ਬਰਨਾਲਾ 05 ਸਤੰਬਰ ( ਸੋਨੀ ਗੋਇਲ )
- ਐਮ.ਪੀ. ਮੀਤ ਹੇਅਰ ਨੇ ਸ਼ਹਿਰ ਦੇ ਵਾਰਡ ਨੰ. 15 ਦੇ 4.97 ਕਰੋੜ ਦੇ ਪ੍ਰੋਜੈਕਟ ਦਾ ਰੱਖਿਆ ਨੀਂਹ ਪੱਥਰ
- ਵਾਰਡ ਵਿੱਚ ਗੰਧਲੇ ਪਾਣੀ ਦੀ ਸਪਲਾਈ ਦਾ ਮਸਲਾ ਹੋਵੇਗਾ ਹੱਲ, ਬਦਲੀਆਂ ਜਾਣਗੀਆਂ ਕਰੀਬ 70 ਸਾਲ ਪੁਰਾਣੀਆਂ ਜਲ ਸਪਲਾਈ ਤੇ ਸੀਵਰੇਜ ਪਾਈਪਾਂ
- ਕਿਹਾ, ਮਾਨ ਸਰਕਾਰ ਨੇ ਬਰਨਾਲਾ ਦੇ ਵਿਕਾਸ ਲਈ ਜਾਰੀ ਕੀਤੇ ਹਨ ਬਹੁ ਕਰੋੜੀ ਫੰਡ

ਬਰਨਾਲਾ ਸ਼ਹਿਰ ਵਿੱਚ ਜਲ ਸਪਲਾਈ ਪਾਈਪਾਂ ਅਤੇ ਰਹਿੰਦੇ ਸੀਵਰੇਜ ਦੇ ਪ੍ਰੋਜੈਕਟ ਲਈ 83 ਕਰੋੜ ਰੁਪਏ ਦਾ ਟੈਂਡਰ ਲਾਇਆ ਜਾ ਚੁੱਕਿਆ ਹੈ ਅਤੇ ਟੈਂਡਰ ਖੁੱਲਣ ‘ਤੇ ਜਲਦ ਹੀ ਇਹ ਕੰਮ ਸ਼ੁਰੂ ਹੋ ਜਾਵੇਗਾ।
ਇਹ ਪ੍ਰਗਟਾਵਾ ਸੰਸਦ ਮੈਂਬਰ ਸ. ਗੁਰਮੀਤ ਸਿੰਘ Meet Hayer ਨੇ ਅੱਜ ਇੱਥੇ ਬਰਨਾਲਾ ਸ਼ਹਿਰ ਦੇ ਫਰਵਾਹੀ ਬਜ਼ਾਰ ਵਿੱਚ ਵਾਰਡ ਨੰਬਰ 15 ਦੇ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਤਕਰੀਬਨ 4.97 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ।
ਉਨ੍ਹਾਂ ਕਿਹਾ ਮਾਨ ਸਰਕਾਰ ਵਲੋਂ ਬਰਨਾਲੇ ਵਿੱਚ ਸੜਕਾਂ ਤੋਂ ਬਿਨਾਂ ਵੱਖ ਵੱਖ ਵਿਕਾਸ ਕਾਰਜਾਂ ਲਈ ਕਰੀਬ 80 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਸੜਕਾਂ ਨੂੰ ਚੌੜਾ ਕਰਨ/ਮੁਰਮੰਤ ਲਈ 25 ਕਰੋੜ ਤੋਂ ਵੱਧ ਦੇ ਫੰਡ ਜਾਰੀ ਕੀਤੇ ਜਾ ਚੁੱਕੇ ਹਨ, ਜੋ ਕਿ ਸਾਰੇ ਕੰਮ ਸ਼ੁਰੂ ਕੀਤੇ ਜਾ ਰਹੇ ਹਨ।
ਇਸ ਮੌਕੇ ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਾਰਡ ਨੰਬਰ 15 ਵਿੱਚ ਲੋਕਾਂ ਨੂੰ ਲੰਮੇਂ ਸਮੇਂ ਤੋਂ ਪਾਣੀ ਦੀ ਸਪਲਾਈ ਦੀ ਮੁਸ਼ਕਿਲ ਪੇਸ਼ ਆ ਰਹੀ ਸੀ, ਕਿਉੰਕਿ ਤਕਰੀਬਨ 70 ਸਾਲ ਪੁਰਾਣੀਆਂ ਲੋਹੇ ਦੀਆਂ ਪਾਈਪਾਂ ਹੋਣ ਕਰਕੇ ਪਾਣੀ ‘ਚ ਜੰਗਾਲ ਜਾਂ ਸੀਵਰੇਜ ਦਾ ਪਾਣੀ ਰਲ ਕੇ ਆਉਂਦਾ ਸੀ, ਜਿਸ ਕਰਕੇ ਪੀਣ ਵਾਲੇ ਪਾਣੀ ਦੀ ਵੱਡੀ ਦਿੱਕਤ ਸੀ। ਉਨ੍ਹਾਂ ਕਿਹਾ ਹੁਣ ਕਰੀਬ 4.97 ਕਰੋੜ ਦੇ ਪ੍ਰੋਜੈਕਟ ਨਾਲ ਸੀਵਰੇਜ ਨਵਾਂ ਪਵੇਗਾ ਅਤੇ ਜਲ ਸਪਲਾਈ ਪਾਈਪਾਂ ਬਦਲੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਨਵੀਂ ਤਕਨੀਕ ਵਾਲੀਆਂ ਜਲ ਸਪਲਾਈ ਲਈ ਡੀਆਈ ਪਾਈਪਾਂ ਅਤੇ ਸੀਵਰੇਜ ਲਈ ਯੂ ਪੀ ਵੀ ਸੀ ਪਾਈਪਾਂ ਬਦਲੀਆਂ ਜਾਣਗੀਆਂ, ਜਿਸ ਨਾਲ ਗੰਧਲੇ ਪਾਣੀ ਦਾ ਮਸਲਾ ਆਉਂਦੇ ਕੁਝ ਮਹੀਨਿਆਂ ‘ਚ ਪੱਕੇ ਤੌਰ ‘ਤੇ ਹੱਲ ਹੋ ਜਾਵੇਗਾ।
ਉਨ੍ਹਾਂ ਕਿਹਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਵਲੋਂ ਬਰਨਾਲਾ ਦੇ ਸ਼ਹਿਰੀ ਵਿਕਾਸ ਅਤੇ ਪੇਂਡੂ ਵਿਕਾਸ ਵਿੱਚ ਕੋਈ ਕਮੀਂ ਨਹੀਂ ਛੱਡੀ ਜਾ ਰਹੀ ਤੇ ਫੰਡਾਂ ਦੇ ਗੱਫੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇੰਨੇ ਫੰਡਾਂ ਵਾਲੇ ਪ੍ਰੋਜੈਕਟ ਪਿਛਲੀਆਂ ਸਰਕਾਰਾਂ ਵਲੋਂ 70- 70 ਸਾਲਾਂ ਵਿੱਚ ਨਹੀਂ ਦਿੱਤੇ ਗਏ, ਜਿੰਨੇ ਮੌਜੂਦਾ ਪੰਜਾਬ ਸਰਕਾਰ ਵਲੋਂ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਜਲ ਸਰੋਤ ਮਹਿਕਮੇ ਰਾਹੀਂ ਉਨ੍ਹਾਂ ਵਲੋਂ ਬਰਨਾਲਾ ਜ਼ਿਲ੍ਹੇ ਵਿੱਚ ਕਰੀਬ 300 ਕਰੋੜ ਰੁਪਏ ਦੇ ਫੰਡ ਅਤੇ ਪ੍ਰੋਜੈਕਟ ਲਿਆਂਦੇ ਗਏ ਹਨ, ਜੋ ਕਿ ਹੋਰ ਕਿਸੇ ਸਰਕਾਰ ਵਲੋਂ ਨਹੀਂ ਲਿਆਂਦੇ ਗਏ।
ਇਸ ਮਗਰੋਂ ਉਨ੍ਹਾਂ ਇੱਥੇ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੇ
ਸਮਾਗਮ ਵਿੱਚ ਵੀ ਸ਼ਿਰਕਤ ਕੀਤੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਰਾਮ ਤੀਰਥ ਮੰਨਾ, ਐਕਸੀਅਨ ਸੀਵਰੇਜ ਬੋਰਡ ਸ੍ਰੀ ਰਾਹੁਲ ਕੌਸ਼ਲ, ਓਐਸਡੀ ਹਸਨਪ੍ਰੀਤ ਭਾਰਦਵਾਜ, ਐਮਸੀ ਜੋਂਟੀ ਮਾਨ, ਰੁਪਿੰਦਰ ਸ਼ੀਤਲ ਬੰਟੀ, ਸ੍ਰੀ ਧਰਮਪਾਲ, ਮਲਕੀਤ ਸਿੰਘ, ਜੀਵਨ ਕੁਮਾਰ, ਜਗਰਾਜ ਸਿੰਘ (ਐਮ ਸੀ) , ਹਰਿੰਦਰ ਧਾਲੀਵਾਲ, ਇਸ਼ਵਿੰਦਰ ਜੰਡੂ, ਪਰਮਿੰਦਰ ਭੰਗੂ, ਰੋਹਿਤ ਓਸ਼ੋ, ਵੱਖ ਵੱਖ ਬਲਾਕ ਪ੍ਰਧਾਨ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।
Posted by Sony Goyal