ਹਰੀਸ਼ ਗੋਇਲ, ਬਰਨਾਲਾ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਪੱਧਰੀ ਮੀਟਿੰਗ ਤਰਕਸ਼ੀਲ ਭਵਨ ਬਰਨਾਲਾ ਵਿੱਖੇ ਹੋਈ ਜਿਸਦੀ ਪ੍ਰਧਾਨਗੀ ਕਰਦਿਆਂ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਡੀ ਪੱਧਰ ਤੇ 16 ਫਰਵਰੀ ਦੇ ਪੇਂਡੂ ਭਾਰਤ ਬੰਦ ਵਿੱਚ ਸ਼ਮੂਲੀਅਤ ਕਰੇਗੀ।ਇਸ ਸਮੇਂ ਉਹਨਾਂ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਸੰਯੁਕਤ ਕਿਸਾਨ ਮੋਰਚਾ ਦੀਆਂ ਸਾਰੀਆਂ ਜੱਥੇਬੰਦੀਆਂ,ਹੋਰ ਵਪਾਰਕ ਜੱਥੇਬੰਦੀਆਂ, ਮੁਲਾਜ਼ਮ ਜੱਥੇਬੰਦੀਆਂ ਵੱਡੇ ਪੱਧਰ ਤੇ ਸ਼ਮੂਲੀਅਤ ਕਰ ਰਹੀਆਂ ਹਨ ਜਿਸ ਵਿੱਚ ਰਹਿੰਦਿਆਂ ਮੰਗਾਂ ਲੱਖਮੀਰਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ, ਕਿਸਾਨੀ ਕਰਜ਼ਾ ਮਾਫ਼ੀ, ਫ਼ਸਲ ਬੀਮਾ ਯੋਜਨਾ ਲਾਗੂ ਕਰਵਾਉਣਾ,ਕਿਸਾਨੀ ਪੈਨਸ਼ਨ ਸਕੀਮ, ਕਣਕ ਝੋਨੇ ਵਾਂਗ ਹੋਰ ਫ਼ਸਲਾਂ ਸਬਜ਼ੀਆਂ ਆਦਿ ਤੇ ਐਮ.ਐਸ.ਪੀ. ਦੀ ਗਰੰਟੀ ਕਨੂੰਨ ਆਦਿ ਨੂੰ ਲਾਗੂ ਕਰਵਾਉਣਾ ਹੋਵੇਗਾ।
ਸ੍ਰੀ ਗਿੱਲ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕੀ ਇਸ ਬੰਦ ਨੂੰ ਸਫਲ ਬਣਾਉਣ ਲਈ ਸੰਯੁਕਤ ਮੋਰਚਾ ਦੀਆਂ ਜ਼ਿਲ੍ਹਾ ਪੱਧਰੀ ਮੀਟਿੰਗਾਂ ਦਾ ਦੌਰ 02 ਫਰਵਰੀ ਨੂੰ ਸ਼ੁਰੂ ਹੋਵੇਗਾ।
ਪੰਜਾਬ ਪੱਧਰ ਤੇ ਨਾਲ ਹੀ ਜ਼ਿਲ੍ਹਾ ਪੱਧਰ ਤੇ ਵਪਾਰਕ ਜੱਥੇਬੰਦੀਆਂ, ਮੁਲਾਜ਼ਮ ਜੱਥੇਬੰਦੀਆਂ ਨਾਲ ਤਾਲਮੇਲ ਕਰਕੇ 05 ਫਰਵਰੀ ਨੂੰ ਸਾਂਝੀਆਂ ਮੀਟਿੰਗਾਂ ਹੋਣਗੀਆਂ।
09 ਫਰਵਰੀ ਨੂੰ ਸ਼ਹਿਰਾਂ,ਕਸਬਿਆਂ ਵਿੱਚ ਸਾਂਝੇ ਵੱਡੇ ਮਾਰਚ ਕਰਕੇ ਅਵਾਮ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ 16 ਫਰਵਰੀ ਦੇ ਬੰਦ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ ਜਾਵੇਗੀ।
ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕੀ ਕੇਂਦਰ ਸਰਕਾਰ ਜਾਣਬੁੱਝ ਕੇ ਕਿਸਾਨਾਂ ਦੀ ਆਰਥਿਕ ਹਾਲਤ ਵਿਗਾੜਨ ਵਾਲੀਆਂ ਨੀਤੀਆਂ ਅਪਣਾ ਰਹੀ ਹੈ ਅਤੇ ਕਾਰਪੋਰੇਟ ਸੈਕਟਰ ਨੂੰ ਫਾਇਦਾ ਪਹੁੰਚਾਉਣ ਨੂੰ ਜ਼ੋਰ ਦੇ ਰਹੀ ਹੈ ਤਾਂ ਜੋ ਕਿਸਾਨਾਂ ਦੀਆਂ ਜ਼ਮੀਨਾਂ ਹੜਾਪੀਆਂ ਜਾ ਸੱਕਣ ਜਿਸ ਨੂੰ ਸੰਯੁਕਤ ਮੋਰਚਾ ਕਦੇ ਬਰਦਾਸਤ ਨਹੀਂ ਕਰੇਗਾ।
ਉਹਨਾਂ ਜੱਥੇਬੰਦੀ ਦੀ ਸੂਬਾ ਪੱਧਰੀ ਮੀਟਿੰਗ ਵਿੱਚ 26 ਜਨਵਰੀ ਦੀ ਟਰੈਕਟਰ ਪਰੇਡ ਦੀ ਵੱਖ ਵੱਖ ਜ਼ਿਲ੍ਹਿਆਂ ਤੋਂ ਆਈ ਰੀਵਿਊ ਰਿਪੋਰਟ ਤੇ ਤਸੱਲੀ ਪ੍ਰਗਟਾਈ ਅਤੇ ਦੱਸਿਆ ਕੀ ਇਸ ਟਰੈਕਟਰ ਪਰੇਡ ਵਿੱਚ 16 ਜ਼ਿਲ੍ਹਿਆਂ ਵਿੱਚ ਜੱਥੇਬੰਦੀ ਦੇ 2000 ਦੇ ਲੱਗਭਗ ਟਰੈਕਟਰਾਂ ਨੇ ਪਰੇਡ ਵਿੱਚ ਭਾਗ ਲਿਆ।
ਮੀਟਿੰਗ ਦੌਰਾਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਪਤਨੀ ਦੀ ਹੋਈ ਬੇਵਕਤੀ ਮੌਤ ਤੇ ਸੋਕ ਮਤਾ ਵੀ ਲਿਆਦਾ ਗਿਆ।ਇਸ ਸਮੇਂ ਸੂਬਾ ਖ਼ਜਾਨਚੀ ਰਾਮ ਸਿੰਘ ਮਟੋਰੜਾ,ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਸੂਬਾ ਪ੍ਰੈੱਸ ਸਕੱਤਰ ਇੰਦਰਪਾਲ ਸਿੰਘ,ਬਰਨਾਲੇ ਤੋ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ, ਹਰਚਰਨ ਸਿੰਘ ਖ਼ਜਾਨਚੀ,ਮੇਲਾ ਸਿੰਘ ਖੁੱਡੀ ਕਲਾਂ,ਬਠਿੰਡਾ ਤੋ ਬਲਦੇਵ ਸਿੰਘ ਭਾਈਰੂਪਾ,ਰਾਜ ਮਹਿੰਦਰ ਸਿੰਘ,ਮਾਨਸਾ ਤੋ ਮਹਿੰਦਰ ਸਿੰਘ ਭੈਣੀ ਬਾਘਾ,ਇਕਬਾਲ ਮਾਨਸਾ, ਰਾਜ ਅਕਲੀਆ,ਸੰਗਰੂਰ ਤੋਂ ਕਰਮ ਸਿੰਘ ਬਲਿਆਲ, ਪਟਿਆਲਾ ਤੋਂ ਜਗਮੇਲ ਸਿੰਘ,ਬੰਤ ਸਿੰਘ ਖ਼ਜਾਨਚੀ, ਲੁਧਿਆਣਾ ਤੋ ਮਹਿੰਦਰ ਸਿੰਘ ਕਮਾਲਪੁਰਾ, ਸਤਿਬੀਰ ਸਿੰਘ ਰਾਏ ,ਫਰੀਦਕੋਟ ਤੋ ਸੁਖਦੇਵ ਸਿੰਘ, ਗੁਰਜੀਤ ਸਿੰਘ,ਫਾਜ਼ਿਲਕਾ ਤੋ ਜੋਗਾ ਸਿੰਘ ਭੋਡੀਪੁਰਾ, ਤਰਤਾਰਨ ਤੋ ਨਿਰਪਾਲ ਸਿੰਘ, ਗੁਰਦਾਸਪੁਰ ਤੋ ਗੁਰਵਿੰਦਰ ਸਿੰਘ ਜੀਵਨਚੱਕ, ਦਲਬੀਰ ਸਿੰਘ,ਮੁਕਤਸਰ ਤੋ ਅਮਨਦੀਪ ਸਿੰਘ,ਤੇਜਿੰਦਰ ਸਿੰਘ ਸਮਰਾ,ਗੁਰਭੇਜ ਸਿੰਘ,ਜਗਜੀਤ ਸਿੰਘ ਮੋਹਾਲੀ,ਮਨਜੀਤ ਸਿੰਘ ਕਪੂਰਥਲਾ ਆਦਿ ਜ਼ਿਲ੍ਹਾ ਆਗੂ ਹਾਜਰ ਸਨ।
Posted By SonyGoyal