ਮਨਿੰਦਰ ਸਿੰਘ ਬਰਨਾਲਾ
ਆਦਿਵਾਸੀਆਂ ਦੇ ਜਲ-ਜੰਗਲ ਤੇ ਜ਼ਮੀਨ ਨੂੰ ਕਾਰਪੋਰੇਟਾਂ ਦੇ ਹਵਾਲੇ ਕਰ ਰਹੀ ਹੈ ਮੋਦੀ ਸਰਕਾਰ: ਹਿਮਾਂਸ਼ੂ ਕੁਮਾਰ
ਹਿੰਦੂਤਵੀਆਂ ਤੇ ਯਹੂਦੀਵਾਦੀਆਂ ਦੀ ਜੋਟੀ ਦੁਨੀਆਂ ਭਰ ਦੇ ਲੋਕਾਂ ਲਈ ਖ਼ਤਰੇ ਦੀ ਘੰਟੀ : ਐਡਵੋਕੇਟ ਸੁਦੀਪ ਸਿੰਘ
ਦਸੰਬਰ 25, 2023 ਫ਼ਲਸਤੀਨ ਵਿੱਚ ਹੋ ਰਹੇ ਅਣਮਨੁੱਖੀ ਜ਼ਬਰ ਨੇ ਅਮਰੀਕਾ ਤੇ ਪੱਛਮੀ ਸਾਮਰਾਜੀ ਮੁਲਕਾਂ ਦਾ ਫਾਸ਼ੀਵਾਦੀ ਚਿਹਰਾ ਨੰਗਾ ਕਰ ਦਿੱਤਾ ਹੈ।
ਇਹ ਸ਼ਬਦ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਜਗਮੋਹਨ ਸਿੰਘ ਨੇ ਅੱਜ ਇੱਥੇ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਹੇ।
ਪ੍ਰੋਗਰਾਮ ਦੇ ਸ਼ੁਰੂ ਵਿੱਚ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਕਮੇਟੀ ਮੈਂਬਰ ਨਾਮਦੇਵ ਭੁਟਾਲ ਅਤੇ ਪਾਕਿਸਤਾਨੀ ਪੰਜਾਬੀ ਕਵੀ ਅਹਿਮਦ ਸਲੀਮ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਜਲੀ ਨਾਲ ਦਿੱਤੀ ਗਈ।
ਪ੍ਰੋਫੈਸਰ ਜਗਮੋਹਣ ਸਿੰਘ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਤੋਂ ਬਗੈਰ ਅਸੀਂ ਸ਼ਾਨਾ-ਮੱਤੀ ਜ਼ਿੰਦਗੀ ਨਹੀਂ ਜਿਉਂ ਸਕਦੇ।
ਬਿਹਤਰ ਜ਼ਿੰਦਗੀ ਲਈ ਸੰਘਰਸ਼ ਕਰਨ ਦਾ ਅਧਿਕਾਰ ਸਾਡਾ ਜਮਹੂਰੀ ਅਧਿਕਾਰ ਹੈ।
ਉਘੇ ਗਾਂਧੀਵਾਦੀ ਤੇ ਸਮਾਜਿਕ ਕਾਰਕੁਨ ਹਿਮਾਂਸ਼ੂ ਕੁਮਾਰ ਨੇ ਕਿਹਾ ਕਿ ਸੰਨ 1948 ਤੋਂ ਪਹਿਲਾਂ ਦੁਨੀਆਂ ਦੇ ਨਕਸ਼ੇ ਉਪਰ ਇਜ਼ਰਾਈਲ ਨਾਮ ਦਾ ਕੋਈ ਮੁਲਕ ਨਹੀਂ ਸੀ।
ਅਰਬ ਮੁਲਕਾਂ ਦੇ ਕੁਦਰਤੀ ਖਜ਼ਾਨਿਆਂ ਦੀ ਲੁੱਟ ਕਰਨ ਅਤੇ ਧੌਂਸ ਜਮਾਉਣ ਲਈ ਬਰਤਾਨੀਆ, ਅਮਰੀਕਾ ਤੇ ਦੂਸਰੇ ਪੱਛਮੀ ਸਾਮਰਾਜੀ ਮੁਲਕਾਂ ਨੇ ਇਜ਼ਰਾਈਲ ਦੀ ਸਥਾਪਨਾ ਕੀਤੀ ਤਾਂ ਜੁ ਇਸ ਨੂੰ ਪੁਲਿਸ ਚੌਂਕੀ ਵਾਂਗ ਵਰਤਿਆ ਜਾ ਸਕੇ।
ਉਨ੍ਹਾਂ ਅੱਗੇ ਕਿਹਾ ਕਿ ਮੋਦੀ ਸਰਕਾਰ ਆਦਿਵਾਸੀਆਂ ਦੇ ਜਲ, ਜੰਗਲ ਤੇ ਜ਼ਮੀਨ ਕਾਰਪੋਰੇਟਾਂ ਦੇ ਹਵਾਲੇ ਕਰ ਕੇ ਉਨ੍ਹਾਂ ਨੂੰ ਜਿਉਣ ਦੇ ਬੁਨਿਆਦੀ ਹੱਕਾਂ ਤੋਂ ਵਿਰਵੇ ਕਰ ਰਹੀ ਹੈ।
ਇਨ੍ਹਾਂ ਇਲਾਕਿਆਂ ਦੀ ਧਰਤੀ ਹੇਠਲੇ ਬੇਸ਼ਕੀਮਤੀ ਖਣਿਜ ਪਦਾਰਥਾਂ ਦੀ ਲੁੱਟ ਕਰਨ ਲਈ ਦੇਸ਼ੀ ਤੇ ਵਿਦੇਸ਼ੀ ਕਾਰਪੋਰੇਟ,ਅਨੇਕਾਂ ਸਦੀਆਂ ਤੋਂ ਉੱਥੇ ਰਹਿ ਰਹੇ ਆਦਿਵਾਸੀਆਂ ਨੂੰ ਬੇਦਖ਼ਲ ਕਰ ਰਹੇ ਹਨ।
ਉਨ੍ਹਾਂ ਦੁਆਰਾ ਆਪਣੇ ਜਲ ਜੰਗਲ਼ ਤੇ ਜ਼ਮੀਨ ਦੀ ਸੁਰੱਖਿਆ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਅਤਿਵਾਦ ਗਰਦਾਨ ਕੇ ਬੇਤਹਾਸ਼ਾ ਤਸ਼ੱਦਦ ਕੀਤਾ ਜਾ ਰਿਹਾ ਹੈ।
ਆਪਣੇ ਕੁੰਜੀਵਤ ਭਾਸ਼ਣ ਵਿੱਚ ਐਡਵੋਕੇਟ ਸੁਦੀਪ ਸਿੰਘ ਬਠਿੰਡਾ ਨੇ ਫ਼ਲਸਤੀਨ ਮਸਲੇ ਦੇ ਪਿਛਲੇ ਇੱਕ ਸਦੀ ਤੋਂ ਵੀ ਲੰਬੇ ਇਤਿਹਾਸ ਬਾਰੇ ਵਿਸਥਾਰਪੂਰਵਕ ਚਾਣਨਾ ਪਾਇਆ।
ਉਨ੍ਹਾਂ ਦੱਸਿਆ ਕਿ ਪਹਿਲੀ ਸੰਸਾਰ ਜ਼ੰਗ ਜਿੱਤਣ ਤੋਂ ਬਾਅਦ ਬਰਤਾਨੀਆ ਅਮਰੀਕਾ ਤੇ ਦੂਸਰੇ ਪੱਛਮੀ ਸਾਮਰਾਜੀ ਮੁਲਕਾਂ ਨੇ ਅਰਬ ਖਿੱਤੇ ਦੇ ਬੇਸ਼ਕੀਮਤੀ ਖਜ਼ਾਨਿਆਂ ਦੀ ਲੁੱਟ ਕਰਨ, ਸਮੁੰਦਰੀ ਵਪਾਰ ਦੇ ਰੂਟਾਂ ਦੀ ਨਿਗਾਹਬਾਨੀ ਕਰਨ ਲਈ ਆਪਣੀ ਪੱਕੀ ਪੁਲਿਸ ਚੌਂਕੀ ਸਥਾਪਤ ਕਰਨ ਦੀ ਮਨਸ਼ਾ ਅਧੀਨ ਯਹੂਦੀਆਂ ਨੂੰ ਇਸ ਇਲਾਕੇ ਵਿੱਚ ਵਸਾਉਣਾ ਸ਼ੁਰੂ ਕਰ ਦਿੱਤਾ।
ਸਾਰੇ ਅੰਤਰ-ਰਾਸ਼ਟਰੀ ਕਾਨੂੰਨਾਂ ਤੇ ਮਰਿਯਾਦਾਵਾਂ ਨੂੰ ਦਰਕਿਨਾਰ ਕਰਦੇ ਹੋਏ 1948 ਵਿੱਚ ਇੱਥੇ ਇਜ਼ਰਾਈਲ ਨਾਮ ਦਾ ਨਵਾਂ ਮੁਲਕ ਵਸਾ ਦਿੱਤਾ।
ਆਪਣੇ ਹਥਿਆਰ ਵੇਚਣ ਅਤੇ ਅਰਬ ਮੁਲਕਾਂ ਦੀ ਸਾਮਰਾਜੀ ਲੁੱਟ ਨੂੰ ਜਾਰੀ ਰੱਖਣ ਲਈ ਮੌਜੂਦਾ ਜ਼ੰਗ ਦੌਰਾਨ ਅਮਰੀਕਾ ਇਜ਼ਰਾਈਲ ਦੀ ਨੰਗੀ ਚਿੱਟੀ ਮਦਦ ਕਰ ਰਿਹਾ ਹੈ।
ਜ਼ੰਗ ਸ਼ੁਰੂ ਹੋਣ ਦੇ ਚੰਦ ਘੰਟਿਆਂ ਦੇ ਅੰਦਰ ਹੀ ਸਾਡੇ ਪ੍ਰਧਾਨ ਮੰਤਰੀ ਦੁਆਰਾ ਇਜ਼ਰਾਈਲ ਦੇ ਹੱਕ ਵਿੱਚ ਟਵੀਟ ਕਰਨਾ ਭਾਰਤੀ ਲੋਕਾਂ ਲਈ ਬਹੁਤ ਖਤਰਨਾਕ ਰੁਝਾਨ ਦਾ ਸੂਚਕ ਹੈ।
ਹਿੰਦੂਤਵ ਅਤੇ ਯਹੂਦੀਵਾਦ ਜਿਹੀਆਂ ਦੋ ਕੱਟੜ ਧਾਰਮਿਕ ਤਨਜੀਮਾਂ ਦੀ ਇਹ ਜੁਟੱਦਾਰੀ ਸਾਰੀ ਦੁਨੀਆਂ ਦੇ ਅਮਨ ਲਈ ਆਮ ਕਰਕੇ ਅਤੇ ਮੁਸਲਮਾਨਾਂ ਲਈ ਖਾਸ ਕਰਕੇ ਖ਼ਤਰਨਾਕ ਰੁਝਾਨ ਦੀ ਸੂਚਕ ਹੈ।
ਫਲਸਤੀਨ ਇਜ਼ਰਾਈਲ ਮਸਲੇ ਦੇ ਸ਼ੁਰੂ ਹੋਣ ਸਮੇਂ ਤੋਂ ਹੀ ਭਾਰਤ ਫ਼ਲਸਤੀਨੀ ਲੋਕਾਂ ਦੀ ਹਮਾਇਤ ਵਿੱਚ ਖੜ੍ਹਦਾ ਰਿਹਾ ਹੈ।
ਪਰ ਭਾਰਤ ਸਰਕਾਰ ਦੇ ਮੌਜ਼ੂਦਾ ਸਟੈਂਡ ਨੇ ਭਾਰਤ ਦੀ ਅੰਤਰਰਾਸ਼ਟਰੀ ਸ਼ਾਖ ਨੂੰ ਖੋਰਾ ਲਾਇਆ ਹੈ।
ਬਿੱਕਰ ਸਿੰਘ ਔਲ਼ਖ ਦੁਆਰਾ ਪੇਸ਼ ਕੀਤੇ ਮਤਿਆਂ ਰਾਹੀਂ ਮੰਗ ਕੀਤੀ ਗਈ ਕਿ ਭਾਰਤ ਆਪਣੇ ਇਤਿਹਾਸਕ ਸਟੈਂਡ ‘ਤੇ ਪਹਿਰਾ ਦਿੰਦਿਆਂ ਫ਼ਲਸਤੀਨੀ ਲੋਕਾਂ ਦੇ ਹੱਕ ਵਿੱਚ ਨਿੱਤਰੇ, ਫ਼ਲਸਤੀਨੀ ਜ਼ੰਗ ਤੁਰੰਤ ਬੰਦ ਕੀਤੀ ਜਾਵੇ ਅਤੇ ਪੰਜਾਬ ਪੁਲਿਸ ਦੁਆਰਾ ਗੈਂਗਸਟਰਾਂ ਦੇ ਬਹਾਨੇ ਕੀਤੇ ਜਾ ਰਹੇ ਫਰਜ਼ੀ ਪੁਲਿਸ ਮੁਕਾਬਲਿਆਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ।
ਜਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਠੁੱਲੀਵਾਲ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।
ਅਜਮੇਰ ਅਕਲੀਆ, ਜਤਿੰਦਰ ਬੈਂਸ ਤੇ ਨਰਿੰਦਰ ਸਿੰਗਲਾ ਨੇ ਗੀਤ ਤੇ ਕਵਿਤਾਵਾਂ ਸੁਣਾਈਆਂ।
ਸਟੇਜ ਸਕੱਤਰ ਦੀ ਜਿੰਮੇਵਾਰੀ ਸਭਾ ਦੇ ਜਿਲ੍ਹਾ ਸਕੱਤਰ ਸੋਹਣ ਸਿੰਘ ਮਾਝੀ ਨੇ ਬਾਖੂਬੀ ਨਿਭਾਈ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਨਰੈਣ ਦੱਤ, ਰਜਿੰਦਰ ਭਦੌੜ, ਪ੍ਰੇਮਪਾਲ ਕੌਰ, ਹਰਚਰਨ ਸਿੰਘ ਚਹਿਲ, ਬਲਵਿੰਦਰ ਸਿੰਘ ਸੇਖੋਂ, ਗੁਰਮੀਤ ਸੁਖਪੁਰ, ਪਰਮਜੀਤ ਕੌਰ ਜੋਧਪੁਰ, ਬਾਬੂ ਸਿੰਘ ਖੁੱਡੀ ਕਲਾਂ, ਜਗਰਾਜ ਸਿੰਘ ਟੱਲੇਵਾਲ, ਬਲੌਰ ਸਿੰਘ ਛੰਨਾਂ ਆਦਿ ਹਾਜ਼ਰ ਸਨ।
Posted By SonyGoyal