ਤਪਾ/ਸ਼ਹਿਣਾ, 5 ਸਤੰਬਰ ( ਸੋਨੀ ਗੋਇਲ )
ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੁੱਖ ਖੇਤੀਬਾੜੀ ਅਫਸਰ ਡਾ. ਜਗਦੀਸ਼ ਸਿੰਘ ਦੀ ਅਗਵਾਈ ’ਚ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਲਾਕ ਸ਼ਹਿਣਾ ਵਲੋਂ ਪਿੰਡ ਮਹਿਤਾ ਵਿਖੇ ਸੀਆਰਐੱਮ ਸਕੀਮ ਅਧੀਨ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ’ਚ ਵਾਤਾਵਰਨ ਸੰਭਾਲ ਤੇ ਪਰਾਲੀ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਏਡੀਓ ਪੱਖੋਕੇ ਡਾ. ਨਵਜੀਤ ਸਿੰਘ ਨੇ ਕਿਸਾਨਾਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਕੀ-ਕੀ ਨੁਕਸਾਨ ਹੁੰਦੇ ਹਨ।
ਜ਼ਮੀਨ ਤੇ ਲੋਕਾਂ ਦੀ ਸਿਹਤ ਉੱਪਰ ਇਸ ਦਾ ਕੀ ਪ੍ਰਭਾਵ ਪੈਂਦਾ ਹੈ। ਇਸ ਨੂੰ ਅੱਗ ਨਾ ਲਾ ਕੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਬਾਸਮਤੀ ਦੀ ਫਸਲ ਉੱਪਰ ਸਿਫਾਰਸ਼ ਕੀਤੀਆਂ ਦਵਾਈਆਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਬਾਸਮਤੀ ਝੋਨੇ ਦਾ ਸਹੀ ਮੁੱਲ ਮਿਲ ਸਕੇ।
ਉਨ੍ਹਾਂ ਕਿਹਾ ਕਿ ਖੇਤੀਬਾੜੀ ਦੀ ਵਰਤੋਂ ’ਚ ਆਉਣ ਵਾਲੇ ਹਰ ਸਾਮਾਨ ਦਾ ਪੱਕਾ ਬਿੱਲ ਕਿਸਾਨ ਜ਼ਰੂਰ ਲੈਣ ਤਾਂ ਜੋ ਬਾਜ਼ਾਰ ’ਚ ਅਣ-ਅਧਿਕਾਰਿਤ ਸਮਾਨ ਵੇਚਣ ਵਾਲੇ ਮਾੜੇ ਅਨਸਰਾਂ ਨੂੰ ਨੱਥ ਪਾਈ ਜਾ ਸਕੇ।
ਏਐੱਸਆਈ ਮੱਖਣ ਲਾਲ ਨੇ ਕਿਸਾਨਾਂ ਨੂੰ ਝੋਨੇ ਦੀਆਂ ਫਸਲਾਂ ਉੱਪਰ ਹੋਣ ਵਾਲੀਆਂ ਬਿਮਾਰੀਆਂ ਤੇ ਉਨ੍ਹਾਂ ਦੀ ਰੋਕਥਾਮ ਸਬੰਧੀ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਪੀਐੱਮ ਕਿਸਾਨ ਨਿਧੀ ਯੋਜਨਾ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਆਪਣੇ ਨੇੜੇ ਦੇ ਸੀਐੱਸਸੀ ਸੈਂਟਰਾਂ ਉੱਪਰ ਜਾ ਕੇ ਕੇਵਾਈਸੀ ਕਰਵਾਉਣ।
ਕੈਂਪ ਦੌਰਾਨ ਪੀਏਯੂ ਯੂਨੀਵਰਸਿਟੀ ਵਲੋਂ ਆਰਜੀ ਆਰ ਸੈਲ ਸਕੀਮ ਤਹਿਤ ਫੀਲਡ ਅਫਸਰ ਆਗਿਆਜੀਤ ਸਿੰਘ ਨੇ ਝੋਨੇ ’ਚ ਪਾਣੀ ਦੀ ਸੁਚੱਜੀ ਵਰਤੋ ਬਾਰੇ ਜਾਣਕਾਰੀ ਦਿੱਤੀ।
ਸਹਾਇਕ ਟੈਕਨੋਲਜੀ ਮੈਨੇਜਰ ਦੀਪਕ ਗਰਗ ਨੇ ਕਿਸਾਨਾਂ ਨੂੰ ਮੌਜੂਦਾ ਫਸਲਾਂ ਝੋਨਾ, ਨਰਮਾ ਆਦਿ ਸਬੰਧੀ ਜਾਣਕਾਰੀ ਦਿੱਤੀ।
ਵਿਭਾਗ ਵਲੋਂ ਕਿਸਾਨਾਂ ਨੂੰ ਬਾਸਮਤੀ ’ਤੇ ਪਾਬੰਦੀਸ਼ੁਦਾ 10 ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।
Posted by Sony Goyal