ਸੁਰੀਲੀ ਆਵਾਜ਼ ਦੇ ਸਿਰ ’ਤੇ ਲੋਕ ਦਿਲਾਂ ਦੀ ਧੜਕਣ ਬਣੀ ‘ਪੰਜਾਬ ਦੀ ਕੋਇਲ’ ਵਜੋਂ ਪ੍ਰਸਿੱਧ ਸਿਰਕੱਢ ਗਾਇਕਾ ਸੁਰਿੰਦਰ ਕੌਰ ਦਾ ਜਨਮ ਮਾਤਾ ਮਾਇਆ ਦੇਵੀ ਦੀ ਕੁੱਖੋਂ, ਪਿਤਾ ਦੀਵਾਨ ਬਿਸ਼ਨ ਦਾਸ ਦੇ ਘਰ 25 ਨਵੰਬਰ 1929 ਨੂੰ ਲਾਹੌਰ (ਪਾਕਿਸਤਾਨ) ਵਿਖੇ ਹੋਇਆ ਸੀ। ਉਹ ਪੰਜ ਭੈਣਾਂ ਸਨ। ਉਨ੍ਹਾਂ ਦੀਆਂ ਹੋਰ ਭੈਣਾਂ ਦੇ ਨਾਂ ਪ੍ਰਕਾਸ਼ ਕੌਰ, ਨਰਿੰਦਰ ਕੌਰ, ਮਹਿੰਦਰ ਕੌਰ ਤੇ ਮਨਜੀਤ ਕੌਰ ਸਨ। ਸੁਰਿੰਦਰ ਕੌਰ ਨੇ ਚੌਬੁਰਜੀ ਹਾਈ ਸਕੂਲ, ਲਾਹੌਰ ਤੋਂ ਮੈਟਿ੍ਰਕ ਪਾਸ ਕੀਤੀ। ਘਰ ਦਾ ਮਾਹੌਲ ਹੀ ਸੰਗੀਤਕ ਸੀ। ਇਸ ਕਰਕੇ ਸੁਰਿੰਦਰ ਕੌਰ ਦਾ ਗਾਇਕੀ ਵੱਲ ਝੁਕਾਅ ਹੋਣਾ ਸੁਭਾਵਕ ਸੀ। ਉਨ੍ਹਾਂ ਦੀ ਵੱਡੀ ਭੈਣ ਪ੍ਰਕਾਸ਼ ਕੌਰ ਗਾਇਕੀ ਵਿਚ ਹੱਥ ਅਜਮਾ ਚੁੱਕੀ ਸੀ। ਪ੍ਰਕਾਸ਼ ਕੌਰ ਨਾਲ ਸੁਰਿੰਦਰ ਕੌਰ ਨੇ 12 ਕੁ ਸਾਲ ਦੀ ਉਮਰ ਵਿਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੂੰ ਰੇਡੀਓ ਲਾਹੌਰ ’ਤੇ ਟਾਇਮ ਮਿਲਦਾ ਹੀ ਰਹਿੰਦਾ। ਉਸ ਜ਼ਮਾਨੇ ’ਚ ਲੋਕ ਰੇਡੀਓ ਦੇ ਬਹੁਤ ਸ਼ੌਕੀਨ ਸਨ। ਸੁਰਿੰਦਰ ਕੌਰ ਨੇ ਸੰਗੀਤ ਦੀ ਸਿੱਖਿਆ ਪੰਡਿਤ ਮਣੀ ਪ੍ਰਸਾਦ ਤੇ ਉਸਤਾਦ ਅਬਦੁਲ ਰਹਿਮਨ ਖ਼ਾਨ ਤੋਂ ਪ੍ਰਾਪਤ ਕੀਤੀ। ਉਨ੍ਹਾਂ ਨੇ ਸਭ ਤੋਂ ਪਹਿਲਾਂ ਇਕ ਧਾਰਮਿਕ ਸਟੇਜ ’ਤੇ ਅੰਮ੍ਰਿਤਸਰ ਵਿਖੇ ਗਾਇਆ ਜਿੱਥੋਂ ਆਪ ਦੇ ਹੌਸਲੇ ਨੂੰ ਬਲ ਮਿਲਿਆ ਤੇ ਫਿਰ 30 ਅਗਸਤ 1943 ਨੂੰ ਲਾਹੌਰ ਰੇਡੀਓ ਸਟੇਸ਼ਨ ’ਤੇ ਗੀਤ ਗਾਉਣ ਦਾ ਮੌਕਾ ਮਿਲ ਗਿਆ। ਫਿਰ ਦੋਵਾਂ ਭੈਣਾਂ ਪ੍ਰਕਾਸ਼ ਕੌਰ ਤੇ ਸੁਰਿੰਦਰ ਕੌਰ ਨੇ ਮਿਲ ਕੇ ਗੀਤ ਰਿਕਾਰਡ ਕੀਤਾ। ਉਦੋਂ ਤਵਿਆਂ ਦਾ ਯੁੱਗ ਸੀ। ਗੀਤ ਸੀ ‘ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ’। ਇਸ ਗੀਤ ਦੀ ਆਉਂਦਿਆਂ ਹੀ ਚੜ੍ਹਤ ਹੋ ਗਈ। ਸੁਰਿੰਦਰ ਕੌਰ ਦਾ ਦੂਜਾ ਗੀਤ ‘ਸੜਕੇ-ਸੜਕੇ ਜਾਂਦੀਏ ਮੁਟਿਆਰੇ ਨੀ, ਕੰਡਾ ਚੁੱਭਾ ਤੇਰੇ ਪੈਰ ਬਾਂਕੀਏ ਨਾਰੇ ਨੀ’ ਵੀ ਬਹੁਤ ਮਕਬੂਲ ਹੋਇਆ। ਸੁਰਿੰਦਰ ਕੌਰ ਦਾ ਵਿਆਹ 29 ਜਨਵਰੀ 1948 ਨੂੰ 19 ਕੁ ਸਾਲ ਦੀ ਉਮਰ ਵਿਚ ਜੋਗਿੰਦਰ ਸਿੰਘ ਸੋਢੀ ਗਾਜ਼ੀਆਬਾਦ ਨਾਲ ਹੋਇਆ। ਉਨ੍ਹਾਂ ਦੇ ਘਰ ਧੀਆਂ ਡੋਲੀ ਗੁਲੇਰੀਆ, ਨੰਦਨੀ ਤੇ ਪ੍ਰਮੋਦਨੀ ਨੇ ਜਨਮ ਲਿਆ। ਸੁਰਿੰਦਰ ਕੌਰ ਨੇ ਆਪਣੀ ਜ਼ਿੰਦਗੀ ਦਾ ਕੁਝ ਸਮਾਂ ਮੁੰਬਈ ਤੇ ਕੁਝ ਸਮਾਂ ਦਿੱਲੀ ’ਚ ਵੀ ਬਤੀਤ ਕੀਤਾ। ਉਨ੍ਹਾਂ ਨੇ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਨਿਪਟਾ) ਦੁਆਰਾ ਸ਼ੁਰੂ ਕੀਤੇ ਗੀਤ, ਨਾਟਕ ਤੇ ਰੰਗਮੰਚ ਦਾ ਵਿਕਾਸ ਹੀ ਨਹੀਂ ਕੀਤਾ ਸਗੋਂ ਇਸ ਦਾ ਘੇਰਾ ਬਹੁਤ ਵਧਾ ਦਿੱਤਾ। ਸੁਰਿੰਦਰ ਕੌਰ ਨੇ ਧਾਰਮਿਕ ਸਟੇਜਾਂ, ਮੇਲਿਆਂ ਤੇ ਇਨਕਲਾਬੀ ਸਟੇਜਾਂ ’ਤੇ ਵੀ ਗਾਇਆ। ਸੁਰਿੰਦਰ ਕੌਰ ਨੇ ਜਿਨ੍ਹਾਂ ਕਲਾਕਾਰਾਂ ਨਾਲ ਗਾਇਆ, ਉਨ੍ਹਾਂ ਦੇ ਨਾਮ ਹਨ ਕਰਨੈਲ ਗਿੱਲ, ਹਰਚਰਨ ਗਰੇਵਾਲ, ਦੀਦਾਰ ਸੰਧੂ, ਮੁਹੰਮਦ ਸਦੀਕ, ਸਾਬਰ ਹੁਸੈਨ, ਰਮੇਸ਼ ਸਿੰਗਲਾ, ਆਸਾ ਸਿੰਘ ਮਸਤਾਨਾ, ਕੇ.ਐੱਸ. ਅਗਨੀਹੋਤਰੀ, ਰਮੇਸ਼ ਰੰਗੀਲਾ ਜੱਟ ਆਦਿ। ਸੁਰਿੰਦਰ ਕੌਰ ਨੇ 2000 ਤੋਂ ਵੱਧ ਗੀਤ ਗਾਏ। ਉਨ੍ਹਾਂ ਨੂੰ ਆਪਣੀ ਗਾਇਕੀ ਸਦਕਾ ਸਦੀ ਦੀ ਗਾਇਕਾ, ਸਰਬੋਤਮ ਗਾਇਕਾ, ਪੰਜਾਬ ਦੀ ਕੋਇਲ, ਆਦਿ ਐਵਾਰਡ ਮਿਲੇ ਅਤੇ ਭਾਰਤ ਸਰਕਾਰ ਵੱਲੋਂ ਪਦਮਸ੍ਰੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਲੱਖਾਂ ਦਿਲਾਂ ’ਤੇ ਰਾਜ ਕਰਨ ਵਾਲੀ ਸੁਰਿੰਦਰ ਕੌਰ 14 ਜੂਨ 2006 ਦੀ ਅੱਧੀ ਰਾਤ ਵੇਲੇ ਅਮਰੀਕਾ ਦੇ ਨਿਊਜਰਸੀ ਵਿਖੇ ਇਕ ਹਸਪਤਾਲ ਵਿਚ ਚਲਾਣਾ ਕਰ ਗਈ ਸੀ।-ਦਰਸ਼ਨ ਸਿੰਘ ਪ੍ਰੀਤੀਮਾਨ। ਮੋਬਾਈਲ: 98786-06963