ਮਾਮਲਾ – ਆਪਣੇ ਗੀਤ ਚ ਔਰਤਾਂ ਨੂੰ ਕਿਹਾ ਮੰਦੀ ਸ਼ਬਦਾਵਲੀ ਵਰਤਣ ਦਾ

ਬਰਨਾਲਾ 21 ਮਾਰਚ (ਮਨਿੰਦਰ ਸਿੰਘ) ਪ੍ਰਸਿੱਧ ਪੰਜਾਬੀ ਗਾਇਕ ਜੈਜੀ ਬੀ ਵਲੋਂ ਆਪਣੇ ਇਕ ਗੀਤ ’ਚ ਔਰਤਾਂ ਵਿਰੁੱਧ ਭੱਦੀ ਸ਼ਬਦਾਵਲੀ ਵਰਤਣ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਪੰਜਾਬ ਦੇ ਲੀਗਲ ਸੈੱਲ ਦੇ ਚੇਅਰਮੈਨ ਐਡਵੋਕੇਟ ਮਨਵੀਰ ਕੌਰ ਰਾਹੀ ਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਰੂੜੇਕੇ ਕਲਾਂ ਨੇ ਕਿਹਾ ਕਿ ਪੰਜਾਬੀ ਗੀਤਾਂ ਨਾਲ ਆਪਣੀ ਪਹਿਚਾਣ ਬਣਾਉਣ ਵਾਲਾ ਅਤੇ ਪ੍ਰਸਿੱਧੀ ਖੱਟਣ ਵਾਲਾ ਗਾਇਕ ਜੈਜੀ ਬੈਂਸ ਅੱਜ ਔਰਤਾਂ ਨੂੰ ਭੇਡਾਂ ਦੱਸਦਾ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਰਾਹੀ ਨੇ ਦੱਸਿਆ ਕਿ ਜਿੱਥੇ ਸਾਡੇ ਦੇਸ਼ ਵਿੱਚ ਸਾਡੇ ਗੁਰੂਆਂ ਨੇ ਇਸਤਰੀ ਨੂੰ ਇਡੇ ਵੱਡੇ ਦਰਜੇ ਨਾਲ ਨਿਵਾਜਿਆ ਹੈ ਅਤੇ ਇਸ ਗਾਇਕ ਵੱਲੋਂ ਔਰਤਾਂ ਨੂੰ ਭੇਡਾਂ ਦੱਸਣਾ ਵਿਸ਼ਵ ਭਰ ਦੀਆਂ ਔਰਤਾਂ ਦੀ ਬੇਇਜਤੀ ਕਰਨਾ ਹੈ।

ਉਹਨਾਂ ਨੇ ਦੱਸਿਆ ਕਿ 21 ਮਾਰਚ ਨੂੰ ਇਸ ਸਬੰਧੀ ਉਹਨਾਂ ਵੱਲੋਂ ਬਰਨਾਲਾ ਦੇ ਵਧੀਕ ਡਿਪਟੀ ਕਮਿਸ਼ਨਰ ਅਨੁਪਰੀਤਾ ਜੋਹਲ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ ਹੈ। ਰਾਹੀ ਨੇ ਕਿਹਾ ਕਿ ਸਮੂਹ ਬੀਕੇਯੂ ਲੱਖੋਵਾਲ ਵੱਲੋਂ ਜੈਜੀ ਬੈਂਸ ਗਾਇਕ ਨੂੰ ਲੀਗਲ ਨੋਟਿਸ ਭੇਜਿਆ ਜਾਵੇਗਾ ਤੇ ਜਦੋਂ ਤੱਕ ਉਸ ਵੱਲੋਂ ਲਿਖਤੀ ਮਾਫੀ ਨਹੀਂ ਮੰਗੀ ਜਾਂਦੀ ਉਸ ਦਾ ਪੰਜਾਬ ਵਿੱਚ ਕਿਤੇ ਵੀ ਆਉਣ ਤੇ ਭਾਰੀ ਵਿਰੋਧ ਕੀਤਾ ਜਾਵੇਗਾ।

ਵਧੇਰੇ ਜਾਣਕਾਰੀ ਦਿੰਦੇ ਹੋਏ ਰਣਜੀਤ ਸਿੰਘ ਰੂੜੇਕੇ ਕਲਾਂ ਨੇ ਕਿਹਾ ਕਿ ਉਹ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਔਰਤਾਂ ਦਾ ਅਪਮਾਨ ਕਰਨ ਵਾਲੇ ਇਸ ਗਵਈਏ ਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਇਸ ਦਾ ਇਹ ਗੀਤ (ਮੜਕ ਸ਼ੌਕੀਨਾਂ ਦੀ) ਨੋ ਤੁਰੰਤ ਬੈਨ ਕਰਕੇ ਔਰਤਾਂ ਦੇ ਬਣਦੇ ਸਨਮਾਨ ਦੀ ਰਾਖੀ ਕੀਤੀ ਜਾਵੇ। ਸਮੂਹ ਲੱਖੋਵਾਲ ਦੇ ਅਹੁਦੇਦਾਰਾਂ ਵੱਲੋਂ ਜੈਜੀ ਬੈਂਸ ਦੇ ਇਸ ਗੀਤ ਦੀ ਨਿੰਦਿਆ ਕੀਤੀ ਗਈ ਅਤੇ ਕਿਹਾ ਕਿ ਜੇਕਰ ਪੰਜਾਬ ਦੇ ਲੋਕ ਅਣਖੀ ਹਨ

ਤਾਂ ਇਸ ਗਵਈਏ ਦਾ ਤੁਰੰਤ ਬਾਈਕਾਟ ਕਰਨ ਤੇ ਉਸ ਵੱਲੋਂ ਕੀਤੀ ਗਈ ਇਸ ਗਲਤੀ ਦਾ ਅਹਿਸਾਸ ਕਰਵਾਉਣ। ਕਿਹਾ ਕਿ ਅਜਿਹੇ ਗਾਇਕ, ਗੀਤਕਾਰ, ਮਿਊਜ਼ਿਕ ਕੰਪਨੀ ਸਾਡੇ ਸੱਭਿਆਚਾਰ ਨੂੰ ਗੰਦਲਾ ਕਰ ਰਹੇ ਹਨ। ਆਗੂਆਂ ਮੰਗ ਕੀਤੀ ਕਿ ਗਾਇਕ ਜੈਜੀ ਬੀ, ਸੰਗੀਤਕਾਰ ਅਮਨ ਹੇਅਰ, ਗੀਤਕਾਰ ਜੀਤ ਕੱਦੋਕੇ ਵਾਲਾ ਤੇ ਆਰ.ਪੀ. ਸਟੂਡੀਓ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਗੀਤ ’ਤੇ ਪਾਬੰਦੀ ਲਗਾਈ ਜਾਵੇ। ਆਗੂਆਂ ਵਲੋਂ ਇਸਦੀ ਸ਼ਿਕਾਇਤ ਮਹਿਲਾ ਕਮਿਸ਼ਨ ਭਾਰਤ ਤੇ ਮਹਿਲਾ ਕਮਿਸ਼ਨ ਪੰਜਾਬ ਨੂੰ ਵੀ ਭੇਜੀ ਜਾ ਚੁੱਕੀ ਹੈ।

Leave a Reply

Your email address will not be published. Required fields are marked *