜਨਕ ਸਿੰਘ, ਸੁਖਪਾਲ ਸਿੰਘ, ਭੋਲਾ ਸਿੰਘ, ਹਰਦੇਵ ਸਿੰਘ, ਹਾਕਮ ਸਿੰਘ ਨੂਰ, ਕਰਮ ਸਿੰਘ ਨੇ 1 ਮਈ ਦੇ ਸ਼ਹੀਦਾਂ ਤੋਂ ਪ੍ਰੇਰਨਾ ਹਾਸਲ ਕਰਕੇ ਸੰਘਰਸ਼ਾਂ ਦਾ ਘੇਰਾ ਵਿਸ਼ਾਲ ਕਰਦਿਆਂ ਤਿੱਖੇ ਸੰਘਰਸ਼ਾਂ ਦੇ ਰਾਹ ਪੈਣ ਦੀ ਲੋੜ ਤੇ ਜੋਰ ਦਿੱਤਾ।

Posted By SonyGoyal

Leave a Reply

Your email address will not be published. Required fields are marked *