ਬਰਨਾਲਾ, 22 ਮਈ ( ਸੋਨੀ ਗੋਇਲ)
ਵਿਸ਼ਵ ਹਾਈਪਰਟੈਂਨਸਨ ਦਿਵਸ ਸਬੰਧੀ ਚੈੱਕਅਪ ਅਤੇ ਜਾਗਰੂਕਤਾ ਗਤੀਵਿਧੀਆਂ 17 ਜੂਨ ਤੱਕ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਬਲੱਡ ਪ੍ਰੈਸ਼ਰ ਦੇ ਵਧਣ ਕਾਰਨ ਹੋਣ ਵਾਲੀਆਂ ਬਿਮਾਰੀਆਂ ਅਤੇ ਸਿਹਤ ਸਮੱਸਿਆਵਾਂ ਤੋਂ ਬਚਾਇਆ ਜਾ ਸਕੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ.ਬਲਜੀਤ ਸਿੰਘ ਨੇ ਕੀਤਾ।
ਇਸ ਸਬੰਧੀ ਡਾ.ਪ੍ਰਵੇਸ਼ ਕੁਮਾਰ ਜ਼ਿਲ੍ਹਾ ਪਰਿਵਾਰ ਭਲਾਈ ਨੋਡਲ ਅਫਸਰ- ਐਨ ਪੀ ਐਨ ਸੀ ਡੀ ਨੇ ਦੱਸਿਆ ਕਿ ਹਾਈਪਰਟੈਂਸ਼ਨ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਮੁੱਖ ਕਾਰਨ ਬਣਦਾ ਹੈ ਜਿਵੇਂ ਕਿ ਸਟ੍ਰੋਕ, ਦਿਲ ਦੇ ਦੌਰੇ, ਗੁਰਦੇ ਦੀ ਬਿਮਾਰੀ, ਨਿਗ੍ਹਾ ਦੀ ਕਮਜ਼ੋਰੀ ਅਤੇ ਦਿਮਾਗੀ ਕਮਜੌਰੀ ਆਦਿ ਹੋ ਸਕਦੀਆਂ ਹਨ।
ਇਸ ਲਈ 30 ਸਾਲ ਦੀ ਉਮਰ ਤੋਂ ਬਾਅਦ ਸਮੇਂ-ਸਮੇਂ ‘ਤੇ ਬਲੱਡ ਪ੍ਰੈਸ਼ਰ ਚੈੱਕ ਕਰਾਉਣਾ ਚਾਹੀਦਾ ਹੈ ਅਤੇ ਡਾਕਟਰ ਵੱਲੋਂ ਦਿੱਤੀ ਦਵਾਈ ਦਾ ਸੇਵਨ ਰੋਜ਼ਾਨਾ ਕਰਨਾ ਚਾਹੀਦਾ ਹੈ ।
ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਕੁਲਦੀਪ ਸਿੰਘ ਮਾਨ ਅਤੇ ਜ਼ਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਹਰਜੀਤ ਸਿੰਘ ਨੇ ਹੰਢਿਆਇਆ, ਧੌਲਾ ਸਿਹਤ ਕੇਂਦਰਾਂ ਅਤੇ ਪਿੰਡ ਦੀਆਂ ਸੱਥਾਂ ‘ਚ ਜਾ ਕੇ ਜਾਗਰੂਕ ਕੀਤਾ ਕਿ ਬਹੁਤ ਸਾਰੇ ਲੋਕ ਜੋ ਹਾਈਪਰਟੈਂਸ਼ਨ ਤੋਂ ਪੀੜਤ ਹੁੰਦੇ ਹਨ, ਉਹਨਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਹ ਇਸ ਬਿਮਾਰੀ ਨਾਲ ਪੀੜ੍ਹਤ ਹਨ ਕਿਉਂਕਿ ਕਈ ਵਾਰ ਕੋਈ ਲੱਛਣ ਦਿਖਾਈ ਨਹੀਂ ਦਿੰਦਾ, ਅਕਸਰ ਲੋਕਾਂ ਨੂੰ ਦਿਲ ਦਾ ਦੌਰਾ ਪੈਣ ਜਾਂ ਦੌਰਾ ਪੈਣ ਤੋਂ ਬਾਅਦ ਹੀ ਪਤਾ ਲੱਗਦਾ ਹੈ। ਬਲੱਡ ਪ੍ਰੈਸ਼ਰ ਨੂੰ ਕੰਟਰੋਲ ‘ਚ ਰੱਖਣ ਲਈ ਸਵੇਰੇ ਸ਼ਾਮ ਕਸਰਤ ਕਰਨੀ ਚਾਹੀਦੀ ਹੈ ਅਤੇ ਮੌਸਮ ਅਨੁਸਾਰ ਫਲ ਸਬਜੀਆਂ ਦਾ ਸੇਵਨ ਕਰਨਾ ਚਾਹੀਦਾ ਹੈ।
ਤਲਿਆ,ਮਸਾਲੇਦਾਰ ਭੋਜਨ ਅਤੇ ਵਧੇਰੇ ਨਮਕ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਸ਼ਰਾਬ, ਬੀੜੀ-ਸਿਗਰੇਟ ਆਦਿ ਨਸਿਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਤਣਾਅ ਰਹਿਤ ਰਹਿਣ ਲਈ, ਵਿਅਕਤੀ ਨੂੰ ਧਿਆਨ ਅਤੇ ਯੋਗਾ ਕਰਨਾ ਚਾਹੀਦਾ ਹੈ।
ਜੀਵਨਸ਼ੈਲੀ ਵਿੱਚ ਤਬਦੀਲੀਆਂ ਕਰਨ ਨਾਲ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਐਨ.ਸੀ.ਡੀ. ਪ੍ਰੋਗਰਾਮ ਤਹਿਤ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਬਲੱਡ ਪ੍ਰੈਸ਼ਰ ਤੋਂ ਇਲਾਵਾ ਸ਼ੂਗਰ, ਤਿੰਨ ਤਰ੍ਹਾਂ ਦੇ ਕੈਂਸਰਾਂ ਦੀ ਜਾਂਚ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ।
ਇਸ ਸਮੇਂ ਸਬ-ਸੈਂਟਰ ਹੰਢਿਆਇਆ ਅਤੇ ਧੌਲਾ ਦਾ ਸਟਾਫ ਹਾਜ਼ਰ ਸਨ।