ਸੰਪਾਦਕੀ
ਮਨਿੰਦਰ ਸਿੰਘ, ਬਰਨਾਲਾ
ਅਕਸਰ ਹੀ ਸੁਣਦੇ ਰਹਿੰਦੇ ਹਾਂ ਕਿ ਬੇਟੀ ਪੜਾਓ ਬੇਟੀ ਬਚਾਓ, ਅਸਲ ਚ 1990 ਤੋਂ ਲੈ ਕੇ 2020 ਤੱਕ ਅੰਨੇ ਵਾਹ ਹੋਈ ਭਰੂਣ ਹੱਤਿਆ ਦੇ ਨਤੀਜੇ ਕਿ ਹੁਣ ਦੇ ਸਮੇਂ ਚ 24 ਤੋਂ 30 ਸਾਲ ਵਾਲੀ ਉਮਰ ਦੇ ਮੁੰਡਿਆਂ ਲਈ ਕੁੜੀ ਲੱਭਣੀ ਖਾਲਾ ਜੀ ਦਾ ਵਾੜਾ ਨਹੀਂ ਹੈ। ਅਸਲ ਚ ਇੱਕ ਸਮਾਂ ਜੋ ਹੁਣ ਬੀਤ ਚੁੱਕਿਆ ਹੈ ਪ੍ਰੰਤੂ ਉਹ ਸਮਾਂ ਕੁੱਲ ਔਰਤ ਸਮਾਜ ਲਈ ਇੱਕ ਮਾੜਾ ਦੌਰ ਕਿਹਾ ਜਾ ਸਕਦਾ ਸੀ ਕਿ ਜਦੋਂ ਔਰਤ ਨੂੰ ਮਰਦ ਨਾਲੋਂ ਨੀਵਾਂ ਜਾਂ ਕਹਿ ਲਵੋ ਕਿ ਮਰਦ ਨਾਲੋਂ ਛੋਟਾ ਦਰਜਾ ਦਿੱਤਾ ਜਾਂਦਾ ਸੀ। ਪ੍ਰੰਤੂ ਅੱਜ ਸਮਾਂ ਬਦਲ ਚੁੱਕਿਆ ਹੈ ਅਤੇ 2020 ਚ ਪਹੁੰਚ ਕੇ ਕੁੜੀਆਂ ਵੱਲੋਂ ਜੋ ਮੁੰਡਿਆਂ ਲਈ ਕੀਤਾ ਜਾ ਰਿਹਾ ਹੈ ਇਹ ਜੱਗ ਜਾਹਰ ਹੋ ਚੁੱਕਿਆ ਹੈ।
ਅਸਲ ਚ ਕੁੜੀਆਂ ਦੀ ਬੁੱਕਤ ਉਸ ਵੇਲੇ ਪਈ ਜਦੋਂ 12 ਪੜ੍ਨ ਤੋਂ ਬਾਅਦ ਆਈਲੈਟਸ ਕਰਕੇ ਮੁੰਡਿਆਂ ਵੱਲੋਂ ਕੁੜੀਆਂ ਨੂੰ ਦਹੇਜ ਦਿੱਤੇ ਜਾਣ ਦੀ ਨਵੀਂ ਪ੍ਰਥਾ ਜਾਨੀ ਕਿ ਉਹਨਾਂ ਦੀਆਂ ਫੀਸਾਂ ਭਰ ਕੇ ਉਹਨਾਂ ਨੂੰ ਕਨੇਡਾ, ਅਮਰੀਕਾ ਭੇਜਣਾ ਸ਼ੁਰੂ ਹੋਇਆ। ਅਸਲ ਚ ਕੁੜੀਆਂ ਨੂੰ ਭੇਜਣ ਦਾ ਕੋਈ ਮਕਸਦ ਕਿਸੇ ਦਾ ਨਹੀਂ ਹੁੰਦਾ, ਬਸ ਇਹ ਤਾਂ ਆਪਣੇ ਮੁੰਡੇ ਦੇ ਰਾਹ ਖੋਲਣ ਵਾਲੀ ਗੱਲ ਹੀ ਹੁੰਦੀ ਹੈ। ਫਿਰ ਜਦੋਂ ਸਮਾਂ ਆਇਆ ਤਾਂ ਇਹ ਕੁੜੀਆਂ ਨੇ ਦੇਸ਼ ਛੱਡ ਕੇ ਵਿਦੇਸ਼ ਪਹੁੰਚਣ ਤੋਂ ਬਾਅਦ ਜਦੋਂ ਮੁੰਡਿਆਂ ਨਾਲ ਉਹੀ ਵਰਤਾਵਾ ਕਰਨਾ ਸ਼ੁਰੂ ਕਰ ਦਿੱਤਾ ਜੋ ਕੁਝ ਸਮਾਂ ਪਹਿਲਾਂ ਕੁੜੀਆਂ ਨਾਲ ਕੀਤੇ ਗਏ ਸਨ ਤਾਂ ਇਸ ਦੇ ਨਤੀਜੇ ਅਤੀ ਮਾੜੇ ਸਾਹਮਣੇ ਆਏ। ਦੇਸੋਂ ਪਰਦੇਸ ਗਈਆਂ ਕੁੜੀਆਂ ਨੇ ਮੁੰਡਿਆਂ ਨੂੰ ਆਪਣੀ ਜੁੱਤੀ ਦੀ ਨੋਕ ਤੇ ਰੱਖਦੇ ਹੋਏ ਖੂਬ ਮਨ ਆਈਆਂ ਕੀਤੀਆਂ।
ਪੰਜਾਬ ਚ ਰੋਜਾਨਾ ਹੀ ਕੁੜੀਆ ਤੋਂ ਦੁਖੀ ਹੋ ਕੇ ਕਦੇ ਤਾਂ ਮੁੰਡਾ ਚਿੱਟਾ ਪੀਣ ਲੱਗ ਜਾਂਦਾ ਅਤੇ ਕਈ ਵਾਰੀ ਇਸ ਦੁਨੀਆਂ ਨੂੰ ਅਲਵਿਦਾ ਕਹਿਣ ਲਈ ਮਜਬੂਰ ਹੋਣ ਜਾਣ ਲੱਗਿਆ। ਜੇਕਰ ਗੱਲ ਕੀਤੀ ਜਾਵੇ ਬੇਟਾ ਪੜਾਓ ਬੇਟਾ ਬਚਾਓ ਦੀ ਤਾਂ ਸਿਰਫ ਪੰਜਾਬ ਚ ਇੱਕ ਏਹੀ ਕਾਰਨ ਨਹੀਂ ਰਿਹਾ ਮੁੰਡਿਆਂ ਨੂੰ ਪੜਾਉਣ ਦਾ ਅਤੇ ਬਚਾਉਣ ਦਾ ਵਾਲੀ ਗੱਲ ਲਿਖਣ ਦਾ। ਅਸਲ ਚ ਸੋਨੇ ਦੀ ਚਿੜੀ ਨੂੰ ਜਦੋਂ ਉਡਦੇ ਪੰਜਾਬ ਦੇ ਨਾਮ ਨਾਲ ਜਾਨਿਆ ਜਾਣ ਲੱਗਿਆ ਤਾਂ ਕਦੀ ਸਰਕਾਰਾਂ ਨੇ, ਕਦੀ ਗਦਾਰਾਂ ਨੇ, ਕਈ ਵਾਰੀ ਤਾਂ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਸਰਦਾਰਾਂ ਨੇ, ਪੰਜਾਬ ਚ ਚਿੱਟੇ ਦਾ ਹੜ ਲਿਆਂਦਾ। ਜਿਸ ਚ ਪੰਜਾਬ ਦੇ ਨੌਜਵਾਨ ਤਾਂ ਗਏ ਹੀ ਨਾਲ ਹੀ ਪੰਜਾਬ ਦੀਆਂ ਕਈ ਮੁਟਿਆਰਾ ਵੀ ਇਹਨਾ ਲਹਿਰਾ ਚ ਵਹਿਣ ਲੱਗੀਆਂ। ਪੰਜਾਬ ਦੇ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਚਿੱਟੇ ਦੇ ਦਰਿਆ ਨੂੰ ਠੱਲ ਪਾਉਣ ਲਈ ਅਤੇ ਨੌਜਵਾਨੀ ਨੂੰ ਬਚਾਉਣ ਲਈ ਸਮੇਂ-ਸਮੇਂ ਤੇ ਪੁਖਤਾ ਪ੍ਰਬੰਧ ਤਾਂ ਕੀਤੇ ਜਾਣ ਲੱਗੇ, ਬਾਵਜੂਦ ਇਸਦੇ ਇਹ ਲਹਿਰਾਂ ਰੋਜਾਨਾ ਹੀ ਆਪਣਾ ਜੋਰ ਦਿਖਾਉਂਦੀਆਂ ਰਹੀਆਂ ਅਤੇ ਰੋਜਾਨਾ ਹੀ ਕੋਈ ਨਾ ਕੋਈ ਵੀਡੀਓ ਕਦੀ ਕਿਸੇ ਨੌਜਵਾਨ ਦੀ ਅਤੇ ਕਦੀ ਕਿਸੇ ਮੁਟਿਆਰ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਰਹੀ। ਪੰਜਾਬ ਦੇ ਨੌਜਵਾਨ ਜੋ ਕਿ ਇਸ ਦਲਦਲ ਚੋਂ ਨਿਕਲਣਾ ਚਾਹੁੰਦੇ ਸਨ ਪਰੰਤੂ ਇਸ ਵਿੱਚ ਬੁਰੀ ਤਰ੍ਹਾਂ ਧੱਸ ਚੁੱਕੇ ਸਨ।
ਨਸ਼ੇ ਦੇ ਪ੍ਰਭਾਵ ਤੋਂ ਨੌਜਵਾਨ ਪੀੜੀ ਦੇ ਮਾਪਿਆਂ ਨੂੰ ਸਿਰਫ ਇੱਕ ਹੀ ਰਸਤਾ ਨਜ਼ਰ ਆ ਰਿਹਾ ਸੀ ਕਿ ਉਹ ਆਪਣੇ ਬੱਚੇ ਨੂੰ ਪੰਜਾਬ ਤੋਂ ਕਿਤੇ ਦੂਰ ਭੇਜ ਦੇਣ। ਜਿਸ ਦੇ ਚਲਦਿਆਂ ਰੋਜਾਨਾ ਹੀ ਕਈ ਜਹਾਜ਼ ਭਰ ਕੇ ਦਿੱਲੀ ਤੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਕਨੇਡਾ, ਅਮਰੀਕਾ, ਇੰਗਲੈਂਡ ਛੂਕਦੇ ਜਾਣ ਲੱਗੇ। ਇੱਕ ਵਾਰ ਮੁੜ ਤੋਂ ਪੰਜਾਬ ਦੀ ਨੌਜਵਾਨੀ ਨੂੰ ਵਿਦੇਸ਼ਾਂ ਤੋਂ ਦੇਸ਼ ਪਰਤਣ ਲਈ ਸਰਕਾਰ ਵੱਲੋਂ ਗੁਹਾਰ ਲਗਾਉਣੀ ਸ਼ੁਰੂ ਕੀਤੀ ਅਤੇ ਕਿਤੇ ਨਾ ਕਿਤੇ ਨੌਕਰੀਆਂ ਦਾ ਵੱਡਾ ਵਾਅਦਾ ਵੀ ਸਰਕਾਰਾਂ ਵੱਲੋਂ ਕੀਤਾ ਜਾਣ ਲੱਗਿਆ। ਪਰ ਚਿੱਟੇ ਵਾਂਗੂ ਵਿਦੇਸ਼ ਦਾ ਨਸ਼ਾ ਵੀ ਪੰਜਾਬ ਛੱਡ ਕੇ ਗਈ ਪੀੜੀ ਦੇ ਹੱਡਾਂ ਨੂੰ ਇਸ ਤਰ੍ਹਾਂ ਲੱਗ ਗਿਆ ਸੀ ਕਿ 90 ਫੀਸਦੀ ਪੰਜਾਬੀਆਂ ਨੇ ਵਿਦੇਸ਼ਾਂ ਚ ਰਹਿਣ ਦਾ ਹੀ ਮਨ ਬਣਾ ਲਿਆ। ਬੱਚਿਆਂ ਦੇ ਮਾਪਿਆਂ ਦੇ ਦਿਮਾਗ ਚ ਇੱਕ ਡਰ ਘਰ ਕਰਨ ਲੱਗਿਆ ਕਿ ਕਿਤੇ ਉਹਨਾਂ ਦਾ ਬੱਚਾ ਵੀ ਕਿਸੇ ਨਸ਼ੇ ਦਾ ਆਦੀ ਨਾ ਹੋ ਜਾਵੇ। ਨਸ਼ੇ ਦੇ ਬਹਾਵ ਨੂੰ ਠੱਲ ਪਾਉਣ ਲਈ ਪ੍ਰਸਿੱਧ ਗਾਇਕਾਂ ਵੱਲੋਂ ਆਪਣੇ ਗੀਤਾ ਰਾਹੀਂ ਕਈ ਨਾਮ ਅਤੇ ਕਈ ਲੋਕਾਂ ਨੂੰ ਜਗ ਅੱਗੇ ਲਿਆਉਣ ਦੀ ਕੋਸ਼ਿਸ਼ ਸ਼ੁਰੂ ਹੋਈ। ਪਰ ਇਸਦੇ ਨਤੀਜੇ ਅਤੀ ਭਿਆਨਕ ਨਿਕਲੇ ਤੇ ਨਸ਼ੇ ਦੇ ਨਾਲ ਪੰਜਾਬ ਚ ਗੈਂਗਸਟਰਵਾਦ ਵੀ ਦਿਸਣ ਲੱਗਾ। ਇਸ ਗੈਂਗਸਟਰ ਵਾਰ ਨੇ ਪੰਜਾਬ ਦਾ ਪੱਖ ਕਰਨ ਵਾਲੇ ਪੰਜਾਬ ਦਾ ਪੱਖ ਰੱਖਣ ਵਾਲੇ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਵੰਗਾਰ ਦੇਣ ਵਾਲੇ ਕਈ ਯੋਧੇ ਵੀ ਜਹਾਨੋ ਪਾਰ ਬੁਲਾ ਦਿੱਤੇ।