ਮਹਿਲ ਕਲਾਂ, 21 ਮਈ (ਮਨਿੰਦਰ ਸਿੰਘ / ਹਰਵਿੰਦਰ ਸਿੰਘ ਕਾਲਾ)
ਨਸ਼ਾ ਮੁਕਤੀ ਯਾਤਰਾ ਤਹਿਤ ਪਿੰਡ ਕੁਰੜ, ਮਹਿਲ ਖੁਰਦ, ਮਹਿਲ ਕਲਾਂ ਸੋਢੇ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ
ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਦਲ-ਦਲ ਵਿਚੋਂ ਬਾਹਰ ਕੱਢਣ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਲੋਕ ਲਹਿਰ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ।
ਜਿਥੇ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਅਭਿਆਨ ਚਲਾ ਕੇ ਨਸ਼ਿਆਂ ਦੀ ਕਮਾਈ ਨਾਲ ਉਸਾਰੇ ਗਏ ਘਰਾਂ ਨੂੰ ਤੋੜਿਆ ਜਾ ਰਿਹਾ ਹੈ ਉੱਥੇ ਨਾਲ ਹੀ ਨਸ਼ਾ ਪੀੜਤ ਲੋਕਾਂ ਦਾ ਇਲਾਜ ਕਰਕੇ ਉਨ੍ਹਾਂ ਨੂੰ ਮੁੜ ਸਮਾਜ ਦਾ ਹਿੱਸਾ ਬਣਾਇਆ ਜਾ ਰਿਹਾ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਮਹਿਲ ਕਲਾਂ ਅਤੇ ਚੇਅਰਮੈਨ ਵਿਸ਼ੇਸ਼ ਅਧਿਕਾਰ ਕਮੇਟੀ ਵਿਧਾਨ ਸਭਾ ਸ. ਕੁਲਵੰਤ ਸਿੰਘ ਪੰਡੋਰੀ ਨੇ ਕੀਤਾ।
ਨਸ਼ਾ ਮੁਕਤੀ ਯਾਤਰਾ ਤਹਿਤ ਪਿੰਡ ਕੁਰੜ, ਮਹਿਲ ਖੁਰਦ, ਮਹਿਲ ਕਲਾਂ ਸੋਢੇ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਮਹਿਲ ਕਲਾਂ ਹਲਕੇ ਦੀਆਂ ਕਿਸਾਨ ਜਥੇਬੰਦੀਆਂ ਦੇ ਜ਼ਿਲ੍ਹਾ ਆਗੁਆਂ ਨੇ ਇਸ ਮੁਹਿੰਮ ਦਾ ਹਿੱਸਾ ਬਣਕੇ ਪੂਰਨ ਵਿਸ਼ਵਾਸ ਦਿਵਾਇਆ ਹੈ ਕਿ ਉਹ ਪੰਜਾਬ ਸਰਕਾਰ ਦੀ ਇਸ ਮੁਹਿੰਮ ਵਿੱਚ ਡਟ ਕੇ ਸਾਥ ਦੇਣਗੇ।
ਇਸ ਦੌਰਾਨ ਵੱਖ ਵੱਖ ਥਾਵਾਂ ਤੋਂ ਨਸ਼ਾ ਛੱਡ ਚੁੱਕੇ ਨੌਜਵਾਨਾਂ ਨੇ ਆਪ ਬੀਤੀ ਸਾਂਝੀ ਕੀਤੀ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਯਤਨਾਂ ਸਦਕਾ ਉਹ ਨਸ਼ੇ ਦੇ ਚੁੰਗਲ ਵਿਚੋਂ ਨਿਕਲ ਸਕੇ।
ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪੜ੍ਹਾਈ ਅਤੇ ਖੇਡਾਂ ਦਾ ਸਹਾਰਾ ਲੈਣ ਲਈ ਪ੍ਰੇਰਿਤ ਕਰਦਿਆਂ ਸ਼੍ਰੀ ਪੰਡੋਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਹੁਲਾਰਾ ਦੇਣ ਲਈ ਕਰਵਾਈਆਂ ਜਾਂਦੀਆਂ ਖੇਡਾਂ ਵਤਨ ਪੰਜਾਬ ਦੀਆਂ ਵਿਚ ਹਰ ਇਕ ਪੰਜਾਬੀ ਭਾਗ ਲਵੇ।
ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਪਿੰਡ ‘ਚ ਸਪੋਰਟਸ ਨਰਸਰੀਆਂ ਬਣਾਈ ਜਾ ਰਹੀਆਂ ਹਨ ਤਾਂ ਜੋ ਖੇਡਾਂ ਨੂੰ ਪੰਜਾਬ ਦੀ ਸਭਿਅਤਾ ਨਾਲ ਮੁੜ ਜੋੜਿਆ ਜਾਵੇ।
ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਸ਼੍ਰੀ ਹਰਕੰਵਲਜੀਤ ਸਿੰਘ, ਡੀ ਐੱਸ ਪੀ ਸ਼੍ਰੀ ਸੁਬੇਗ ਸਿੰਘ, ਐੱਸ ਐੱਮ ਓ ਡਾ ਗੁਰਤਜਿੰਦਰ ਕੌਰ, ਐੱਸ ਐਚ ਓ ਮਹਿਲ ਕਲਾਂ ਸ਼੍ਰੀ ਜਗਜੀਤ ਸਿੰਘ ਅਤੇ ਹੋਰ ਲੋਕ ਹਾਜ਼ਰ ਸਨ ।
Posted By SonyGoyal