ਬਰਨਾਲਾ 04 ਜਨਵਰੀ ਸੋਨੀ ਗੋਇਲ
ਪੰਜਾਬ ਦੇ ਬਰਨਾਲਾ-ਮੋਗਾ ਨੈਸ਼ਨਲ ਹਾਈਵੇ ‘ਤੇ ਅੱਜ ਸਵੇਰੇ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਬਠਿੰਡਾ ‘ਚ ਮਹਾਪੰਚਾਇਤ ਲਈ ਜਾ ਰਹੀ ਕਿਸਾਨਾਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਧੁੰਦ ਕਾਰਨ ਬੱਸ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਇਸ ਹਾਦਸੇ ਵਿੱਚ ਮਹਿਲਾ ਕਿਸਾਨਾਂ ਦੀ ਮੌਤ ਹੋ ਗਈ ਅਤੇ ਕਈ ਕਿਸਾਨ ਜ਼ਖ਼ਮੀ ਹੋ ਗਏ। ਹਾਦਸੇ ‘ਚ ਕੁਝ ਕਿਸਾਨਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਹੋਰ ਹਸਪਤਾਲਾਂ ਵਿੱਚ ਰੈਫਰ ਕਰ ਦਿੱਤਾ ਗਿਆ।
ਤਿੰਨ ਔਰਤਾਂ ਦੀ ਹੋਈ ਮੌਤ
ਕਿਸਾਨਾਂ ਨਾਲ ਭਰੀ ਬੱਸ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਪਿੰਡ ਤੋਂ ਖਨੌਰੀ ਸਰਹੱਦ ਨੂੰ ਜਾ ਰਹੀ ਸੀ। ਇਹ ਹਾਦਸਾ ਬਰਨਾਲਾ ਮੋਗਾ ਨੈਸ਼ਨਲ ਹਾਈਵੇ ‘ਤੇ ਵਾਪਰਿਆ। ਜਿਸ ਕਾਰਨ ਬੱਸ ਵਿੱਚ ਸਵਾਰ ਤਿੰਨ ਔਰਤਾਂ ਦੀ ਮੌਤ ਹੋ ਗਈ। ਮ੍ਰਿਤਕ ਔਰਤਾਂ ਪਿੰਡ ਕੋਠੇ ਗੁਰੂ ਦੀਆਂ ਰਹਿਣ ਵਾਲੀਆਂ ਦੱਸੀਆਂ ਜਾਂਦੀਆਂ ਹਨ। ਦੱਸ ਦੇਈਏ ਕਿ ਅੱਜ ਸਵੇਰੇ ਕਿਸਾਨਾਂ ਨਾਲ ਭਰੀਆਂ ਦੋ ਬੱਸਾਂ ਆਪਸ ਵਿੱਚ ਹਾਦਸਾਗ੍ਰਸਤ ਹੋ ਗਈਆਂ।
ਟੱਕਰ ਤੋਂ ਬਾਅਦ ਬੱਸ ਦਾ ਅਗਲਾ ਸ਼ੀਸ਼ਾ ਟੁੱਟ ਗਿਆ ਅਤੇ ਬੱਸ ਪਲਟ ਗਈ। ਮੌਕੇ ‘ਤੇ ਮੌਜੂਦ ਲੋਕਾਂ ਅਨੁਸਾਰ ਇਹ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ ਹੈ। ਜਦੋਂਕਿ ਦੂਸਰਾ ਹਾਦਸਾ ਬਰਨਾਲਾ ਦੇ ਹਾਈਵੇਅ ’ਤੇ ਜੇਲ੍ਹ ਨੇੜੇ ਵਾਪਰਿਆ। ਮੁੱਢਲੀ ਜਾਣਕਾਰੀ ਅਨੁਸਾਰ ਬੱਸ ਵਿੱਚ ਸਵਾਰ ਕਈ ਕਿਸਾਨ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਠੰਢ ਕਾਰਨ ਇੱਕ ਹੋਰ ਮੌਤ
ਦੱਸ ਦੇਈਏ ਕਿ ਪੰਜਾਬ ‘ਚ ਠੰਡ ਨੇ ਗੰਭੀਰ ਰੂਪ ਧਾਰਨ ਕਰ ਲਿਆ ਹੈ। ਪੰਜਾਬ ਵਿੱਚ ਠੰਢ ਕਾਰਨ ਇੱਕ ਹੋਰ ਮੌਤ ਹੋ ਗਈ ਹੈ। ਜਲੰਧਰ ‘ਚ ਕੱਲ ਯਾਨੀ ਸ਼ੁੱਕਰਵਾਰ ਨੂੰ ਠੰਡ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਜਿਸ ਕਾਰਨ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਗਿਆ ਹੈ।
Posted By SonyGoyal