ਬਰਨਾਲਾ, 22 ਮਈ ( ਸੋਨੀ ਗੋਇਲ)
ਸੀਵਰੇਜ ਵਿਭਾਗ ਨੂੰ ਮੀਂਹ ਤੋਂ ਪਹਿਲਾਂ ਸ਼ਹਿਰ ‘ਚ ਨਾਲੀਆਂ ਦੀ ਸਫਾਈ ਮੁਕੰਮਲ ਕਰਨ ਦੇ ਆਦੇਸ਼ ਡਿਪਟੀ ਕਮਿਸ਼ਨਰ ਨੇ ਸ਼ਹਿਰ ‘ਚ ਪੀਣ ਵਾਲੇ ਪਾਣੀ ਦੀ ਦਿੱਕਤ, ਸੀਵਰੇਜ ਤੇ ਸਫਾਈ ਸਬੰਧੀ ਕੀਤੀ ਬੈਠਕ
ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਜ਼ਿਲ੍ਹਾ ਬਰਨਾਲਾ ਅੰਦਰ ਪੈਂਦੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤ ਦੀ ਬੈਠਕ ਦੌਰਾਨ ਅੱਜ ਪੀਣ ਵਾਲੇ ਪਾਣੀ, ਸੀਵਰੇਜ ਅਤੇ ਸਫਾਈ ਸਬੰਧੀ ਸਮੱਸਿਆ ਦੇ ਜਲਦ ਤੋਂ ਜਲਦ ਹੱਲ ਲਈ ਨਿਰਦੇਸ਼ ਦਿੱਤੇ।
ਸ਼ਹਿਰੀ ਵਿਕਾਸ ਨਾਲ ਸਬੰਧਿਤ ਇਸ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਸੀਵਰੇਜ ਅਤੇ ਵਾਟਰ ਸਪਲਾਈ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਸ਼ਹਿਰਾਂ ‘ਚ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਫੌਰੀ ਤੌਰ ‘ਤੇ ਕੀਤਾ ਜਾਵੇ।
ਉਨ੍ਹਾਂ ਨਿਰਦੇਸ਼ ਦਿੱਤੇ ਕਿ ਸ਼ਹਿਰ ਬਰਨਾਲਾ ਦੇ ਸਾਰੇ ਟਿਊਬਵੈਲਾਂ ਦੀ ਦੇਖ ਰੇਖ ਕੀਤੀ ਜਾਵੇ ਅਤੇ ਲੋੜ ਅਨੁਸਾਰ ਮੁਰੰਮਤ ਕਰਵਾਈ ਜਾਵੇ, ਨਾਲ ਹੀ ਉਨ੍ਹਾਂ ਕਿਹਾ ਕਿ ਜਿਹੜੀਆਂ ਨਗਰ ਕੌਂਸਲਾਂ ‘ਚ ਨਵੇਂ ਟਿਊਬਵੈੱਲ ਲੱਗਣੇ ਹਨ ਉਨ੍ਹਾਂ ਲਈ ਜ਼ਮੀਨ ਦੀ ਸ਼ਨਾਖਤ ਕਰ ਲਈ ਜਾਵੇ ਤਾਂ ਜੋ ਪੰਜਾਬ ਸਰਕਾਰ ਨੂੰ ਇਸ ਸਬੰਧੀ ਰਿਪੋਰਟ ਭੇਜੀ ਜਾ ਸਕੇ।
ਉਨ੍ਹਾਂ ਸੀਵਰੇਜ ਵਿਭਾਗ ਨੂੰ ਹਦਾਇਤ ਕੀਤੀ ਕਿ ਬਰਸਾਤੀ ਮੌਸਮ ਤੋਂ ਪਹਿਲਾਂ ਸ਼ਹਿਰ ਦੀਆਂ ਨਾਲੀਆਂ ਸਾਫ ਕਰ ਲਈਆਂ ਜਾਣ ਤਾਂ ਜੋ ਮੀਂਹ ਦਾ ਪਾਣੀ ਜਮਾਂ ਹੋਣ ਕਾਰਣ ਕਿਸੇ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਾਵੇ , ਨਾਲ ਹੀ ਉਨ੍ਹਾਂ ਨਗਰ ਕੌਂਸਲ ਭਦੌੜ ਖੇਤਰ ਵਿਚ ਮੀਂਹ ਦੇ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਕਿ ਸੁਪਰ ਸਕਸ਼ਨ ਮਸ਼ੀਨਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਬਰਸਾਤ ਤੋਂ ਪਹਿਲਾਂ ਹੀ ਸੀਵਰ ਦੀ ਸਫਾਈ ਮੁਕੰਮਲ ਤੌਰ ‘ਤੇ ਕਰਵਾਈ ਜਾਵੇ।
ਓਨ੍ਹਾਂ ਨਗਰ ਕੌਂਸਲਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ ਖੇਤਰ ਵਿਚ ਲੋਕਾਂ ਨੂੰ ਪ੍ਰੇਰਿਤ ਕਰਨ ਕਿ ਉਹ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ ਵੱਖ ਕਰਕੇ ਹੀ ਸਫਾਈ ਸੇਵਕ ਨੂੰ ਦੇਣ।
ਨਾਲ ਹੀ ਲੋਕਾਂ ਨੂੰ ਇਹ ਵੀ ਦੱਸਿਆ ਜਾਵੇ ਕਿ ਕੂੜਾ ਇਧਰ ਉਧਰ ਸੁੱਟਣ ਦੀ ਥਾਂ ਨਿਰਧਾਰਤ ਥਾਂ ‘ਤੇ ਹੀ ਸੁੱਟਿਆ ਜਾਵੇ।
ਬੈਠਕ ‘ਚ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਮੈਡਮ ਅਨੁਪ੍ਰਿਤਾ ਜੌਹਲ, ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫ਼ਸਰ ਅਤੇ ਹੋਰ ਵਿਭਾਗਾਂ ਦੇ ਅਫਸਰ ਹਾਜ਼ਰ ਸਨ।