ਬਰਨਾਲਾ, 22 ਮਈ (ਹਰਵਿੰਦਰ ਸਿੰਘ)
ਪਿੰਡ ਪੰਡੋਰੀ-ਕੁਰੜ ਲਿੰਕ ਸੜਕ ਉਪਰ ਅੱਜ ਦੁਪਹਿਰ ਵੇਲੇ ਇੱਕ ਡਜਾਈਰ ਗੱਡੀ ਦਰੱਖਤ ਨਾਲ ਟਕਰਾਅ ਜਾਣ ਕਾਰਨ ਵਾਪਰੇ ਹਾਦਸੇ ਵਿਚ 25 ਸਾਲਾ ਨੌਜਵਾਨ ਹਨੀਪ੍ਰੀਤ ਸਿੰਘ ਪੁੱਤਰ ਭੁਪਿੰਦਰ ਸਿੰਘ ਥਿੰਦ ਵਾਸੀ ਚੀਮਾ (ਬਰਨਾਲਾ) ਦੀ ਮੌਤ ਹੋ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹਨੀਪ੍ਰੀਤ ਸਿੰਘ ਪੁੱਤਰ ਭੁਪਿੰਦਰ ਸਿੰਘ ਥਿੰਦ ਵਾਸੀ ਚੀਮਾ ਦੁਪਹਿਰ ਵੇਲੇ ਕਿਸੇ ਰਿਸ਼ਤੇਦਾਰੀ ਚ ਜਾ ਰਿਹਾ ਸੀ ਕਿ ਪੰਡੋਰੀ ਕੁਰੜ ਲਿੰਕ ਰੋਡ ਤੇ ਮੋੜ ਤੋਂ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ ਜਿਸ ਦੌਰਾਨ ਹਨੀਪ੍ਰੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ।
ਕਾਰ ਐਨੀ ਤੇਜੀ ਨਾਲ ਟਕਰਾਈ ਕਿ ਹਨੀਪ੍ਰੀਤ ਸਿੰਘ ਦੀਆਂ ਦੋਨੋਂ ਲੱਤਾਂ ਇੱਕ ਬਾਂਹ ਟੁੱਟਣ ਦੇ ਨਾਲ ਗਰਦਨ ਦਾ ਮਣਕਾ ਵੀ ਟੁੱਟ ਗਿਆ ਹੈ । ਹਨੀਪ੍ਰੀਤ ਸਿੰਘ ਅਕਾਲੀ ਆਗੂ ਤੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਥਿੰਦ ਦਾ ਭਤੀਜਾ ਸੀ ।
ਮ੍ਰਿਤਕ ਦੋ ਭਰਾ ਸਨ ਇੱਕ ਵੱਡਾ ਭਰਾ ਵਿਦੇਸ਼ ਗਿਆ ਹੋਇਆ ਹੈ ਤੇ ਹਨੀਪ੍ਰੀਤ ਸਿੰਘ ਆਪਣੇ ਪਿਤਾ ਨਾਲ ਸੀਮਿੰਟ ਤੇ ਟੂਟੀਆਂ ਦੀ ਦੁਕਾਨ ਤੇ ਕੰਮ ਕਰਦਾ ਸੀ।
ਹਨੀਪ੍ਰੀਤ ਸਿੰਘ ਦੀ ਮੌਤ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
Posted By SonyGoyal