ਮਨਿੰਦਰ ਸਿੰਘ, ਬਰਨਾਲਾ
11 ਫਰਵਰੀ ਦੋ ਦਹਾਕੇ ਤੱਕ ਕਾਰਜਸ਼ੀਲ ਰਹੇ ਦੱਬਿਆਂ-ਲਤਾੜਿਆਂ ਦੇ ਪੱਤਰਕਾਰ ਅਨਿਲ ਮੈਨਨ ਲੰਬਾ ਸਮਾਂ ਅਧਰੰਗ ਦਾ ਸ਼ਿਕਾਰ ਰਹਿਣ ਤੋਂ ਬਾਅਦ 8 ਫਰਬਰੀ ਨੂੰ ਵਿਛੋੜਾ ਦੇ ਗਏ ਸਨ। ਸਾਥੀ ਅਨਿਲ ਮੈਨਨ ਦੀ ਸਦੀਵੀ ਯਾਦ ਵਿੱਚ ‘ਲਾਇਨਜ ਹਾਰਮੋਨੀ ਭਵਨ ਸੇਖਾ ਰੋਡ ਬਰਨਾਲਾ’ ਵਿਖੇ ਬਿਨਾਂ ਕਿਸੇ ਧਾਰਮਿਕ ਰਸਮਾਂ ਤੋਂ ਸ਼ਰਧਾਂਜਲੀ ਸਮਾਗ਼ਮ ਕਰਵਾਇਆ ਗਿਆ।
ਇਨਕਲਾਬੀ ਜਮਹੂਰੀ ਲਹਿਰ ਦੇ ਸਾਥੀ, ਰੰਗ ਮੰਚ ਅਤੇ ਸਾਹਿਤਕ ਖੇਤਰ ਦੀਆਂ ਸ਼ਖ਼ਸੀਅਤਾਂ, ਜਨਤਕ ਜਥੇਬੰਦੀਆਂ ਦੇ ਆਗੂ ਆਪਣੇ ਜ਼ਰੂਰੀ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਪਹੁੰਚੇ। ਇਸ ਸਮੇਂ ਸੰਬੋਧਨ ਕਰਦਿਆਂ ਬੁਲਾਰੇ ਆਗੂਆਂ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ, ਕਹਾਣੀਕਾਰ ਪਵਨ ਪਰਿੰਦਾ, ਪ੍ਰਿੰਸੀਪਲ ਦਰਸ਼ਨ ਸਿੰਘ ਚੀਮਾ, ਸੰਤੋਸ਼ ਰਿਸ਼ੀ, ਅੰਮ੍ਰਿਤ ਪਾਲ ਖੀਵਾਕਲਾਂ, ਰਾਜੀਵ ਕੁਮਾਰ, ਡਾ ਰਜਿੰਦਰ ਪਾਲ ਨੇ ਅਨਿਲ ਮੈਨਨ ਨੂੰ ਯਾਦਾਂ ਸਾਂਝੀਆਂ ਕਰਦਿਆਂ ਉਸ ਨੂੰ ਵਿਗਿਆਨਕ ਵਿਚਾਰਾਂ ਦਾ ਧਾਰਨੀ, ਦ੍ਰਿੜ ਇਰਾਦੇ ਦਾ ਮਾਲਕ, ਰੰਗ ਕਰਮੀ, ਲੋਕਤਾ ਦਾ ਪੱਤਰਕਾਰ ਵਜੋਂ ਯਾਦ ਕੀਤਾ। ਬੁਲਾਰਿਆਂ ਕਿਹਾ ਕਿ ਅਨਿਲ ਮੈਨਨ ਵੱਲੋਂ ਜੀਵਿਆ ਮਾਣ ਮੱਤਾ ਲੋਕ ਪੱਖੀ ਸਫ਼ਰ ਯਾਦ ਰੱਖਿਆ ਜਾਵੇਗਾ। ਯਾਦ ਰਹੇ ਕਿ ਅਨਿਲ ਮੈਨਨ ਨੇ ਜਵਾਨੀ ਪਹਿਰੇ ‘ਡੀਡੀ ਸਵਿਤੋਜ’ ਹੋਰਾਂ ਤੋਂ ਨਵਾਂ ਵਿਗਿਆਨਕ ਨਜ਼ਰੀਏ ਦਾ ਪਾਠ ਪੜਦਿਆਂ ‘ ਨਵਰੂਪ ਨਾਟਕ ਕਲਾ ਕੇਂਦਰ ਬਰਨਾਲਾ ‘ ਤੋਂ ਰੰਗ ਮੰਚ ਦਾ ਸਫ਼ਰ ਸ਼ੁਰੂ ਕੀਤਾ। 1995 ਤੋਂ ਪੰਜਾਬੀ ਟ੍ਰਿਬਿਊਨ ਦੀ ਪੱਤਰਕਾਰੀ ਸ਼ੁਰੂ ਕਰਕੇ ਨਵਾਂ ਜ਼ਮਾਨਾ, ਦੇਸ਼ ਸੇਵਕ, ਪਹਿਰੇਦਾਰ, ਸਪੋਕਸਮੈਨ ਅਤੇ ਜੱਗਬਾਣੀ/ਪੰਜਾਬ ਕੇਸਰੀ ਵਿੱਚ ਨਿਊਜ਼ ਐਡੀਟਰ ਵਜੋਂ ਜ਼ਿੰਮੇਵਾਰੀ ਨਿਭਾਈ। ਹੋਇਆ 10 ਅਪ੍ਰੈਲ 2014 ਨੂੰ ਸੜਕ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਅਧਰੰਗ ਦੇ ਸ਼ਿਕਾਰ ਹੋਇਆ, ਵੱਡੇ ਯਤਨ ਜੁਟਾਉਣ ਦੇ ਬਾਵਜੂਦ ਵੀ ਉੱਭਰ ਨਹੀਂ ਸਕਿਆ। ਸਭਨਾਂ ਦਾ ਪਿਆਰਾ ਅਨਿਲ ਮੈਨਨ 8 ਫਰਬਰੀ ਨੂੰ ਬੇਵਕਤੀ ਵਿਛੋੜਾ ਦੇ ਗਿਆ। ਅਨਿਲ ਮੈਨਨ ਦੀ ਵਿਗਿਆਨਕ ਸੋਚ ਦੀ ਵਿਰਾਸਤ ਹੀ ਸੀ ਕਿ ਮੌਤ ਤੋਂ ਬਾਅਦ ਵੀ ਉਸ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਅਦੇਸ਼ ਮੈਡੀਕਲ ਕਾਲਜ ਬਠਿੰਡਾ ਨੂੰ ਭੇਂਟ ਕੀਤਾ। ਅੱਜ ਬਿਨਾਂ ਕਿਸੇ ਧਾਰਮਿਕ ਰਸਮ ਦੇ ਵਿਗਿਆਨਕ ਵਿਚਾਰਧਾਰਾ ਦਾ ਵਿਕਾਸ , ਪੱਤਰਕਾਰਤਾ ਦੇ ਖੇਤਰ ਨੂੰ ਦਰਪੇਸ਼ ਵੰਗਾਰਾਂ, ਨਵੇਂ ਸਮਾਜ ਦੀ ਸਿਰਜਣਾ ਵਿੱਚ ਰੰਗ ਮੰਚ ਅਤੇ ਸਾਹਿਤ ਦੀ ਭੂਮਿਕਾ ਸਬੰਧੀ ਗੰਭੀਰ ਵਿਚਾਰਾਂ ਹੋਈਆਂ। ਇਸ ਸਮੇਂ ਪੱਤਰਕਾਰਾਂ ਵਜੋਂ ਪਰਸ਼ੋਤਮ ਬੱਲੀ, ਯਾਦਵਿੰਦਰ ਯਾਦੂ, ਅਸ਼ੋਕ ਭਾਰਤੀ, ਨਵਦੀਪ ਸੇਖਾ, ਸੁਰਿੰਦਰ ਗੋਇਲ ਆਦਿ ਤੋਂ ਇਲਾਵਾ ਪੁਸ਼ਪ ਲਤਾ, ਚਰਨਜੀਤ ਕੌਰ, ਸੁਖਵਿੰਦਰ ਠੀਕਰੀਵਾਲਾ, ਖੁਸ਼ਮੰਦਰ ਪਾਲ, ਬਲਵੰਤ ਸਿੰਘ ਠੀਕਰੀਵਾਲਾ, ਸਤਨਾਮ ਸਿੰਘ, ਗੁਰਮੀਤ ਸਿੰਘ ਬਰਨਾਲਾ, ਬਲਦੇਵ ਮੰਡੇਰ, ਤਰਸੇਮ ਸ਼ਾਇਰ,ਹਰਿਭਗਵਾਨ, ਪਰਮਜੀਤ ਸ਼ੀਤਲ, ਜਗਜੀਤ ਸਿੰਘ ਠੀਕਰੀਵਾਲਾ ਆਦਿ ਸ਼ਖ਼ਸੀਅਤਾਂ ਨੇ ਵੀ ਅਨਿਲ ਮੈਨਨ ਨੂੰ ਸ਼ਰਧਾਂਜਲੀ ਭੇਂਟ ਕੀਤੀ। ਲਿਬਰੇਟ ਚੰਡੀਗੜ੍ਹ ਸਮੇਤ ਬਹੁਤ ਸਾਰੀਆਂ ਸੰਸਥਾਵਾਂ ਨੇ ਸ਼ੋਕ ਮਤੇ ਭੇਜੇ। ਨਵਰੂਪ ਨਾਟਕ ਕਲਾ ਕੇਂਦਰ ਵਲੋਂ ਅਨਿਲ ਮੈਨਨ ਦੀ ਸਾਹਿਤਕ, ਰੰਗ ਮੰਚ ਅਤੇ ਪੱਤਰਕਾਰਤਾ ਦੇ ਖੇਤਰ ਵਿੱਚ ਕੀਤੀ ਸਿਰਜਣਾ ਨੂੰ ਕਿਤਾਬ ਦੇ ਰੂਪ ਵਿੱਚ ਛਾਪਣ ਦਾ ਫ਼ੈਸਲਾ ਕੀਤਾ ਗਿਆ।
Indian News Factory Punjab