ਬਰਨਾਲਾ 11 ਮਈ (ਸੋਨੀ ਗੋਇਲ)
ਹਰਨੇਕ ਸਿੰਘ ਮਹਿਮਾ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ -ਜਗਰਾਜ ਸਿੰਘ ਹਰਦਾਸਪੁਰਾ
ਭਾਜਪਾ ਦੇ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਦੇ ਰੋਡ ਸ਼ੋ ਦਾ ਰਸਤੇ ਵਿੱਚ ਸਵਾਲ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਦੀ ਅਗਵਾਈ ਵਿੱਚ ਇਕੱਤਰ ਹੋਏ ਆਗੂਆਂ ਅਤੇ ਵਰਕਰਾਂ ਨੂੰ ਫਿਰੋਜ਼ਪੁਰ ਵਿੱਚ ਤਿੰਨ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਬੱਸਾਂ ਵਿੱਚ ਬਿਠਾ ਕੇ ਅਣਪਛਾਤੀਆਂ ਥਾਵਾਂ ਤੇ ਭੇਜ ਦਿੱਤਾ ਸੀ। ਜਿਨ੍ਹਾਂ ਨੂੰ ਦੇਰ ਰਾਤ ਰਿਹਾਅ ਕਰ ਦਿੱਤਾ ਗਿਆ ।
ਕਿਸਾਨਾਂ ਨੂੰ ਗੋਲੂਕਾ ਮੋੜ, ਟੀ ਪੁਆਇੰਟ ਖਾਈ ਅਤੇ ਗੁਰੂ ਹਰ ਸਹਾਏ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਦੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੂੰ ਪੁਲਿਸ ਵੱਲੋਂ ਪੁਰਾਣੇ ਕੇਸ ਵਿੱਚ ਗ੍ਰਿਫ਼ਤਾਰ ਕਰਕੇ ਫਿਰੋਜ਼ਪੁਰ ਜੇਲ਼ ਵਿੱਚ ਭੇਜ ਦਿੱਤਾ ਗਿਆ ਹੈ।
ਸੂਬਾ ਕਮੇਟੀ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਦੇ ਪੁਤਲੇ ਸਾੜਨ ਦੇ ਸੱਦੇ ਤਹਿਤ ਸਥਾਨਕ ਕਚਹਿਰੀ ਚੌਂਕ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਦਾ ਅਰਥੀ ਸਾੜੀ ਮੁਜ਼ਾਹਰਾ ਕਰਕੇ ਮੰਗ ਕੀਤੀ ਗਈ ਕਿ ਹਰਨੇਕ ਸਿੰਘ ਮਹਿਮਾ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ।
ਆਗੂਆਂ ਜਗਰਾਜ ਸਿੰਘ ਹਰਦਾਸਪੁਰਾ, ਗੁਰਦੇਵ ਸਿੰਘ ਮਾਂਗੇਵਾਲ, ਨਾਨਕ ਸਿੰਘ ਅਮਲਾ ਸਿੰਘ ਵਾਲਾ ਨੇ ਇਸ ਸਮੇਂ ਕਿਹਾ ਕਿ ਲੋਕ ਸਭਾ ਉਮੀਦਵਾਰਾਂ ਨੂੰ ਸਵਾਲ ਕਰਨਾ ਸੰਵਿਧਾਨਕ ਅਧਿਕਾਰ ਹੈ।
ਹਾਕਮ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ, ਨਹੀਂ ਚਾਹੁੰਦੇ ਕਿ ਲੋਕ ਚੇਤੰਨ ਹੋਕੇ ਸਵਾਲ ਪੁੱਛਣ, ਜਵਾਬ ਦੇਹੀ ਤੈਅ ਕਰਨ।
ਆਗੂਆਂ ਭਾਗ ਸਿੰਘ ਕੁਰੜ, ਵਹਿਗੁਰੂ ਸਿੰਘ ਬਰਨਾਲਾ, ਹਰਪਾਲ ਸਿੰਘ ਹੰਢਿਆਇਆ ਅਤੇ ਹਰਬੰਸ ਸਿੰਘ ਨੇ ਕਿਹਾ ਜੇਕਰ ਹਰਨੇਕ ਸਿੰਘ ਮਹਿਮਾ ਨੂੰ ਜਲਦ ਰਿਹਾਅ ਨਾ ਕੀਤਾ ਤਾਂ ਇਹ ਸੰਘਰਸ਼ ਪੰਜਾਬ ਪੱਧਰ ਤੇ ਫੈਲ ਜਾਵੇਗਾ।
Posted By SonyGoyal