ਮਹਿਲ ਕਲਾਂ, 22 ਮਈ (ਹਰਵਿੰਦਰ ਸਿੰਘ ਕਾਲਾ)
ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਬਰਨਾਲਾ ਡਾ. ਅਮਨ ਕੌਸ਼ਲ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਮਹਿਲ ਕਲਾਂ ਡਾ. ਗੁਰਤੇਜਿੰਦਰ ਕੌਰ ਦੀ ਅਗਵਾਈ ਹੇਠ ਅੱਜ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਮਹਿਲ ਕਲਾਂ ਵਿਖੇ ਯੋਗਾ ਕੈਂਪ ਲਗਾਇਆ ਗਿਆ।
ਇਸ ਦੌਰਾਨ ਡਾ. ਨਵਨੀਤ ਬਾਂਸਲ ਏਐਮਓ, ਸੀਐਚਸੀ ਮਹਿਲ ਕਲਾਂ ਨੇ ਦੱਸਿਆ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵੱਖ-ਵੱਖ ਯੋਗ ਆਸਣਾਂ ਦੀ ਜਾਣਕਾਰੀ ਦਿੱਤੀ ਗਈ ਅਤੇ ਉਹਨਾਂ ਕਿਹਾ ਕਿ ਯੋਗ ਇੱਕ ਪ੍ਰਾਚੀਨ ਵਿਗਿਆਨ ਹੈ ਜੋ ਮਨ, ਆਤਮਾ ਅਤੇ ਸ਼ਰੀਰ ਵਿੱਚ ਸੰਤੁਲਨ ਸਥਾਪਿਤ ਕਰਦਾ ਹੈ।
ਉਨ੍ਹਾਂ ਕਿਹਾ ਕਿ ਨਿਯਮਤ ਯੋਗ ਅਭਿਆਸ ਨਾਲ ਹੀ ਮਾਨਸਿਕ ਸ਼ਾਂਤੀ, ਲਚੀਲਾਪਨ ਅਤੇ ਆਤਮਿਕ ਵਿਕਾਸ ਸੰਭਵ ਹੈ।
ਡਾ. ਸੀਮਾ ਬਾਂਸਲ ਏਐਮਓ, ਪੀਐਚਸੀ ਗਹਿਲ ਨੇ ਦੱਸਿਆ ਕਿ ਯੋਗ ਆਸਣਾਂ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ, ਰੋਗ-ਰੋਧਕ ਸ਼ਕਤੀ ਵਿੱਚ ਇਜ਼ਾਫਾ ਹੁੰਦਾ ਹੈ ਅਤੇ ਤਨਾਅ, ਡਿਪ੍ਰੈਸ਼ਨ ਅਤੇ ਚਿੰਤਾ ਤੋਂ ਨਿਜਾਤ ਮਿਲਦੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਯੋਗ ਕਰਕੇ ਬਲੱਡ ਪ੍ਰੈਸ਼ਰ ਨਿਯੰਤਰਿਤ ਰਹਿੰਦਾ ਹੈ ਅਤੇ ਨੀਂਦ ਵੀ ਸੁਚੱਜੀ ਆਉਂਦੀ ਹੈ।
ਯੋਗ ਕੈਂਪ ਦੌਰਾਨ ਸਕੂਲ ਦੇ ਪ੍ਰਿੰਸੀਪਲ ਡਾ. ਹਿਮਾਂਸ਼ੂ ਦੱਤ ਨੇ ਪੂਰਾ ਸਹਿਯੋਗ ਦਿੱਤਾ ਅਤੇ ਵਿਦਿਆਰਥੀਆਂ ਨੂੰ ਰੋਜ਼ਾਨਾ ਯੋਗ ਅਭਿਆਸ ਕਰਨ ਲਈ ਉਤਸ਼ਾਹਿਤ ਕੀਤਾ।
ਇਸ ਮੌਕੇ ਉੱਪ-ਵੈਦ ਸੁਖਚੈਨ ਸਿੰਘ ਅਤੇ ਸਕੂਲ ਸਟਾਫ਼ ਵੀ ਹਾਜ਼ਰ ਰਹੇ।
Posted By SonyGoyal